HomeLifestyleਅਕਲਟ ਵਿਦਿਆ ਇਕ ਵਿਗਿਆਨ, ਜਾਂ ਮਨੁੱਖੀ ਸੋਚ ਦਾ ਸ਼ੈਤਾਨ.

ਅਕਲਟ ਵਿਦਿਆ ਇਕ ਵਿਗਿਆਨ, ਜਾਂ ਮਨੁੱਖੀ ਸੋਚ ਦਾ ਸ਼ੈਤਾਨ.

Exploring whether occult sciences represent a form of knowledge or reflect the darker side of human thought and belief.

ਮਨੁੱਖ ਨੇ ਜਦੋਂ ਤੋਂ ਆਪਣੇ ਆਲੇ-ਦੁਆਲੇ ਦੀ ਦੁਨੀਆ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ, ਉਦੋਂ ਤੋਂ ਹੀ ਇੱਕ ਸਵਾਲ ਉਸਦੇ ਨਾਲ ਚੱਲਦਾ ਆਇਆ ਹੈਜੋ ਕੁਝ ਅਸੀਂ ਜਾਣਦੇ ਹਾਂ, ਕੀ ਉਹੀ ਸੱਚ ਹੈ ਜਾਂ ਇਸ ਦਿੱਖ ਰਹੀ ਦੁਨੀਆ ਦੇ ਪਿੱਛੇ ਵੀ ਕੋਈ ਅਦਿੱਖ ਤਾਕਤ, ਗੁਪਤ ਗਿਆਨ ਜਾਂ ਅਣਜਾਣ ਵਿਵਸਥਾ ਕੰਮ ਕਰ ਰਹੀ ਹੈ? ਇਸੇ ਸਵਾਲ ਵਿਚੋਂ ਜੋਤਿਸ਼, ਅੰਕ-ਵਿਗਿਆਨ, ਹਸਤਰੇਖਾ, ਤਾਸ਼-ਪੱਤਿਆਂ ਰਾਹੀਂ ਭਵਿੱਖਬਾਣੀ, ਗ੍ਰਹਿ-ਨਕਸ਼ਤਰਾਂ ਦੇ ਪ੍ਰਭਾਵ ਅਤੇ ਵੱਖ-ਵੱਖ ਊਰਜਾ-ਆਧਾਰਿਤ ਧਾਰਾਵਾਂ ਵਰਗੀਆਂ ਪ੍ਰਥਾਵਾਂ ਨੇ ਜਨਮ ਲਿਆ। ਇਨ੍ਹਾਂ ਨੂੰ ਆਮ ਤੌਰ ’ਤੇ ਗੁਪਤ ਜਾਂ ਰਹੱਸਮਈ ਵਿਦਿਆਵਾਂ ਕਿਹਾ ਜਾਂਦਾ ਹੈ।

