Home ਹਰਿਆਣਾ ਪ੍ਰਭੂ ਸ੍ਰੀ ਰਾਮ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਅੱਗੇ ਵਧਣਾ ਚਾਹੀਦਾ...

ਪ੍ਰਭੂ ਸ੍ਰੀ ਰਾਮ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਅੱਗੇ ਵਧਣਾ ਚਾਹੀਦਾ ਹੈ: ਮੁੱਖ ਮੰਤਰੀ ਨਾਇਬ ਸਿੰਘ ਸੈਣੀ

Ambala to get a grand Shri Ram Temple modelled on Ayodhya’s Ram Janmabhoomi Temple; CM Nayab Singh Saini announces ₹51 lakh contribution.

0

ਅਯੁੱਧਿਆ ਦੇ ਰਾਮ ਜਨਮਭੂਮੀ ਮੰਦਰ ਦੀ ਤਰਜ਼ ’ਤੇ ਅੰਬਾਲਾ ਵਿੱਚ ਬਣੇਗਾ ਵਿਸ਼ਾਲ ਸ੍ਰੀ ਰਾਮ ਮੰਦਰ; ਮੁੱਖ ਮੰਤਰੀ ਵੱਲੋਂ 51 ਲੱਖ ਰੁਪਏ ਦੇਣ ਦਾ ਐਲਾਨ

ਅੰਬਾਲਾ, 22 ਨਵੰਬਰ 2026 (ਸੰਜੀਵ ਸ਼ਰਮਾ): ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮਾਂ ਅੰਬਾ ਦੀ ਪਵਿੱਤਰ ਧਰਤੀ ’ਤੇ ਆਸਥਾ ਦਾ ਇੱਕ ਨਵਾਂ ਅਧਿਆਏ ਲਿਖਿਆ ਜਾ ਰਿਹਾ ਹੈ। ਅੰਬਾਲਾ ਵਿੱਚ ਬਣਨ ਵਾਲਾ ਸ੍ਰੀ ਰਾਮ ਮੰਦਰ ਕੋਈ ਆਮ ਮੰਦਰ ਨਹੀਂ ਹੋਵੇਗਾ, ਸਗੋਂ ਇਸ ਦਾ ਨਿਰਮਾਣ ਅਯੁੱਧਿਆ ਦੇ ਵਿਸ਼ਾਲ ਸ੍ਰੀ ਰਾਮ ਜਨਮਭੂਮੀ ਮੰਦਰ ਦੀ ਤਰਜ਼ ’ਤੇ ਕੀਤਾ ਜਾਵੇਗਾ। ਮੰਦਰ ਦਾ ਨਿਰਮਾਣ ਮੁਕੰਮਲ ਹੋਣ ਤੋਂ ਬਾਅਦ ਇੱਥੇ ਆਉਣ ਵਾਲੇ ਹਰ ਸ਼ਰਧਾਲੂ ਨੂੰ ਅਯੁੱਧਿਆ ਵਰਗਾ ਆਧਿਆਤਮਿਕ ਮਾਹੌਲ ਅਤੇ ਰਾਮਲਲਾ ਦੇ ਦਰਸ਼ਨਾਂ ਵਰਗੀ ਅਨੁਭੂਤੀ ਹੋਵੇਗੀ। ਮੁੱਖ ਮੰਤਰੀ ਸ਼ਨੀਵਾਰ ਨੂੰ ਅੰਬਾਲਾ ਸ਼ਹਿਰ ਸਥਿਤ ਭਗਵਾਨ ਸ੍ਰੀ ਰਾਮ ਮੰਦਰ ਦੇ ਵਿਹੜੇ ਵਿੱਚ ਆਯੋਜਿਤ ਭੂਮੀ ਪੂਜਨ ਅਤੇ ਨੀਂਹ ਪੱਥਰ ਸਮਾਗਮ ਵਿੱਚ ਸ਼ਾਮਲ ਹੋਏ। ਇਸ ਮੌਕੇ ਜੂਨਾ ਪੀਠਾਧੀਸ਼ਵਰ ਆਚਾਰੀਆ ਸ੍ਰੀ ਅਵਧੇਸ਼ਾਨੰਦ ਜੀ ਮਹਾਰਾਜ ਦੀ ਹਾਜ਼ਰੀ ਵਿੱਚ ਵੈਦਿਕ ਮੰਤਰਾਂ ਦੇ ਉਚਾਰਨ ਨਾਲ ਭੂਮੀ ਪੂਜਨ ਕੀਤਾ ਗਿਆ। ਮੁੱਖ ਮੰਤਰੀ ਨੇ ਮੰਦਰ ਦੇ ਨਿਰਮਾਣ ਲਈ 51 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।

ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪੂਜਨੀਕ ਆਚਾਰੀਆ ਸ੍ਰੀ ਅਵਧੇਸ਼ਾਨੰਦ ਜੀ ਮਹਾਰਾਜ ਦੇ ਆਸ਼ੀਰਵਾਦ ਨਾਲ ਇਸ ਸਮਾਗਮ ਦੀ ਮਹੱਤਤਾ ਹੋਰ ਵਧ ਗਈ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿਸੇ ਦਾ ਧਨ, ਕਿਸੇ ਦੀ ਮਿਹਨਤ ਅਤੇ ਕਿਸੇ ਦੀ ਨਿਸ਼ਕਾਮ ਸੇਵਾ ਇਕੱਠੇ ਹੁੰਦੇ ਹਨ, ਤਾਂ ਹੀ ਅਜਿਹੇ ਪੁੰਨ ਦੇ ਕਾਰਜ ਸਾਕਾਰ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਸੁਭਾਗ ਦੀ ਗੱਲ ਹੈ ਕਿ ਅਸੀਂ ਆਪਣੀਆਂ ਅੱਖਾਂ ਸਾਹਮਣੇ ਅਯੁੱਧਿਆ ਵਿੱਚ ਰਾਮਲਲਾ ਦੇ ਮੰਦਰ ਦਾ ਨਿਰਮਾਣ ਹੁੰਦਾ ਦੇਖਿਆ ਹੈ। ਇਸ ਲਈ ਅਣਗਿਣਤ ਰਾਮ ਭਗਤਾਂ ਨੇ ਸੰਘਰਸ਼ ਕੀਤਾ ਅਤੇ ਕਈਆਂ ਨੇ ਆਪਣਾ ਜੀਵਨ ਇਸ ਸੰਕਲਪ ਨੂੰ ਸਮਰਪਿਤ ਕਰ ਦਿੱਤਾ। ਮੁੱਖ ਮੰਤਰੀ ਨੇ ਉਨ੍ਹਾਂ ਸਾਰੇ ਸ਼ਰਧਾਲੂਆਂ ਦੀ ਤਪੱਸਿਆ, ਤਿਆਗ ਅਤੇ ਕੁਰਬਾਨੀ ਨੂੰ ਨਮਨ ਕੀਤਾ।

ਉਨ੍ਹਾਂ ਕਿਹਾ ਕਿ ਰਾਮ ਮੰਦਰ ਦੇ ਨਿਰਮਾਣ ਦੌਰਾਨ ਦੇਸ਼ ਦੇ ਘਰ-ਘਰ ਵਿੱਚ ਦੀਵੇ ਜਗਾਏ ਗਏ, ਪਿੰਡ-ਪਿੰਡ ਭਜਨ ਗੂੰਜੇ ਅਤੇ ਹਰ ਪਾਸੇ ਰਾਮ ਨਾਮ ਦੀ ਗੂੰਜ ਸੁਣਾਈ ਦਿੱਤੀ। ਪਿਛਲੇ ਸਾਲ 25 ਨਵੰਬਰ ਨੂੰ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਯੁੱਧਿਆ ਵਿੱਚ ਭਗਵਾਨ ਸ੍ਰੀ ਰਾਮ ਮੰਦਰ ਦੇ ਸ਼ਿਖਰ ’ਤੇ ਧਰਮ ਧਵਜ ਲਹਿਰਾਇਆ, ਤਾਂ ਪੂਰੀ ਦੁਨੀਆ ਨੇ ਭਾਰਤ ਦੀ ਅਟੁੱਟ ਆਸਥਾ ਦੇ ਦਰਸ਼ਨ ਕੀਤੇ। ਭਗਵਾਨ ਸ੍ਰੀ ਰਾਮ ਸਿਰਫ਼ ਅਯੁੱਧਿਆ ਤੱਕ ਸੀਮਤ ਨਹੀਂ, ਸਗੋਂ ਉਹ ਕਣ-ਕਣ ਅਤੇ ਹਰ ਸ਼ਰਧਾਲੂ ਦੇ ਹਿਰਦੇ ਵਿੱਚ ਵੱਸਦੇ ਹਨ। ਅਯੁੱਧਿਆ ਦੇ ਸ਼ਾਨਦਾਰ ਮੰਦਰ ਤੋਂ ਪ੍ਰੇਰਣਾ ਲੈ ਕੇ ਹੀ ਅੱਜ ਅੰਬਾਲਾ ਵਿੱਚ ਇਸ ਮੰਦਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸਾਨੂੰ ਭਗਵਾਨ ਸ੍ਰੀ ਰਾਮ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਆਪਣੇ ਜੀਵਨ ਵਿੱਚ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਨੇ ਅਜਿਹੇ ਇਤਿਹਾਸਕ ਕੰਮ ਕਰਕੇ ਦਿਖਾਏ ਹਨ, ਜਿਨ੍ਹਾਂ ਦੀ ਪਹਿਲਾਂ ਕਿਸੇ ਸਰਕਾਰ ਨੇ ਕਲਪਨਾ ਵੀ ਨਹੀਂ ਕੀਤੀ ਸੀ। ਕਿਸ ਨੇ ਸੋਚਿਆ ਸੀ ਕਿ ਅਯੁੱਧਿਆ ਵਿੱਚ ਵਿਸ਼ਾਲ ਰਾਮ ਮੰਦਰ ਬਣੇਗਾ, ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਹਟਾਈ ਜਾਵੇਗੀ, ਤਿੰਨ ਤਲਾਕ ਵਰਗੀ ਕੁਰੀਤੀ ਤੋਂ ਮੁਕਤੀ ਮਿਲੇਗੀ ਅਤੇ ਨਕਸਲਵਾਦ ਨੂੰ ਜੜ੍ਹੋਂ ਖ਼ਤਮ ਕਰਨ ਵੱਲ ਵੱਡੇ ਕਦਮ ਚੁੱਕੇ ਜਾਣਗੇ। ਉਨ੍ਹਾਂ ਅਨੁਸਾਰ ਇਹ ਸਭ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਸੰਭਵ ਹੋਇਆ ਹੈ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਖੇ ਗਏ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਪਵੇਗਾ। ਮੁੱਖ ਮੰਤਰੀ ਨੇ ਮੰਦਰ ਦੇ ਨਿਰਮਾਣ ਲਈ ਜ਼ਮੀਨ ਮੁਹੱਈਆ ਕਰਵਾਉਣ ਵਾਸਤੇ ਦੀਵਾਨ ਮੰਗਤ ਰਾਏ ਰਾਮਾ ਮੈਮੋਰੀਅਲ ਟਰੱਸਟ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਭਗਵਾਨ ਸ੍ਰੀ ਰਾਮ ਅੱਗੇ ਅਰਦਾਸ ਕੀਤੀ ਕਿ ਮੰਦਰ ਦਾ ਨਿਰਮਾਣ ਕਾਰਜ ਬਿਨਾਂ ਕਿਸੇ ਰੁਕਾਵਟ ਦੇ ਪੂਰਾ ਹੋਵੇ। ਉਨ੍ਹਾਂ ਕਿਹਾ ਕਿ ਅੰਬਾਲਾ ਦਾ ਇਹ ਵਿਸ਼ਾਲ ਮੰਦਰ ਆਉਣ ਵਾਲੀਆਂ ਪੀੜ੍ਹੀਆਂ ਲਈ ਆਸਥਾ, ਸੰਸਕਾਰ ਅਤੇ ਸੇਵਾ ਦਾ ਕੇਂਦਰ ਬਣੇਗਾ।

