ਚੰਡੀਗੜ੍ਹ, 28 ਅਕਤੂਬਰ, 2026 (ਸੰਜੀਵ ਸ਼ਰਮਾ): ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਨੇ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਅਜਿਹੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਉਸੇ ਅਹੁਦੇ ਅਤੇ ਉਸੇ ਸਟੇਸ਼ਨ ’ਤੇ ਤਾਇਨਾਤ ਨਾ ਰੱਖਿਆ ਜਾਵੇ, ਜਿਨ੍ਹਾਂ ਨੂੰ ਰਾਜ ਵਿਜੀਲੈਂਸ ਅਤੇ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਵੱਲੋਂ ਰੰਗੇ ਹੱਥੀਂ ਫੜਿਆ ਗਿਆ ਹੈ ਅਤੇ ਜੋ ਜ਼ਮਾਨਤ ’ਤੇ ਰਿਹਾਅ ਹਨ। ਵਿਜੀਲੈਂਸ ਵਿਭਾਗ ਵੱਲੋਂ ਜਾਰੀ ਕੀਤੇ ਗਏ ਇੱਕ ਪੱਤਰ ਅਨੁਸਾਰ, ਅਜਿਹੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਤਬਾਦਲਾ ਸਬੰਧਤ ਅਧਿਕਾਰ ਖੇਤਰ ਤੋਂ ਦੂਰ ਕਿਸੇ ਹੋਰ ਸਟੇਸ਼ਨ ’ਤੇ ਕੀਤਾ ਜਾਵੇਗਾ। ਜਿੱਥੋਂ ਤੱਕ ਸੰਭਵ ਹੋਵੇ, ਉਨ੍ਹਾਂ ਨੂੰ ਨੇੜਲੇ ਸਰਹੱਦੀ ਜ਼ਿਲ੍ਹਿਆਂ ਤੋਂ ਵੀ ਬਾਹਰ ਤਾਇਨਾਤ ਕੀਤਾ ਜਾਵੇਗਾ, ਤਾਂ ਜੋ ਸ਼ਿਕਾਇਤਕਰਤਾਵਾਂ ਅਤੇ ਗਵਾਹਾਂ ’ਤੇ ਕਿਸੇ ਵੀ ਤਰ੍ਹਾਂ ਦਾ ਅਣਉਚਿਤ ਪ੍ਰਭਾਵ ਨਾ ਪਵੇ ਅਤੇ ਮੁਕੱਦਮੇ ਦੀ ਸੁਣਵਾਈ ਨਿਰਪੱਖ ਢੰਗ ਨਾਲ ਹੋ ਸਕੇ। ਜ਼ਿਲ੍ਹਾ ਕੈਡਰ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਮਾਮਲੇ ਵਿੱਚ ਉਨ੍ਹਾਂ ਦਾ ਤਬਾਦਲਾ ਉਸੇ ਜ਼ਿਲ੍ਹੇ ਦੇ ਅੰਦਰ ਕਿਸੇ ਹੋਰ ਦੂਰ-ਦੁਰਾਡੇ ਸਟੇਸ਼ਨ ’ਤੇ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਸਰਕਾਰ ਦੇ ਧਿਆਨ ਵਿੱਚ ਆਇਆ ਹੈ ਕਿ ਟਰੈਪ ਮਾਮਲਿਆਂ ਵਿੱਚ ਰੰਗੇ ਹੱਥੀਂ ਫੜੇ ਜਾਣ ਅਤੇ ਜ਼ਮਾਨਤ ’ਤੇ ਰਿਹਾਅ ਹੋਣ ਤੋਂ ਬਾਅਦ ਵੀ ਸਬੰਧਤ ਅਧਿਕਾਰੀ ਅਤੇ ਕਰਮਚਾਰੀ ਉਸੇ ਸਟੇਸ਼ਨ ’ਤੇ ਤਾਇਨਾਤ ਰਹਿੰਦੇ ਹਨ, ਜਿੱਥੇ ਉਨ੍ਹਾਂ ਦੇ ਮਾਮਲਿਆਂ ਦੀ ਸੁਣਵਾਈ ਚੱਲ ਰਹੀ ਹੁੰਦੀ ਹੈ। ਇਸ ਕਾਰਨ ਸ਼ਿਕਾਇਤਕਰਤਾਵਾਂ ਅਤੇ ਇਸਤਗਾਸਾ ਪੱਖ ਦੇ ਗਵਾਹਾਂ ਨੂੰ ਪ੍ਰਭਾਵਿਤ ਕਰਨ, ਡਰਾਉਣ ਜਾਂ ਉਨ੍ਹਾਂ ’ਤੇ ਦਬਾਅ ਪਾਉਣ ਦੀ ਸੰਭਾਵਨਾ ਬਣੀ ਰਹਿੰਦੀ ਹੈ, ਜਿਸ ਨਾਲ ਨਿਆਂਇਕ ਕਾਰਵਾਈ ਦੀ ਨਿਰਪੱਖਤਾ ਪ੍ਰਭਾਵਿਤ ਹੋ ਸਕਦੀ ਹੈ।