ਇਨ੍ਹਾਂ ਪ੍ਰਥਾਵਾਂ ਦਾ ਇਤਿਹਾਸ ਪੁਰਾਣਾ ਹੈ ਅਤੇ ਮਨੁੱਖੀ ਸਭਿਆਚਾਰ ਦੇ ਵਿਕਾਸ ਨਾਲ ਇਨ੍ਹਾਂ ਦੇ ਕਈ ਰੂਪ ਜੁੜੇ ਰਹੇ ਹਨ। ਪਰ ਇੱਕ ਮਹੱਤਵਪੂਰਨ ਸਵਾਲ ਅੱਜ ਵੀ ਕਾਇਮ ਹੈ ਕੀ ਇਨ੍ਹਾਂ ਨੂੰ ਵਿਗਿਆਨ ਕਿਹਾ ਜਾ ਸਕਦਾ ਹੈ? ਕੀ ਇਨ੍ਹਾਂ de ਜੋੜ-ਘਟਾਓ ਉਨ੍ਹਾਂ ਦੇ ਦਾਅਵਿਆਂ ਨੂੰ ਸਾਬਤ ਕਰਦੇ ਹਨ? ਜਾਂ ਫਿਰ ਇਨ੍ਹਾਂ ਦੀ ਤਾਕਤ ਦਾ ਵੱਡਾ ਹਿੱਸਾ ਮਨੁੱਖੀ ਮਨ ਦੀ ਬਣਤਰ ਅਤੇ ਉਸ ਦੀਆਂ ਕੁਝ ਜਾਣੀਆਂ-ਪਛਾਣੀਆਂ ਮਨੋਵਿਗਿਆਨਕ ਰੁਝਾਨਾਂ ਵਿਚ ਲੁਕਿਆ ਹੋਇਆ ਹੈ? ਇੱਥੇ ਵਿਗਿਆਨ ਦੀ ਬੁਨਿਆਦ ਵਿਸ਼ਵਾਸ ਨਹੀਂ, ਸਗੋਂ ਪੜਤਾਲ ਹੈ। ਕਿਸੇ ਵੀ ਦਾਅਵੇ ਨੂੰ ਵਿਗਿਆਨਕ ਮੰਨਣ ਲਈ ਉਸ ਦੀ ਜਾਂਚ ਹੋਣੀ ਚਾਹੀਦੀ ਹੈ, ਨਤੀਜਾ ਨੂੰ ਮਾਪਿਆ ਜਾ ਸਕੇ, ਪ੍ਰਯੋਗ ਮੁੜ ਕੀਤਾ ਜਾ ਸਕੇ ਅਤੇ ਜੇ ਦਾਅਵਾ ਗਲਤ ਹੋਵੇ ਤਾਂ ਉਸ ਨੂੰ ਗਲਤ ਸਾਬਤ ਕਰਨ ਦੀ ਸੰਭਾਵਨਾ ਵੀ ਮੌਜੂਦ ਹੋਵੇ। ਇਸੇ ਕਸੌਟੀ ’ਤੇ ਗੁਪਤ ਵਿਦਿਆਵਾਂ ਦਾ ਸਭ ਤੋਂ ਵੱਡਾ ਇਮਤਿਹਾਨ ਹੁੰਦਾ ਹੈ।

ਜੋਤਿਸ਼ ਬਾਰੇ ਕੀਤੇ ਗਏ ਕਾਬੂ ਹੇਠ ਕੀਤੇ ਪ੍ਰਯੋਗਾਂ ਵਿਚੋਂ ਇੱਕ ਪ੍ਰਸਿੱਧ ਅਧਿਐਨ 1984 ਵਿੱਚ ਪ੍ਰਕਾਸ਼ਿਤ ਹੋਇਆ, ਜਿਸ ਵਿੱਚ ਜਨਮ-ਕੁੰਡਲੀਆਂ ਰਾਹੀਂ ਵਿਅਕਤੀ ਦੇ ਸੁਭਾਅ ਦੀ ਪਛਾਣ ਕਰਨ ਦੇ ਦਾਅਵੇ ਦੀ ਦੋਹਰੀ-ਅੰਨ੍ਹੀ ਵਿਧੀ ਨਾਲ ਜਾਂਚ ਕੀਤੀ ਗਈ। ਪੜਚੋਲ ਦਾ ਉਦੇਸ਼ ਹੀ ਇਹ ਸੀ ਕਿ ਵਿਸ਼ਵਾਸ ਜਾਂ ਉਮੀਦ ਨੂੰ ਨਤੀਜਿਆਂ ’ਤੇ ਪ੍ਰਭਾਵ ਪਾਉਣ ਤੋਂ ਰੋਕ ਕੇ ਦਾਅਵੇ ਦੀ ਪਰਖ ਕੀਤੀ ਜਾਵੇ। ਇੱਥੇ ਇੱਕ ਬੁਨਿਆਦੀ ਗੱਲ ਸਮਝਣੀ ਜ਼ਰੂਰੀ ਹੈ। ਕਿਸੇ ਪ੍ਰਣਾਲੀ ਵਿਚ ਜੋੜ- ਘਟਾਵ ਹੋਣਾ ਉਸ ਨੂੰ ਵਿਗਿਆਨ ਨਹੀਂ ਬਣਾ ਦਿੰਦਾ। ਜੋਤਿਸ਼ ਵਿਚ ਗ੍ਰਹਿਆਂ ਦੀ ਸਥਿਤੀ, ਕੋਣ, ਸਮਾਂ ਅਤੇ ਜਨਮ-ਸਥਾਨ ਆਦਿ ਦਾ ਹਿਸਾਬ ਕੀਤਾ ਜਾਂਦਾ ਹੈ। ਅੰਕ-ਵਿਗਿਆਨ ਵਿਚ ਅੱਖਰਾਂ ਜਾਂ ਜਨਮ-ਤਾਰੀਖਾਂ ਨਾਲ ਅੰਕ ਜੋੜੇ ਜਾਂਦੇ ਹਨ। ਹਸਤਰੇਖਾ ਵਿਚ ਹੱਥ ਦੀਆਂ ਰੇਖਾਵਾਂ, ਆਕਾਰ ਅਤੇ ਨਿਸ਼ਾਨ ਵੇਖੇ ਜਾਂਦੇ ਹਨ। ਇਨ੍ਹਾਂ ਸਾਰੀਆਂ ਪ੍ਰਕਿਰਿਆਵਾਂ ਵਿਚ ਗਿਣਤੀ ਜਾਂ ਮਾਪ-ਤੋਲ ਹੋ ਸਕਦੀ ਹੈ, ਪਰ ਗਣਿਤ ਦਾ ਇਸਤੇਮਾਲ ਹੋਣਾ ਅਤੇ ਹਿਸਾਬੀ ਤੌਰ ’ਤੇ ਸਾਬਤ ਹੋਣਾ ਦੋ ਵੱਖਰੀਆਂ ਗੱਲਾਂ ਹਨ।

