ਨਵੀਂ ਦਿੱਲੀ, 25 ਅਗਸਤ, 2026 (ਕਾਜਲ) : ਪਿਆਜ਼ ਦੀਆਂ ਵਧ ਰਹੀਆਂ ਕੀਮਤਾਂ ’ਤੇ ਕਾਬੂ ਪਾਉਣ ਅਤੇ ਬਾਜ਼ਾਰ ਵਿੱਚ ਸਪਲਾਈ ਵਧਾਉਣ ਲਈ ਕੇਂਦਰ ਸਰਕਾਰ ਨੇ ਮਹਾਰਾਸ਼ਟਰ ਤੋਂ ਵਿਸ਼ੇਸ਼ ਰੇਲਵੇ ਰੈਕ ‘ਕਾਂਦਾ ਐਕਸਪ੍ਰੈਸ’ ਰਵਾਨਾ ਕੀਤੀ ਹੈ। ਇਸ ਰਾਹੀਂ ਲਗਭਗ 2,200 ਟਨ ਪਿਆਜ਼ ਦਿੱਲੀ ਪਹੁੰਚਾਇਆ ਜਾਵੇਗਾ। ਸਰਕਾਰ ਵੱਲੋਂ ਦਿੱਲੀ-ਐਨਸੀਆਰ ਸਮੇਤ ਚੇਨਈ, ਕੋਲਕਾਤਾ ਅਤੇ ਗੁਵਾਹਾਟੀ ਵਿੱਚ ਬੁੱਧਵਾਰ ਤੋਂ ਪਿਆਜ਼ ਦੀ ਵਿਕਰੀ 35 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਦਰ ਨਾਲ ਸ਼ੁਰੂ ਕਰਨ ਦੀ ਯੋਜਨਾ ਹੈ। ਪਿਆਜ਼ ਦੀ ਵਿਕਰੀ ਪਹਿਲਾਂ ਦੀ ਤਰ੍ਹਾਂ ਨੈਫੇਡ, ਐਨਸੀਸੀਐਫ, ਸਟਾਲਾਂ ਅਤੇ ਮੋਬਾਈਲ ਵਾਹਨਾਂ ਰਾਹੀਂ ਕੀਤੀ ਜਾਵੇਗੀ।
ਉਪਭੋਗਤਾ ਮਾਮਲਿਆਂ ਦੇ ਮੰਤਰਾਲੇ ਦੀ ਸਕੱਤਰ ਨਿਧੀ ਖਰੇ ਮੁਤਾਬਕ ‘ਕਾਂਦਾ ਐਕਸਪ੍ਰੈਸ’ ਰਾਹੀਂ ਵੱਡੀ ਮਾਤਰਾ ਵਿੱਚ ਸਪਲਾਈ ਆਉਣ ਨਾਲ ਬਾਜ਼ਾਰ ਵਿੱਚ ਪਿਆਜ਼ ਦੀ ਉਪਲਬਧਤਾ ਵਧੇਗੀ ਅਤੇ ਪ੍ਰਚੂਨ ਕੀਮਤਾਂ ਹੇਠਾਂ ਆਉਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਇੱਕ ਵੈਗਨ ਵਿੱਚ ਲਗਭਗ 40 ਟਰੱਕਾਂ ਦੇ ਬਰਾਬਰ ਪਿਆਜ਼ ਲਿਆਂਦਾ ਜਾ ਰਿਹਾ ਹੈ। ਸਰਕਾਰ ਨੇ ਇਹ ਵੀ ਕਿਹਾ ਹੈ ਕਿ ਦੇਸ਼ ਵਿੱਚ ਪਿਆਜ਼ ਦੀ ਕਥਿਤ ਨਕਲੀ ਘਾਟ ’ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਮੌਜੂਦਾ ਸਟਾਕ ਤਿਉਹਾਰੀ ਸੀਜ਼ਨ ਦੀ ਮੰਗ ਪੂਰੀ ਕਰਨ ਲਈ ਕਾਫ਼ੀ ਹੈ। ਦੇਸ਼ ਵਿੱਚ ਹਰ ਰੋਜ਼ ਔਸਤਨ 45 ਹਜ਼ਾਰ ਟਨ ਪਿਆਜ਼ ਦੀ ਖਪਤ ਹੁੰਦੀ ਹੈ, ਜਦਕਿ ਸਾਲਾਨਾ ਖਪਤ ਲਗਭਗ 1.6 ਤੋਂ 1.7 ਕਰੋੜ ਟਨ ਦੇ ਵਿਚਕਾਰ ਰਹਿੰਦੀ ਹੈ।







