Home ਪੰਜਾਬ ਡੇਅਰੀ ਫਾਰਮਿੰਗ ਨੂੰ ਵਪਾਰਕ ਲੀਹਾਂ ’ਤੇ ਵਿਕਸਤ ਕਰਨ ਲਈ ਵਿਗਿਆਨਕ ਤਕਨੀਕਾਂ ਅਪਣਾਉਣ...

ਡੇਅਰੀ ਫਾਰਮਿੰਗ ਨੂੰ ਵਪਾਰਕ ਲੀਹਾਂ ’ਤੇ ਵਿਕਸਤ ਕਰਨ ਲਈ ਵਿਗਿਆਨਕ ਤਕਨੀਕਾਂ ਅਪਣਾਉਣ ਦੁੱਧ ਉਤਪਾਦਕ: ਹਰਪ੍ਰੀਤ ਸਿੰਘ

Milk Producer Harpreet Singh Emphasizes Adopting Scientific Techniques to Promote Commercial Dairy Farming and Enhance Milk Production.

0
ਸੁਨਾਮ, 3 ਨਵੰਬਰ, 2026 (ਸ਼ਹੀਦ-ਏ-ਆਜ਼ਮ-ਬਿਊਰੋ ) : ਡੇਅਰੀ ਵਿਕਾਸ ਵਿਭਾਗ, ਪੰਜਾਬ ਵੱਲੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਰਹਿਨੁਮਾਈ ਅਤੇ ਡਾਇਰੈਕਟਰ ਡੇਅਰੀ ਵਿਕਾਸ ਵਰਿਆਮ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹੇ ਦੇ ਦੁੱਧ ਉਤਪਾਦਕਾਂ ਨੂੰ ਡੇਅਰੀ ਫਾਰਮਿੰਗ ਦੀਆਂ ਵਿਗਿਆਨਕ ਤਕਨੀਕਾਂ ਪ੍ਰਤੀ ਜਾਗਰੂਕ ਕਰਨ ਲਈ ਪਿੰਡ ਛਾਜਲੀ, ਬਲਾਕ ਸੁਨਾਮ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ। ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਸੰਗਰੂਰ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਲਗਾਏ ਗਏ ਇਸ ਕੈਂਪ ਵਿੱਚ 70 ਡੇਅਰੀ ਕਿਸਾਨਾਂ ਨੇ ਭਾਗ ਲਿਆ।
ਇਸ ਮੌਕੇ ਹਰਪ੍ਰੀਤ ਸਿੰਘ ਨੇ ਦੁੱਧ ਉਤਪਾਦਕਾਂ ਨੂੰ ਸੰਬੋਧਨ ਕਰਦਿਆਂ ਡੇਅਰੀ ਫਾਰਮਿੰਗ ਨੂੰ ਵਪਾਰਕ ਲੀਹਾਂ ’ਤੇ ਵਿਕਸਤ ਕਰਨ ਅਤੇ ਫਾਰਮ ਦੇ ਸੁਚੱਜੇ ਪ੍ਰਬੰਧਨ ਲਈ ਪਸ਼ੂਆਂ ਦਾ ਨਿਯਮਤ ਰਿਕਾਰਡ ਰੱਖਣ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਪਸ਼ੂਆਂ ਦੀ ਦੁੱਧ ਪੈਦਾਵਾਰ, ਖੁਰਾਕ, ਸਿਹਤ ਅਤੇ ਫਾਰਮ ਦੀ ਆਮਦਨ ਤੇ ਖ਼ਰਚ ਨਾਲ ਸਬੰਧਤ ਵੇਰਵੇ ਦਰਜ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਰਿਕਾਰਡ ਦੇ ਆਧਾਰ ’ਤੇ ਦੁੱਧ ਉਤਪਾਦਕ ਆਪਣੇ ਫਾਰਮ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਕੇ ਪ੍ਰਬੰਧਨ ਵਿੱਚ ਲੋੜੀਂਦੇ ਸੁਧਾਰ ਕਰ ਸਕਦੇ ਹਨ। ਉਨ੍ਹਾਂ ਕਿਸਾਨਾਂ ਨੂੰ ਡੇਅਰੀ ਦੇ ਧੰਦੇ ਵਿੱਚ ਵਿਗਿਆਨਕ ਤਕਨੀਕਾਂ ਅਪਣਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਪਸ਼ੂਆਂ ਦੀ ਸਹੀ ਦੇਖਭਾਲ, ਖੁਰਾਕ ਦਾ ਸੁਚੱਜਾ ਪ੍ਰਬੰਧ ਅਤੇ ਉਤਪਾਦਨ ਲਾਗਤਾਂ ਦਾ ਨਿਯਮਤ ਲੇਖਾ-ਜੋਖਾ ਇਸ ਧੰਦੇ ਨੂੰ ਲਾਹੇਵੰਦ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਕੈਂਪ ਦੌਰਾਨ ਪਸ਼ੂ ਪਾਲਣ ਵਿਭਾਗ ਦੇ ਸੇਵਾਮੁਕਤ ਵੈਟਰਨਰੀ ਇੰਸਪੈਕਟਰ ਅਮਰੀਕ ਸਿੰਘ ਨੇ ਦੁਧਾਰੂ ਪਸ਼ੂਆਂ ਦੀਆਂ ਨਸਲਾਂ ਅਤੇ ਬਿਮਾਰੀਆਂ ਦੀ ਰੋਕਥਾਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਪਸ਼ੂਆਂ ਦੀ ਸਿਹਤ ਸੰਭਾਲ, ਸਾਫ਼-ਸਫ਼ਾਈ ਅਤੇ ਬਿਮਾਰੀ ਦੇ ਲੱਛਣ ਸਾਹਮਣੇ ਆਉਣ ’ਤੇ ਸਮੇਂ ਸਿਰ ਪਸ਼ੂ ਚਿਕਿਤਸਕ ਦੀ ਸਲਾਹ ਲੈਣ ਦੀ ਮਹੱਤਤਾ ਬਾਰੇ ਦੱਸਿਆ।
ਸੇਵਾਮੁਕਤ ਏ.ਡੀ.ਓ. (ਫੀਡ ਐਂਡ ਫੋਡਰ) ਅਜਾਇਬ ਸਿੰਘ ਚਹਿਲ ਨੇ ਦੁੱਧ ਉਤਪਾਦਕਾਂ ਨੂੰ ਸਾਰਾ ਸਾਲ ਹਰੇ ਚਾਰੇ ਦੀ ਉਪਲਬਧਤਾ ਯਕੀਨੀ ਬਣਾਉਣ ਅਤੇ ਪਸ਼ੂਆਂ ਦੀਆਂ ਲੋੜਾਂ ਅਨੁਸਾਰ ਖੁਰਾਕ ਦਾ ਪ੍ਰਬੰਧ ਕਰਨ ਬਾਰੇ ਜਾਗਰੂਕ ਕੀਤਾ। ਉਨ੍ਹਾਂ ਦੱਸਿਆ ਕਿ ਹਰੇ ਚਾਰੇ ਦੀ ਯੋਜਨਾਬੱਧ ਕਾਸ਼ਤ ਅਤੇ ਸੰਤੁਲਿਤ ਪਸ਼ੂ ਖੁਰਾਕ ਡੇਅਰੀ ਫਾਰਮ ਦੇ ਬਿਹਤਰ ਪ੍ਰਬੰਧਨ ਲਈ ਜ਼ਰੂਰੀ ਹਨ। ਡੇਅਰੀ ਵਿਕਾਸ ਇੰਸਪੈਕਟਰ ਦਵਿੰਦਰ ਸਿੰਘ ਨੇ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਦੁੱਧ ਉਤਪਾਦਕਾਂ ਨੂੰ ਵਿਭਾਗੀ ਸਹੂਲਤਾਂ ਤੇ ਤਕਨੀਕੀ ਮਾਰਗਦਰਸ਼ਨ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ। ਕੈਂਪ ਦੇ ਆਯੋਜਨ ਵਿੱਚ ਪਿੰਡ ਦੇ ਲੋਕ ਸੇਵਾ ਕਲੱਬ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ ਮੌਕੇ ਸਰਪੰਚ ਗੁਰਬਿਆਸ ਸਿੰਘ ਨੇ ਪਿੰਡ ਵਿੱਚ ਜਾਗਰੂਕਤਾ ਕੈਂਪ ਲਗਾਉਣ ਲਈ ਡੇਅਰੀ ਵਿਕਾਸ ਵਿਭਾਗ ਅਤੇ ਮਾਹਿਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਦੁੱਧ ਉਤਪਾਦਕਾਂ ਤੱਕ ਲੋੜੀਂਦੀ ਜਾਣਕਾਰੀ ਪਹੁੰਚਾਉਣ ਵਿੱਚ ਸਹਾਈ ਹੁੰਦੇ ਹਨ। ਕੈਂਪ ਵਿੱਚ ਸ਼ਾਮਲ ਦੁੱਧ ਉਤਪਾਦਕਾਂ ਨੂੰ ਡੇਅਰੀ ਫਾਰਮਿੰਗ ਨਾਲ ਸਬੰਧਤ ਜਾਣਕਾਰੀ ਭਰਪੂਰ ਸਾਹਿਤ ਵੀ ਵੰਡਿਆ ਗਿਆ ਅਤੇ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ।

Exit mobile version