ਹਿਸਾਬ ਕਿਸੇ ਅੰਕੜੇ ਨੂੰ ਤਰਤੀਬੀ ਕਰ ਸਕਦਾ ਹੈ; ਪਰ ਉਹ ਆਪਣੇ ਆਪ ਇਹ ਸਾਬਤ ਨਹੀਂ ਕਰਦਾ ਕਿ ਉਸ ਅੰਕੜੇ ਅਤੇ ਮਨੁੱਖੀ ਭਵਿੱਖ ਵਿਚ ਕਾਰਨ-ਪਰਿਣਾਮ ਦਾ ਸੰਬੰਧ ਮੌਜੂਦ ਹੈ। ਜੇ ਜਨਮ-ਤਾਰੀਖ ਦੇ ਅੰਕਾਂ ਨੂੰ ਜੋੜ ਕੇ ਕੋਈ ਇੱਕ ਨਤੀਜਾ ਕੱਢਿਆ ਜਾਂਦਾ ਹੈ ਤਾਂ ਜੋੜ ਸਹੀ ਹੋ ਸਕਦਾ ਹੈ, ਪਰ ਉਸ ਨਤੀਜੇ ਦਾ ਮਨੁੱਖੀ ਜੀਵਨ, ਸੁਭਾਅ ਜਾਂ ਭਵਿੱਖ ਨਾਲ ਅਸਲ ਸੰਬੰਧ ਹੈ ਜਾਂ ਨਹੀਂ—ਇਹ ਵੱਖਰਾ ਪ੍ਰਸ਼ਨ ਹੈ। ਇੱਥੇ ਮਨੁੱਖੀ ਮਨ ਦੀ ਭੂਮਿਕਾ ਬਹੁਤ ਦਿਲਚਸਪ ਹੋ ਜਾਂਦੀ ਹੈ। ਮਨੁੱਖ ਦੁਬਿਧਾ ਨੂੰ ਪਸੰਦ ਨਹੀਂ ਕਰਦਾ। ਜਦੋਂ ਭਵਿੱਖ ਅਣਜਾਣ ਹੋਵੇ, ਫੈਸਲਾ ਔਖਾ ਹੋਵੇ ਜਾਂ ਜੀਵਨ ਕਿਸੇ ਸੰਕਟ ਵਿਚੋਂ ਲੰਘ ਰਿਹਾ ਹੋਵੇ, ਤਾਂ ਮਨ ਕਿਸੇ ਅਜਿਹੇ ਸਹਾਰੇ ਦੀ ਭਾਲ ਕਰਦਾ ਹੈ ਜੋ ਉਸ ਨੂੰ ਦਿਸ਼ਾ, ਉਮੀਦ ਜਾਂ ਨਿਯੰਤਰਣ ਦਾ ਅਹਿਸਾਸ ਦੇ ਸਕੇ। ਭਵਿੱਖਬਾਣੀ ਇਸ ਮਨੋਵਿਗਿਆਨਕ ਲੋੜ ਨੂੰ ਛੂਹਦੀ ਹੈ। ਇਹੀ ਕਾਰਨ ਹੈ ਕਿ ਅਜਿਹੀਆਂ ਪ੍ਰਥਾਵਾਂ ਸਿਰਫ਼ ਅਗਿਆਨਤਾ ਕਾਰਨ ਹੀ ਲੋਕਪ੍ਰਿਯ ਨਹੀਂ ਹੁੰਦੀਆਂ ਸਗੋਂ ਕਈ ਵਾਰ ਪੜ੍ਹੇ-ਲਿਖੇ ਅਤੇ ਤਰਕਸ਼ੀਲ ਲੋਕ ਵੀ ਦੋਚਿੱਤੀ ਹਾਲਾਤਾਂ ਵਿਚ ਇਨ੍ਹਾਂ ਵੱਲ ਖਿੱਚੇ ਜਾ ਸਕਦੇ ਹਨ।

