ਪੰਚਕੂਲਾ, 18 ਨਵੰਬਰ 2026 (ਸੰਜੀਵ ਸ਼ਰਮਾ): ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਗੋਪਾਸ਼ਟਮੀ ਦੇ ਪਵਿੱਤਰ ਮੌਕੇ ’ਤੇ ਮੋਰਨੀ ਤੋਂ ‘ਮਾਟੀ ਵੰਦਨ ਅਭਿਆਨ’ ਅਤੇ ‘ਨਮੋ ਮੋਰਨੀ ਮਿਸ਼ਨ’ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਨੇ ਮੋਰਨੀ ਨੂੰ ਦੇਸ਼ ਦਾ ਆਦਰਸ਼ ਜੈਵਿਕ ਅਤੇ ਕੁਦਰਤੀ ਖੇਤੀਬਾੜੀ ਬਲਾਕ ਬਣਾਉਣ ਦੇ ਉਦੇਸ਼ ਨਾਲ ਇਲਾਕੇ ਦੇ ਕਿਸਾਨਾਂ ਲਈ ਕਈ ਅਹਿਮ ਐਲਾਨ ਕੀਤੇ। ਮੁੱਖ ਮੰਤਰੀ ਨੇ ਕਿਹਾ ਕਿ ਮੋਰਨੀ ਦੇ ਕਿਸਾਨਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਇੱਕੋ ਛੱਤ ਹੇਠ ਕਰਨ ਲਈ ਵਿਸ਼ੇਸ਼ ਹੈਲਪਲਾਈਨ ਨੰਬਰ 01733-297010 ਸ਼ੁਰੂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਮੋਰਨੀ ਵਿੱਚ ਖੇਤੀਬਾੜੀ, ਬਾਗਬਾਨੀ ਅਤੇ ਭੂਮੀ ਤੇ ਜਲ ਸੰਭਾਲ ਵਿਭਾਗਾਂ ਦਾ ਸਾਂਝਾ ਦਫ਼ਤਰ ਸਥਾਪਿਤ ਕੀਤਾ ਜਾਵੇਗਾ। ਉਦੋਂ ਤੱਕ ਤਿੰਨਾਂ ਵਿਭਾਗਾਂ ਦੇ ਅਧਿਕਾਰੀ ਨਮੋ ਭਵਨ (ਪਹਿਲਾਂ ਗੈਟੀ ਭਵਨ) ਵਿੱਚ ਬੈਠਣਗੇ।

ਬਾਅਦ ਵਿੱਚ ਇਸ ਇਮਾਰਤ ਨੂੰ ਖੇਤੀਬਾੜੀ ਵਿਭਾਗ ਦੇ ਹਵਾਲੇ ਕਰਕੇ ਜੈਵਿਕ ਅਤੇ ਕੁਦਰਤੀ ਖੇਤੀ ਸਿਖਲਾਈ ਕੇਂਦਰ ਵਜੋਂ ਵਿਕਸਤ ਕੀਤਾ ਜਾਵੇਗਾ। ਇੱਥੇ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਸਿਖਲਾਈ ਦਿੱਤੀ ਜਾਵੇਗੀ ਅਤੇ ਜੈਵਿਕ ਖਾਦ, ਬੀਜ ਤੇ ਦਵਾਈਆਂ ਵੀ ਉਪਲਬਧ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਤਿੰਨਾਂ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਜ਼ਿੰਮੇਵਾਰੀਆਂ ਤੈਅ ਕੀਤੀਆਂ ਜਾਣਗੀਆਂ ਅਤੇ ਉਨ੍ਹਾਂ ਦੀ ਮੋਰਨੀ ਵਿੱਚ ਤਾਇਨਾਤੀ ਯਕੀਨੀ ਬਣਾਈ ਜਾਵੇਗੀ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਮੰਗਲਵਾਰ ਨੂੰ ਸਰਕਾਰੀ ਪੌਲੀਟੈਕਨਿਕ ਕਾਲਜ, ਮੋਰਨੀ, ਪੰਚਕੂਲਾ ਵਿਖੇ ਦੋ ਰੋਜ਼ਾ ਰਾਜ ਪੱਧਰੀ ਕੁਦਰਤੀ ਅਤੇ ਜੈਵਿਕ ਖੇਤੀ ਕਿਸਾਨ ਮੇਲੇ ਦਾ ਉਦਘਾਟਨ ਕਰਨ ਉਪਰੰਤ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਨੇ ‘ਮਾਟੀ ਵੰਦਨ ਪਖਵਾੜੇ’ ਦੀ ਵੀ ਸ਼ੁਰੂਆਤ ਕੀਤੀ ਅਤੇ ਇਸ ਦਾ ਪੋਸਟਰ ਜਾਰੀ ਕੀਤਾ। ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਅਤੇ ਕਾਲਕਾ ਦੀ ਵਿਧਾਇਕਾ ਸ੍ਰੀਮਤੀ ਸ਼ਕਤੀ ਰਾਣੀ ਸ਼ਰਮਾ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।
2029 ਤੱਕ ਮੋਰਨੀ ਨੂੰ ਸਿੱਕਮ ਦੀ ਤਰਜ਼ ’ਤੇ ਜੈਵਿਕ ਖੇਤੀ ਦਾ ਆਦਰਸ਼ ਬਲਾਕ ਬਣਾਉਣ ਦਾ ਟੀਚਾ
ਮੁੱਖ ਮੰਤਰੀ ਨੇ ‘ਨਮੋ ਮੋਰਨੀ ਮਿਸ਼ਨ’ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਮਿਸ਼ਨ ਤਹਿਤ ਸਾਲ 2029 ਤੱਕ ਮੋਰਨੀ ਨੂੰ ਸਿੱਕਮ ਦੀ ਤਰਜ਼ ’ਤੇ ਦੇਸ਼ ਦਾ ਆਦਰਸ਼ ਜੈਵਿਕ ਖੇਤੀਬਾੜੀ ਬਲਾਕ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ। ਇਸ ਤਹਿਤ ਕਿਸਾਨਾਂ ਨੂੰ ਪ੍ਰਤੀ ਬਿੱਘਾ ਦੇ ਆਧਾਰ ’ਤੇ ਸਹੂਲਤਾਂ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਜੰਗਲਾਤ ਵਿਭਾਗ ਦੀ ਵਾਟਿਕਾ ਵਿੱਚ ਜੈਵਿਕ ਖੇਤੀ ਦਾ ਪ੍ਰਦਰਸ਼ਨ ਕੀਤਾ ਜਾਵੇਗਾ, ਜਿੱਥੇ ਕਿਸਾਨਾਂ ਦੇ ਨਾਲ-ਨਾਲ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀ ਵੀ ਕੁਦਰਤੀ ਖੇਤੀ ਦੇ ਤਰੀਕਿਆਂ ਬਾਰੇ ਸਿੱਖ ਸਕਣਗੇ। ਇਸ ਤੋਂ ਇਲਾਵਾ ਮਿੱਟੀ ਦੀ ਜਾਂਚ, ਬਾਇਓ ਲੈਬ, ਪੋਸ਼ਣ ਜਾਂਚ ਅਤੇ ਕੀਟਨਾਸ਼ਕਾਂ ਦੀ ਰਹਿੰਦ-ਖੂੰਹਦ ਦੀ ਜਾਂਚ ਲਈ ਚਾਰ ਆਧੁਨਿਕ ਪ੍ਰਯੋਗਸ਼ਾਲਾਵਾਂ ਸਥਾਪਿਤ ਕੀਤੀਆਂ ਜਾਣਗੀਆਂ। ਇਹ ਪ੍ਰਯੋਗਸ਼ਾਲਾਵਾਂ ਮਿੱਟੀ ਸਿਹਤ ਕਾਰਡ ਯੋਜਨਾ ਨੂੰ ਵੀ ਹੋਰ ਮਜ਼ਬੂਤ ਕਰਨਗੀਆਂ।
ਡ੍ਰਿੱਪ ਸਿੰਚਾਈ ’ਤੇ 85 ਫ਼ੀਸਦੀ ਅਤੇ ਛੋਟੇ ਖੇਤੀ ਸੰਦਾਂ ’ਤੇ 75 ਫ਼ੀਸਦੀ ਸਬਸਿਡੀ