ਇਸ ਮੌਕੇ ਜੂਨਾ ਪੀਠਾਧੀਸ਼ਵਰ ਆਚਾਰੀਆ ਸ੍ਰੀ ਅਵਧੇਸ਼ਾਨੰਦ ਜੀ ਮਹਾਰਾਜ ਨੇ ਮੁੱਖ ਮੰਤਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਾਇਬ ਸਿੰਘ ਸੈਣੀ ਨਿਮਰ, ਸੁਹਿਰਦ ਅਤੇ ਕਰਮਸ਼ੀਲ ਸ਼ਖ਼ਸੀਅਤ ਦੇ ਮਾਲਕ ਹਨ। ਉਹ ਆਪਣੇ ਟੀਚੇ ਪ੍ਰਤੀ ਹਮੇਸ਼ਾ ਵਚਨਬੱਧ ਰਹਿੰਦੇ ਹਨ। ਉਨ੍ਹਾਂ ਸਮਾਗਮ ਵਿੱਚ ਮੌਜੂਦ ਸਾਰੀਆਂ ਸੰਗਤਾਂ ਨੂੰ ਵਿਸ਼ਾਲ ਰਾਮ ਮੰਦਰ ਦੇ ਨੀਂਹ ਪੱਥਰ ਦੀ ਵਧਾਈ ਦਿੱਤੀ। ਇਸ ਮੌਕੇ ਦੀਵਾਨ ਮੰਗਤ ਰਾਏ ਰਾਮਾ ਮੈਮੋਰੀਅਲ ਚੈਰੀਟੇਬਲ ਟਰੱਸਟ ਦੇ ਮੁੱਖ ਸਰਪ੍ਰਸਤ ਪਵਨ ਜਿੰਦਲ ਨੇ ਮੁੱਖ ਮੰਤਰੀ ਦਾ ਸਮਾਗਮ ਵਿੱਚ ਪਹੁੰਚਣ ’ਤੇ ਸਵਾਗਤ ਕੀਤਾ। ਸਮਾਗਮ ਵਿੱਚ ਸਾਬਕਾ ਰਾਜ ਮੰਤਰੀ ਅਸੀਮ ਗੋਇਲ, ਟਰੱਸਟ ਦੇ ਪ੍ਰਧਾਨ ਨਰੇਸ਼ ਅਗਰਵਾਲ, ਮੇਅਰ ਅਕਸ਼ਿਤਾ ਸੈਣੀ, ਹਰਿਆਣਾ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਕਮਿਸ਼ਨ ਦੀ ਚੇਅਰਪਰਸਨ ਬੰਤੋ ਕਟਾਰੀਆ ਸਮੇਤ ਸੰਸਥਾ ਦੇ ਹੋਰ ਪਤਵੰਤੇ ਅਤੇ ਮਹਿਮਾਨ ਹਾਜ਼ਰ ਸਨ।

 

Exit mobile version