Homeਪੰਜਾਬ24 ਜੁਲਾਈ ਤੱਕ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਡਾਟਾ ਅਪਡੇਟ ਕਰਨ ਦੇ...

24 ਜੁਲਾਈ ਤੱਕ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਡਾਟਾ ਅਪਡੇਟ ਕਰਨ ਦੇ ਹੁਕਮ

ਪੰਜਾਬ, 18 ਜੁਲਾਈ 2026 (ਛਤਰਪਾਲ ਸਿੰਘ): ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦੇ ਰਿਕਾਰਡ ਨੂੰ ਹੋਰ ਸਹੀ ਅਤੇ ਅਪਡੇਟ ਬਣਾਉਣ ਲਈ ਸਕੂਲ ਸਿੱਖਿਆ ਵਿਭਾਗ ਨੇ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ। ਇਸ ਤਹਿਤ ਸਾਰੇ ਸਕੂਲ ਮੁਖੀਆਂ ਨੂੰ 24 ਜੁਲਾਈ ਤੱਕ ਐਮ-ਸਟਾਰ (M-Star) ਐਪ ‘ਤੇ ਹਰ ਵਿਦਿਆਰਥੀ ਦੇ ਮਾਪਿਆਂ ਜਾਂ ਸਰਪ੍ਰਸਤਾਂ ਦੇ ਸੰਪਰਕ ਵੇਰਵੇ ਅਤੇ ਰਿਹਾਇਸ਼ੀ ਪਤੇ ਦੀ ਪੁਸ਼ਟੀ ਕਰਕੇ ਅਪਡੇਟ ਕਰਨ ਲਈ ਕਿਹਾ ਗਿਆ ਹੈ।

ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ (ਐਸਸੀਈਆਰਟੀ), ਪੰਜਾਬ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਹਰ ਵਿਦਿਆਰਥੀ ਨਾਲ ਸਬੰਧਤ ਉਪਲਬਧ ਦੋਵੇਂ ਮਾਪਿਆਂ ਜਾਂ ਸਰਪ੍ਰਸਤਾਂ ਦੇ ਮੋਬਾਈਲ ਨੰਬਰਾਂ ਦੀ ਤਸਦੀਕ ਕਰਨੀ ਲਾਜ਼ਮੀ ਹੋਵੇਗੀ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਇਹ ਕਾਰਜ ਨਿਰਧਾਰਤ ਸਮਾਂ-ਸੀਮਾ ਅੰਦਰ ਹਰ ਹਾਲਤ ਵਿੱਚ ਪੂਰਾ ਕੀਤਾ ਜਾਵੇ।

ਇਸ ਦੇ ਨਾਲ ਹੀ ਸਾਰੇ ਸਰਕਾਰੀ ਸਕੂਲਾਂ ਲਈ ਘੱਟੋ-ਘੱਟ ਇੱਕ ਅਧਿਕਾਰਤ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਸਰਗਰਮ ਰਹਿਣਾ ਵੀ ਲਾਜ਼ਮੀ ਕਰ ਦਿੱਤਾ ਗਿਆ ਹੈ। ਸਕੂਲ ਐਕਸ (ਪਹਿਲਾਂ ਟਵਿੱਟਰ), ਫੇਸਬੁੱਕ ਜਾਂ ਇੰਸਟਾਗ੍ਰਾਮ ਵਿੱਚੋਂ ਕਿਸੇ ਇੱਕ ਪਲੇਟਫਾਰਮ ‘ਤੇ ਆਪਣਾ ਅਧਿਕਾਰਤ ਖਾਤਾ ਚਲਾਉਣਗੇ।

ਜਿਨ੍ਹਾਂ ਸਕੂਲਾਂ ਕੋਲ ਪਹਿਲਾਂ ਹੀ ਸੋਸ਼ਲ ਮੀਡੀਆ ਖਾਤੇ ਹਨ, ਉਨ੍ਹਾਂ ਨੂੰ ਨਿਰਧਾਰਤ ਵੈੱਬ ਫਾਰਮ ਰਾਹੀਂ ਉਸ ਦੀ ਜਾਣਕਾਰੀ ਭੇਜਣ ਲਈ ਕਿਹਾ ਗਿਆ ਹੈ। ਜਿਨ੍ਹਾਂ ਸਕੂਲਾਂ ਨੇ ਹਾਲੇ ਤੱਕ ਕੋਈ ਅਧਿਕਾਰਤ ਖਾਤਾ ਨਹੀਂ ਬਣਾਇਆ, ਉਨ੍ਹਾਂ ਨੂੰ 20 ਜੁਲਾਈ ਤੱਕ ਖਾਤਾ ਤਿਆਰ ਕਰਕੇ ਉਸ ਦਾ ਵੇਰਵਾ ਵਿਭਾਗ ਨੂੰ ਭੇਜਣਾ ਹੋਵੇਗਾ।

ਵਿਭਾਗ ਨੇ ਇਹ ਵੀ ਨਿਰਦੇਸ਼ ਦਿੱਤੇ ਹਨ ਕਿ ਸਕੂਲ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਖਾਤਿਆਂ ਰਾਹੀਂ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ, ਅਧਿਆਪਕਾਂ ਦੇ ਵਿਸ਼ੇਸ਼ ਕਾਰਜ, ਨਵੀਨਤਾਕਾਰੀ ਗਤੀਵਿਧੀਆਂ, ਸਕੂਲ ਪ੍ਰਬੰਧਨ ਕਮੇਟੀ ਦੀਆਂ ਪਹਿਲਕਦਮੀਆਂ ਅਤੇ ਹੋਰ ਮਹੱਤਵਪੂਰਨ ਸਮਾਗਮਾਂ ਬਾਰੇ ਨਿਯਮਿਤ ਜਾਣਕਾਰੀ ਸਾਂਝੀ ਕਰਨ।

ਡਾਇਰੈਕਟਰ ਜਨਰਲ ਸਕੂਲ ਸਿੱਖਿਆ, ਪੰਜਾਬ ਐਮ.ਕੇ. ਅਰਵਿੰਦ ਕੁਮਾਰ ਵੱਲੋਂ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਜਾਰੀ ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਉਹ ਆਪਣੇ ਅਧੀਨ ਆਉਂਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਇਨ੍ਹਾਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਅਤੇ ਨਿਰਧਾਰਤ ਸਮੇਂ ਅੰਦਰ ਸਾਰੀ ਪ੍ਰਕਿਰਿਆ ਪੂਰੀ ਕਰਵਾਉਣ।

RELATED ARTICLES
- Advertisment -
Google search engine
Google search engine
Google search engine

Most Popular

Recent Comments