ਮੁੱਖ ਮੰਤਰੀ ਨੇ ਦੱਸਿਆ ਕਿ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ‘ਪਰ ਡ੍ਰੌਪ ਮੋਰ ਕ੍ਰੌਪ’ ਅਤੇ ਸੂਬਾ ਸਰਕਾਰ ਦੇ ਸਹਿਯੋਗ ਨਾਲ ਮਿਕਾਡਾ ਵੱਲੋਂ ਡ੍ਰਿੱਪ ਸਿੰਚਾਈ ਪ੍ਰਣਾਲੀ ’ਤੇ 85 ਫ਼ੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ। ਭੂਮੀ ਸੰਭਾਲ ਸ਼ਾਖਾ ਵੱਲੋਂ ਰਿਟੇਨਿੰਗ ਵਾਲ, ਚੈੱਕ ਡੈਮ ਅਤੇ ਛੋਟੇ ਤਲਾਬ ਬਣਾਏ ਜਾ ਰਹੇ ਹਨ। ਉਨ੍ਹਾਂ ਨੇ ਪਹਾੜੀ ਅਤੇ ਦੁਰਗਮ ਇਲਾਕੇ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਛੋਟੇ ਖੇਤੀਬਾੜੀ ਸੰਦਾਂ ਦੀ ਖਰੀਦ ’ਤੇ 75 ਫ਼ੀਸਦੀ ਸਬਸਿਡੀ ਦੇਣ ਦਾ ਵੀ ਐਲਾਨ ਕੀਤਾ।
ਮੋਰਨੀ ਦੇ ਉਤਪਾਦਾਂ ਨੂੰ ਮਿਲੇਗੀ ਆਪਣੀ ਪਛਾਣ, ‘ਮੋਰਨੀ ਆਰਗੈਨਿਕ ਫਰੈਸ਼’ ਬ੍ਰਾਂਡ ਹੇਠ ਹੋਵੇਗੀ ਵਿਕਰੀ
ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਹੁਣ ਉਪਜ ਵੀ ਮੋਰਨੀ ਦੀ ਹੋਵੇਗੀ, ਬ੍ਰਾਂਡ ਵੀ ਮੋਰਨੀ ਦਾ ਹੋਵੇਗਾ ਅਤੇ ਮੰਡੀ ਵੀ ਮੋਰਨੀ ਵਿੱਚ ਹੀ ਹੋਵੇਗੀ। ਜੈਵਿਕ ਅਤੇ ਕੁਦਰਤੀ ਖੇਤੀ ਉਤਪਾਦਾਂ ਦੀ ਖਰੀਦ ਲਈ ਹੈਫੈੱਡ ਨੂੰ ਨੋਡਲ ਏਜੰਸੀ ਬਣਾਇਆ ਜਾਵੇਗਾ। ਇਹ ਉਤਪਾਦ ‘ਮੋਰਨੀ ਆਰਗੈਨਿਕ ਫਰੈਸ਼’ ਬ੍ਰਾਂਡ ਦੇ ਨਾਂ ਹੇਠ ਬਾਜ਼ਾਰ ਵਿੱਚ ਵੇਚੇ ਜਾਣਗੇ। ਆਨਲਾਈਨ ਵਿਕਰੀ ਲਈ ਇੱਕ ਵਿਸ਼ੇਸ਼ ਐਪ ਤਿਆਰ ਕੀਤੀ ਜਾਵੇਗੀ ਅਤੇ ਹਰਿਆਣਾ ਰਾਜ ਖੇਤੀਬਾੜੀ ਮਾਰਕੀਟਿੰਗ ਬੋਰਡ ਵੱਲੋਂ ਮੋਰਨੀ ਵਿੱਚ ਹੀ ਜੈਵਿਕ ਉਤਪਾਦਾਂ ਦੀ ਮੰਡੀ ਵਿਕਸਤ ਕੀਤੀ ਜਾਵੇਗੀ।
ਤਿੰਨ ਸਾਲਾਂ ਵਿੱਚ 5,600 ਏਕੜ ਜ਼ਮੀਨ ’ਤੇ ਜੈਵਿਕ ਖੇਤੀ ਵਿਕਸਤ ਕਰਨ ਦਾ ਟੀਚਾ
ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਪੂਰੇ ਮੋਰਨੀ ਬਲਾਕ ਨੂੰ ਜੈਵਿਕ ਖੇਤੀਬਾੜੀ ਬਲਾਕ ਵਜੋਂ ਵਿਕਸਤ ਕੀਤਾ ਜਾਵੇਗਾ। ਅਗਲੇ ਤਿੰਨ ਸਾਲਾਂ ਵਿੱਚ ਮੋਰਨੀ ਬਲਾਕ ਦੀ ਲਗਭਗ 5,600 ਏਕੜ ਜ਼ਮੀਨ ਨੂੰ 60:40 ਦੇ ਅਨੁਪਾਤ ਵਿੱਚ ਵਿਕਸਤ ਕੀਤਾ ਜਾਵੇਗਾ। ਇਸ ਵਿੱਚ 3,360 ਏਕੜ ਜ਼ਮੀਨ ਖੇਤੀਬਾੜੀ ਅਤੇ 2,240 ਏਕੜ ਜ਼ਮੀਨ ਬਾਗਬਾਨੀ ਲਈ ਰੱਖੀ ਜਾਵੇਗੀ। ਉਨ੍ਹਾਂ ਦੱਸਿਆ ਕਿ ਰਾਸ਼ਟਰੀ ਕੁਦਰਤੀ ਖੇਤੀ ਮਿਸ਼ਨ ਤਹਿਤ ਕਮਿਊਨਿਟੀ ਰਿਸੋਰਸ ਪਰਸਨ ਨੂੰ 5,000 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਂਦੇ ਹਨ। ਉਨ੍ਹਾਂ ਨੇ ਮੋਰਨੀ ਬਲਾਕ ਵਿੱਚ 5,000 ਰੁਪਏ ਵਾਧੂ ਦੇਣ ਦਾ ਐਲਾਨ ਕੀਤਾ, ਜਿਸ ਨਾਲ ਉਨ੍ਹਾਂ ਨੂੰ ਹੁਣ ਕੁੱਲ 10,000 ਰੁਪਏ ਪ੍ਰਤੀ ਮਹੀਨਾ ਮਿਲਣਗੇ। ਉਨ੍ਹਾਂ ਕਿਹਾ ਕਿ ਮੋਰਨੀ ਵਿੱਚ ਲਗਾਏ ਗਏ ਕਿਸਾਨ ਮੇਲੇ ਦੌਰਾਨ ਕਿਸਾਨਾਂ ਨੂੰ ਕਣਕ ਅਤੇ ਸਬਜ਼ੀਆਂ ਦੇ ਬੀਜ, ਜੈਵਿਕ ਖਾਦ ਅਤੇ ਸਬਜ਼ੀਆਂ ਦੀਆਂ ਪਨੀਰੀਆਂ ਮੁਫ਼ਤ ਵੰਡੀਆਂ ਜਾਣਗੀਆਂ।
ਕਿਸਾਨਾਂ ਨੂੰ ਮੰਡੀ ਜਾਣ ਦੀ ਲੋੜ ਨਹੀਂ ਪਵੇਗੀ, ਬਾਜ਼ਾਰ ਘਰ ਤੱਕ ਪਹੁੰਚੇਗਾ
ਮੁੱਖ ਮੰਤਰੀ ਨੇ ਕਿਹਾ ਕਿ ਹੁਣ ਮੋਰਨੀ ਦਾ ਕਿਸਾਨ ਸਿਰਫ਼ ਫ਼ਸਲ ਹੀ ਨਹੀਂ ਉਗਾਏਗਾ, ਸਗੋਂ ਆਪਣਾ ਬ੍ਰਾਂਡ ਵੀ ਤਿਆਰ ਕਰੇਗਾ। ਕਿਸਾਨਾਂ ਨੂੰ ਆਪਣੀ ਉਪਜ ਵੇਚਣ ਲਈ ਮੰਡੀਆਂ ਵਿੱਚ ਜਾਣ ਦੀ ਲੋੜ ਨਹੀਂ ਪਵੇਗੀ, ਬਲਕਿ ਬਾਜ਼ਾਰ ਉਨ੍ਹਾਂ ਦੇ ਦਰਵਾਜ਼ੇ ਤੱਕ ਪਹੁੰਚੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮੁੱਖ ਉਦੇਸ਼ ਕਿਸਾਨਾਂ ਦੀ ਆਮਦਨ ਵਧਾਉਣਾ, ਮਿੱਟੀ ਦੀ ਸਿਹਤ ਵਿੱਚ ਸੁਧਾਰ ਕਰਨਾ, ਲੋਕਾਂ ਨੂੰ ਸ਼ੁੱਧ ਭੋਜਨ ਮੁਹੱਈਆ ਕਰਵਾਉਣਾ ਅਤੇ ਮੋਰਨੀ ਦੇ ਨੌਜਵਾਨਾਂ ਲਈ ਸਥਾਨਕ ਪੱਧਰ ’ਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਹੈ। ਕਿਸਾਨਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੁਦਰਤੀ ਖੇਤੀ ਨਾਲ ਖੇਤੀਬਾੜੀ ਦੀ ਲਾਗਤ ਘਟਦੀ ਹੈ, ਜ਼ਮੀਨ ਦੀ ਉਪਜਾਊ ਸ਼ਕਤੀ ਲੰਬੇ ਸਮੇਂ ਤੱਕ ਬਰਕਰਾਰ ਰਹਿੰਦੀ ਹੈ ਅਤੇ ਉਪਜ ਦੇ ਬਿਹਤਰ ਭਾਅ ਮਿਲਣ ਦੀ ਸੰਭਾਵਨਾ ਵਧਦੀ ਹੈ। ਉਨ੍ਹਾਂ ਕਿਸਾਨਾਂ ਨੂੰ ਇਸ ਮਿਸ਼ਨ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਅਤੇ ਇਸ ਨੂੰ ਆਪਣਾ ਮਿਸ਼ਨ ਬਣਾਉਣ ਦੀ ਅਪੀਲ ਕੀਤੀ।
ਮੋਰਨੀ ਦੇ ਕਿਸਾਨ ਆਲੂ ਦੀ ਪਨੀਰੀ ਤਿਆਰ ਕਰਕੇ ਦੂਜੇ ਸੂਬਿਆਂ ਵਿੱਚ ਵੀ ਭੇਜ ਰਹੇ ਹਨ
ਮੁੱਖ ਮੰਤਰੀ ਨੇ ਕਿਹਾ ਕਿ ਕੁਦਰਤੀ ਅਤੇ ਜੈਵਿਕ ਖੇਤੀ ਦੇ ਇਸ ਸਫ਼ਰ ਵਿੱਚ ਮੋਰਨੀ ਸਭ ਤੋਂ ਅੱਗੇ ਰਹੇਗਾ। ਜਿਸ ਤਰ੍ਹਾਂ ਸਿੱਕਮ ਨੇ ਦੇਸ਼ ਨੂੰ ਰਾਹ ਦਿਖਾਇਆ ਹੈ, ਉਸੇ ਤਰ੍ਹਾਂ ਮੋਰਨੀ ਵੀ ਦੇਸ਼ ਲਈ ਆਦਰਸ਼ ਜੈਵਿਕ ਅਤੇ ਕੁਦਰਤੀ ਖੇਤੀਬਾੜੀ ਬਲਾਕ ਬਣੇਗਾ। ਉਨ੍ਹਾਂ ਦੱਸਿਆ ਕਿ ਇੱਥੋਂ ਦੇ ਕਿਸਾਨ ਅੰਤਰਰਾਸ਼ਟਰੀ ਆਲੂ ਕੇਂਦਰ ਦੀ ਹਰਿਆਣਾ ਇਕਾਈ ਨਾਲ ਮਿਲ ਕੇ ਐਪੀਕਲ ਰੂਟ ਕਟਿੰਗ ਤਕਨੀਕ ਰਾਹੀਂ ਆਲੂ ਦੀ ਪਨੀਰੀ ਤਿਆਰ ਕਰ ਰਹੇ ਹਨ। ਇਸ ਕੰਮ ਲਈ ਪੌਲੀਹਾਊਸ ਲਗਾਉਣ ਵਾਸਤੇ ਕੁੱਲ ਲਾਗਤ ਦਾ 70 ਫ਼ੀਸਦੀ ਅਨੁਦਾਨ ਦਿੱਤਾ ਜਾਂਦਾ ਹੈ, ਜਦਕਿ ਬਾਕੀ 30 ਫ਼ੀਸਦੀ ਖਰਚ ਕਿਸਾਨ ਖ਼ੁਦ ਕਰਦੇ ਹਨ। ਉਨ੍ਹਾਂ ਦੱਸਿਆ ਕਿ ਮੋਰਨੀ ਵਿੱਚ ਹੁਣ ਤੱਕ 15 ਪੌਲੀਹਾਊਸ ਸਥਾਪਿਤ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚ ਹਰ ਸਾਲ 15 ਤੋਂ 20 ਲੱਖ ਆਲੂ ਦੀਆਂ ਪਨੀਰੀਆਂ ਤਿਆਰ ਕੀਤੀਆਂ ਜਾਂਦੀਆਂ ਹਨ। ਇਹ ਪਨੀਰੀਆਂ ਸਿਰਫ਼ ਹਰਿਆਣਾ ਹੀ ਨਹੀਂ, ਸਗੋਂ ਦੂਜੇ ਸੂਬਿਆਂ ਦੇ ਕਿਸਾਨਾਂ ਤੱਕ ਵੀ ਪਹੁੰਚ ਰਹੀਆਂ ਹਨ। ਇਸ ਨਾਲ ਮੋਰਨੀ ਦੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋ ਰਿਹਾ ਹੈ। ਮੁੱਖ ਮੰਤਰੀ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਧਰਤੀ ਨੂੰ ਰਸਾਇਣਕ ਜ਼ਹਿਰਾਂ ਤੋਂ ਮੁਕਤ ਕਰਨ, ਕੁਦਰਤੀ ਅਤੇ ਜੈਵਿਕ ਖੇਤੀ ਅਪਣਾਉਣ, ਸਾਲ 2029 ਤੱਕ ਮੋਰਨੀ ਨੂੰ ਦੇਸ਼ ਭਰ ਵਿੱਚ ਇੱਕ ਆਦਰਸ਼ ਮਾਡਲ ਵਜੋਂ ਪਛਾਣ ਦਿਵਾਉਣ ਅਤੇ ਵਿਜ਼ਨ-2035 ਤਹਿਤ ਹਰਿਆਣਾ ਨੂੰ ਕੁਦਰਤੀ ਖੇਤੀ ਦੇ ਖੇਤਰ ਵਿੱਚ ਮੋਹਰੀ ਬਣਾਉਣ ਦਾ ਸੰਕਲਪ ਲੈਣ।