ਇਸ ਸੰਦਰਭ ਵਿਚ ਇੱਕ ਮਹੱਤਵਪੂਰਨ ਮਨੋਵਿਗਿਆਨਕ ਧਾਰਨਾ ਹੈ “ਵਿਅਕਤੀਗਤ ਸੱਚਾਈ ਦਾ ਭਰਮ”, ਇਸ ਵਿਚ ਮਨੁੱਖ ਆਮ ਅਤੇ ਵੱਡੇ ਬਿਆਨਾਂ ਨੂੰ ਆਪਣੇ ਲਈ ਬਹੁਤ ਸਹੀ ਅਤੇ ਨਿੱਜੀ ਸਮਝ ਲੈਂਦਾ ਹੈ। ਉਦਾਹਰਨ ਵਜੋਂ ਜੇ ਕਿਸੇ ਨੂੰ ਕਿਹਾ ਜਾਵੇ ਕਿ “ਤੁਸੀਂ ਬਾਹਰੋਂ ਮਜ਼ਬੂਤ ਦਿਖਾਈ ਦਿੰਦੇ ਹੋ ਪਰ ਅੰਦਰੋਂ ਸੰਵੇਦਨਸ਼ੀਲ ਹੋ” ਤਾਂ ਬਹੁਤ ਸਾਰੇ ਲੋਕ ਇਸ ਨੂੰ ਆਪਣੀ ਸ਼ਖਸੀਅਤ ਦੀ ਖਾਸ ਪਛਾਣ ਮੰਨ ਸਕਦੇ ਹਨ। ਮਨੋਵਿਗਿਆਨ ਵਿਚ ਇਸ ਰੁਝਾਨ ਨੂੰ ਬਾਰਨਮ ਪ੍ਰਭਾਵ ਕਿਹਾ ਜਾਂਦਾ ਹੈ। ਇਸ ਧਾਰਨਾ ਦਾ ਅਧਿਐਨ 1949 ਵਿੱਚ ਬਰਟਰਮ ਫੋਰਰ ਨਾਲ ਜੋੜਿਆ ਜਾਂਦਾ ਹੈ ਅਤੇ ਅਮਰੀਕੀ ਮਨੋਵਿਗਿਆਨਕ ਸੰਘ ਦਾ ਸ਼ਬਦਕੋਸ਼ ਵੀ ਇਸ ਨੂੰ ਅਜਿਹੇ ਆਮ ਬਿਆਨਾਂ ਨੂੰ ਆਪਣੇ ਲਈ ਵਿਸ਼ੇਸ਼ ਮੰਨਣ ਦੀ ਰੁਝਾਨ ਵਜੋਂ ਦਰਸਾਉਂਦਾ ਹੈ।

ਇਸ ਤੋਂ ਬਾਅਦ ਆਉਂਦਾ ਹੈ ਪਹਿਲਾ ਤੋਂ ਬਣੀ ਨਿੱਜੀ ਧਾਰਨਾ ਦੀ ਪੁਸ਼ਟੀ ਦਾ ਪੱਖਪਾਤ। ਮਨੁੱਖ ਅਕਸਰ ਉਹ ਗੱਲਾਂ ਵਧੇਰੇ ਯਾਦ ਰੱਖਦਾ ਹੈ ਜੋ ਉਸ ਦੀ ਪਹਿਲਾਂ ਤੋਂ ਬਣੀ ਧਾਰਨਾ ਨਾਲ ਮੇਲ ਖਾਂਦੀਆਂ ਹਨ ਅਤੇ ਉਹ ਗੱਲਾਂ ਭੁੱਲ ਜਾਂਦਾ ਹੈ ਜੋ ਗਲਤ ਸਾਬਤ ਹੁੰਦੀਆਂ ਹਨ। ਮੰਨ ਲਓ ਕਿਸੇ ਵਿਅਕਤੀ ਨੂੰ ਦਸ ਭਵਿੱਖਬਾਣੀਆਂ ਕੀਤੀਆਂ ਗਈਆਂ। ਉਨ੍ਹਾਂ ਵਿਚੋਂ ਦੋ ਗੱਲਾਂ ਕਿਸੇ ਘਟਨਾ ਨਾਲ ਮਿਲ ਗਈਆਂ, ਪਰ ਅੱਠ ਗਲਤ ਨਿਕਲੀਆਂ। ਮਨੁੱਖੀ ਯਾਦ ਉਨ੍ਹਾਂ ਦੋ ਸਹੀ ਲੱਗਣ ਵਾਲੀਆਂ ਗੱਲਾਂ ਨੂੰ ਵਧੇਰੇ ਮਹੱਤਵ ਦੇ ਸਕਦੀ ਹੈ। ਸਮੇਂ ਦੇ ਨਾਲ ਇਹ ਯਾਦ ਇੱਕ ਵਿਸ਼ਵਾਸ ਵਿਚ ਬਦਲ ਸਕਦੀ ਹੈ ਕਿ “ਉਸ ਨੇ ਮੇਰੇ ਬਾਰੇ ਬਿਲਕੁਲ ਸਹੀ ਦੱਸਿਆ ਸੀ।”

ਇਸ ਨਾਲ ਇੱਕ ਹੋਰ ਰੁਝਾਨ ਜੁੜਦਾ ਹੈ, “ਵੱਸ ਵਿੱਚ ਹੋਣ ਦਾ ਭੁਲੇਖਾ”, ਜੀਵਨ ਵਿਚ ਅਨੇਕ ਘਟਨਾਵਾਂ ਸਾਡੇ ਵੱਸ ਤੋਂ ਬਾਹਰ ਹੁੰਦੀਆਂ ਹਨ। ਬਿਮਾਰੀ, ਰਿਸ਼ਤੇ, ਆਰਥਿਕ ਸੰਕਟ, ਮੌਤ, ਨੌਕਰੀ, ਕਾਰੋਬਾਰ ਅਤੇ ਭਵਿੱਖ ਨਾਲ ਜੁੜੇ ਭਰਮ ਭੁਲੇਖੇ ਮਨੁੱਖ ਨੂੰ ਬੇਚੈਨ ਕਰ ਦਿੰਦੇ ਹਨ. ਜੇ ਕੋਈ ਤਰੀਕਾ ਇਹ ਅਹਿਸਾਸ ਦੇਵੇ ਕਿ ਇਨ੍ਹਾਂ ਅਣਜਾਣ ਘਟਨਾਵਾਂ ਨੂੰ ਸਮਝਣ ਜਾਂ ਪਹਿਲਾਂ ਤੋਂ ਜਾਣਨ ਦਾ ਕੋਈ ਤਰੀਕਾ ਮੌਜੂਦ ਹੈ, ਤਾਂ ਮਨ ਨੂੰ ਇੱਕ ਕਿਸਮ ਦੀ ਮਾਨਸਿਕ ਸੁਰੱਖਿਆ ਮਿਲਦੀ ਹੈ। ਹਸਤਰੇਖਾ, ਤਾਸ਼-ਪੱਤਿਆਂ ਰਾਹੀਂ ਪੜ੍ਹਨਾ ਜਾਂ ਸਾਹਮਣੇ ਬੈਠੇ ਵਿਅਕਤੀ ਬਾਰੇ ਅੰਦਾਜ਼ਾ ਲਗਾਉਣ ਦੀਆਂ ਕੁਝ ਵਿਧੀਆਂ ਵਿਚ ਮਨੁੱਖੀ ਵਿਹਾਰ ਦਾ ਨਿਰੀਖਣ ਵੀ ਮਹੱਤਵਪੂਰਨ ਹੁੰਦਾ ਹੈ। ਬੋਲਣ ਦਾ ਢੰਗ, ਚਿਹਰੇ ਦੇ ਹਾਵ-ਭਾਵ, ਉਮਰ, ਪਹਿਰਾਵਾ, ਪ੍ਰਤੀਕਿਰਿਆ ਅਤੇ ਗੱਲਬਾਤ ਵਿਚੋਂ ਮਿਲਣ ਵਾਲੇ ਸੰਕੇਤਾਂ ਦੇ ਆਧਾਰ ’ਤੇ ਅਨੁਮਾਨ ਲਗਾਉਣਾ ਕਈ ਵਾਰ ਅਜਿਹੀ ਸੂਝ ਪੈਦਾ ਕਰ ਸਕਦਾ ਹੈ ਜਿਸ ਨੂੰ ਸਾਹਮਣੇ ਵਾਲਾ ਅਲੌਕਿਕ ਗਿਆਨ ਸਮਝ ਲੈਂਦਾ ਹੈ।