‘ਮਾਟੀ ਵੰਦਨ ਪਖਵਾੜੇ’ ਤਹਿਤ ਸੂਬੇ ਭਰ ਵਿੱਚ ਹੋਣਗੇ 15 ਵਿਸ਼ੇਸ਼ ਪ੍ਰੋਗਰਾਮ
ਮੁੱਖ ਮੰਤਰੀ ਨੇ ਕਿਹਾ ਕਿ ਅੱਜ ਤੋਂ ਹਰਿਆਣਾ ਵਿੱਚ ‘ਸਿਹਤਮੰਦ ਮਿੱਟੀ – ਖੁਸ਼ਹਾਲ ਕਿਸਾਨ ਅਤੇ ਸੁਰੱਖਿਅਤ ਭਵਿੱਖ, ਸਿਹਤਮੰਦ ਰਾਸ਼ਟਰ’ ਦੇ ਮੁੱਖ ਨਾਅਰੇ ਨਾਲ ‘ਮਾਟੀ ਵੰਦਨ ਪਖਵਾੜੇ’ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਪੰਦਰਵਾੜੇ ਦੌਰਾਨ ਸੂਬੇ ਭਰ ਵਿੱਚ 15 ਵਿਸ਼ੇਸ਼ ਪ੍ਰੋਗਰਾਮ ਕਰਵਾਏ ਜਾਣਗੇ, ਜਿਨ੍ਹਾਂ ਵਿੱਚ ਕਿਸਾਨਾਂ, ਡਾਕਟਰਾਂ, ਨੌਜਵਾਨਾਂ, ਵਪਾਰੀਆਂ, ਜਾਗਰੂਕ ਨਾਗਰਿਕਾਂ ਅਤੇ ਖੇਤੀਬਾੜੀ ਵਿਗਿਆਨੀਆਂ ਦੀ ਸ਼ਮੂਲੀਅਤ ਹੋਵੇਗੀ। ਇਸ ਮੁਹਿੰਮ ਨੂੰ ਸਿਰਫ਼ ਸਰਕਾਰੀ ਯੋਜਨਾ ਤੱਕ ਸੀਮਤ ਰੱਖਣ ਦੀ ਬਜਾਏ ਲੋਕ ਲਹਿਰ ਬਣਾਉਣ ਦਾ ਟੀਚਾ ਹੈ। 5 ਦਸੰਬਰ ਨੂੰ ਵਿਸ਼ਵ ਮਿੱਟੀ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਕਰਵਾਇਆ ਜਾਵੇਗਾ, ਜਿਸ ਵਿੱਚ ਸਿੱਕਮ ਸਮੇਤ ਹੋਰ ਸੂਬਿਆਂ ਦੇ ਖੇਤੀਬਾੜੀ ਵਿਗਿਆਨੀ ਆਪਣੇ ਤਜਰਬੇ ਅਤੇ ਮਾਡਲ ਸਾਂਝੇ ਕਰਨਗੇ।
ਹਰਿਆਣਾ ਵਿੱਚ 2 ਲੱਖ ਕਿਸਾਨਾਂ ਨੇ ਕੁਦਰਤੀ ਖੇਤੀ ਲਈ ਕਰਵਾਈ ਰਜਿਸਟ੍ਰੇਸ਼ਨ
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਜ਼ਨ-2035 ਤਹਿਤ ‘ਹਰੀ ਕ੍ਰਾਂਤੀ 2.0’ ਦੇ ਸੰਕਲਪ ਨਾਲ ਅੱਗੇ ਵਧ ਰਿਹਾ ਹੈ। ਇਸੇ ਸੋਚ ਤਹਿਤ ਸਾਲ 2022 ਵਿੱਚ ਕੁਦਰਤੀ ਖੇਤੀ ਯੋਜਨਾ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਹੁਣ ਤੱਕ ਲਗਭਗ 2 ਲੱਖ ਕਿਸਾਨ ਕਰੀਬ 3 ਲੱਖ ਏਕੜ ਜ਼ਮੀਨ ਦੀ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ ਅਤੇ ਲਗਭਗ 24 ਹਜ਼ਾਰ ਕਿਸਾਨ 44 ਹਜ਼ਾਰ ਏਕੜ ਤੋਂ ਵੱਧ ਜ਼ਮੀਨ ’ਤੇ ਕੁਦਰਤੀ ਖੇਤੀ ਅਪਣਾ ਚੁੱਕੇ ਹਨ। ਸਰਕਾਰ ਦਾ ਟੀਚਾ ਸਾਲ 2030-31 ਤੱਕ ਡੇਢ ਲੱਖ ਏਕੜ ਜ਼ਮੀਨ ’ਤੇ ਅਸਲ ਰੂਪ ਵਿੱਚ ਕੁਦਰਤੀ ਅਤੇ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਗੁਰੁਕੁਲ ਕੁਰੂਕਸ਼ੇਤਰ, ਹੈਮਟੀ ਜੀਂਦ, ਮਾਂਗੇਆਣਾ ਸਿਰਸਾ ਅਤੇ ਘਰੌਂਡਾ ਕਰਨਾਲ ਵਿੱਚ ਸਿਖਲਾਈ ਕੇਂਦਰ ਸਥਾਪਿਤ ਕੀਤੇ ਗਏ ਹਨ। ਗੁਰੁਕੁਲ ਵਿੱਚ ਰਾਜ ਸਲਾਹਕਾਰ ਵੀ ਨਿਯੁਕਤ ਕੀਤਾ ਗਿਆ ਹੈ। ਹੁਣ ਤੱਕ 13,300 ਭਾਗੀਦਾਰਾਂ ਅਤੇ 6,234 ਸਰਪੰਚਾਂ ਨੂੰ ਕੁਦਰਤੀ ਖੇਤੀ ਸਬੰਧੀ ਸਿਖਲਾਈ ਦਿੱਤੀ ਜਾ ਚੁੱਕੀ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸਵੈ-ਸਹਾਇਤਾ ਸਮੂਹਾਂ, ਕਿਸਾਨ ਉਤਪਾਦਕ ਸੰਗਠਨਾਂ (ਐੱਫ.ਪੀ.ਓ.) ਅਤੇ ਕਿਸਾਨਾਂ ਵੱਲੋਂ ਲਗਾਈ ਗਈ ਕੁਦਰਤੀ ਖੇਤੀ ਉਤਪਾਦਾਂ ਦੀ ਪ੍ਰਦਰਸ਼ਨੀ ਦਾ ਦੌਰਾ ਕੀਤਾ ਅਤੇ ਉੱਥੇ ਪ੍ਰਦਰਸ਼ਿਤ ਉਤਪਾਦਾਂ ਵਿੱਚ ਡੂੰਘੀ ਦਿਲਚਸਪੀ ਦਿਖਾਈ।
ਖੇਤੀਬਾੜੀ ਮੰਤਰੀ ਅਤੇ ਵਿਧਾਇਕਾ ਨੇ ਵੀ ਕੀਤੇ ਸੰਬੋਧਨ
ਇਸ ਮੌਕੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਦੇਸ਼ ਵਿੱਚ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਦੀ ਸ਼ੁਰੂਆਤ ਕੀਤੀ ਹੈ, ਜਿਸ ਨੂੰ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਹਰਿਆਣਾ ਵਿੱਚ ਅੱਗੇ ਵਧਾ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਾਲ 2047 ਤੱਕ ਵਿਕਸਤ ਭਾਰਤ ਬਣਾਉਣ ਦਾ ਵਿਜ਼ਨ ਰੱਖਿਆ ਹੈ। ਇਸ ਤਹਿਤ ਸਾਲ 2047 ਤੱਕ ਦੇਸ਼ ਦੀ ਕੁੱਲ ਖੇਤੀਯੋਗ ਜ਼ਮੀਨ ਦਾ 20 ਫ਼ੀਸਦੀ ਹਿੱਸਾ ਕੁਦਰਤੀ ਖੇਤੀ ਅਧੀਨ ਲਿਆਉਣ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕੁਦਰਤੀ ਖੇਤੀ ਲਈ ਅਨੁਕੂਲ ਮਾਹੌਲ ਤਿਆਰ ਹੋ ਰਿਹਾ ਹੈ ਅਤੇ ਕਿਸਾਨ ਇਸ ਦਿਸ਼ਾ ਵਿੱਚ ਤੇਜ਼ੀ ਨਾਲ ਅੱਗੇ ਵਧ ਰਹੇ ਹਨ। ਕਾਲਕਾ ਦੀ ਵਿਧਾਇਕਾ ਸ੍ਰੀਮਤੀ ਸ਼ਕਤੀ ਰਾਣੀ ਸ਼ਰਮਾ ਨੇ ਮੋਰਨੀ ਬਲਾਕ ਨੂੰ ਹਰਿਆਣਾ ਦਾ ਪਹਿਲਾ ਕੁਦਰਤੀ ਅਤੇ ਜੈਵਿਕ ਖੇਤੀ ਮਾਡਲ ਬਲਾਕ ਬਣਾਉਣ ਲਈ ਚੁਣਨ ਵਾਸਤੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਇਲਾਕੇ ਦੇ ਕਿਸਾਨਾਂ, ਕੁਦਰਤੀ ਖੇਤੀ ਨਾਲ ਜੁੜੇ ਲੋਕਾਂ ਅਤੇ ਸਮੁੱਚੇ ਮੋਰਨੀ ਖੇਤਰ ਦੇ ਵਸਨੀਕਾਂ ਲਈ ਮਾਣ ਅਤੇ ਸਨਮਾਨ ਵਾਲੀ ਗੱਲ ਹੈ।
ਉਨ੍ਹਾਂ ਕਿਹਾ ਕਿ ਮੋਰਨੀ ਨੂੰ ਕੁਦਰਤੀ ਖੇਤੀ ਦੇ ਮਾਡਲ ਬਲਾਕ ਵਜੋਂ ਵਿਕਸਤ ਕਰਨ ਦੀ ਇਹ ਪਹਿਲ ਸਿਰਫ਼ ਖੇਤੀਬਾੜੀ ਤੱਕ ਸੀਮਤ ਨਹੀਂ ਹੈ, ਸਗੋਂ ਇਹ ਇਲਾਕੇ ਦੇ ਕਿਸਾਨਾਂ ਦੇ ਭਵਿੱਖ ਅਤੇ ਪੇਂਡੂ ਅਰਥਵਿਵਸਥਾ ਨੂੰ ਨਵੀਂ ਦਿਸ਼ਾ ਦੇਣ ਦਾ ਮਹੱਤਵਪੂਰਨ ਉਪਰਾਲਾ ਹੈ।ਇਸ ਮੌਕੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਵਿਜੇਂਦਰ ਕੁਮਾਰ, ਚੇਅਰਮੈਨ ਸ੍ਰੀ ਮੋਹਨ ਲਾਲ ਬੜੌਲੀ, ਮੇਅਰ ਸ੍ਰੀ ਸ਼ਿਆਮ ਲਾਲ ਬੰਸਲ, ਹਰਿਆਣਾ ਸ਼ਿਵਾਲਿਕ ਵਿਕਾਸ ਬੋਰਡ ਦੇ ਕਾਰਜਕਾਰੀ ਉਪ ਚੇਅਰਮੈਨ ਸ੍ਰੀ ਓਮ ਪ੍ਰਕਾਸ਼ ਦੇਵੀਨਗਰ, ਵਿਧਾਨ ਸਭਾ ਦੇ ਸਾਬਕਾ ਸਪੀਕਰ ਸ੍ਰੀ ਗਿਆਨ ਚੰਦ ਗੁਪਤਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਅਜੈ ਮਿੱਤਲ, ਚੌਧਰੀ ਚਰਨ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਦੇ ਉਪ ਕੁਲਪਤੀ ਡਾ. ਬੀ.ਆਰ. ਕੰਬੋਜ, ਮਹਾਰਾਣਾ ਪ੍ਰਤਾਪ ਬਾਗਬਾਨੀ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਸੁਰੇਸ਼ ਕੁਮਾਰ, ਓ.ਐੱਸ.ਡੀ. ਸ੍ਰੀ ਵੀਰੇਂਦਰ ਸਿੰਘ ਬੜਖਾਲਸਾ ਅਤੇ ਸ੍ਰੀ ਭਾਰਤ ਭੂਸ਼ਣ ਭਾਰਤੀ, ਡਿਪਟੀ ਕਮਿਸ਼ਨਰ ਸ੍ਰੀ ਸਤਪਾਲ ਸ਼ਰਮਾ ਸਮੇਤ ਖੇਤੀਬਾੜੀ ਵਿਭਾਗ ਦੇ ਅਧਿਕਾਰੀ, ਵਿਗਿਆਨੀ, ਕਿਸਾਨ ਅਤੇ ਹੋਰ ਪਤਵੰਤੇ ਹਾਜ਼ਰ ਸਨ।