ਪਰ ਇੱਥੇ ਸਾਵਧਾਨੀ ਵੀ ਜ਼ਰੂਰੀ ਹੈ। ਹਰ ਜੋਤਸ਼ੀ, ਹਸਤਰੇਖਾ-ਵਿਦਵਾਨ ਜਾਂ ਭਵਿੱਖਬਾਣੀ ਕਰਨ ਵਾਲੇ ਵਿਅਕਤੀ ਨੂੰ ਧੋਖੇਬਾਜ਼ ਕਹਿ ਦੇਣਾ ਵੀ ਤੱਥਪੂਰਨ ਰਵੱਈਆ ਨਹੀਂ ਹੋਵੇਗਾ। ਕਿਸੇ ਵਿਅਕਤੀ ਦੀ ਨੀਅਤ ਅਤੇ ਕਿਸੇ ਪ੍ਰਣਾਲੀ ਦੀ ਵਿਗਿਆਨਕ ਪ੍ਰਮਾਣਿਕਤਾ ਦੋ ਵੱਖਰੇ ਸਵਾਲ ਹਨ। ਵਿਗਿਆਨਕ ਪੜਤਾਲ ਦਾ ਪ੍ਰਸ਼ਨ ਇਹ ਨਹੀਂ ਹੁੰਦਾ ਕਿ ਵਿਅਕਤੀ ਇਮਾਨਦਾਰ ਹੈ ਜਾਂ ਨਹੀਂ; ਪ੍ਰਸ਼ਨ ਇਹ ਹੁੰਦਾ ਹੈ ਕਿ ਉਸ ਦੇ ਦਾਅਵੇ ਕਾਬੂ ਕਰਨ ਅਤੇ ਦੁਹਰਾਏ ਜਾ ਸਕਣ ਵਾਲੇ ਪ੍ਰਯੋਗਾਂ ਵਿਚ ਲਗਾਤਾਰ ਸਾਬਤ ਹੁੰਦੇ ਹਨ ਜਾਂ ਨਹੀਂ।

ਇਸੇ ਤਰ੍ਹਾਂ ਕਿਸੇ ਪ੍ਰਥਾ ਦੀ ਸੱਭਿਆਚਾਰਕ ਜਾਂ ਇਤਿਹਾਸਕ ਮਹੱਤਤਾ ਨੂੰ ਵੀ ਉਸ ਦੀ ਵਿਗਿਆਨਕ ਸੱਚਾਈ ਨਾਲ ਨਹੀਂ ਮਿਲਾਉਣਾ ਚਾਹੀਦਾ। ਕੋਈ ਵਿਸ਼ਵਾਸ ਸਦੀਆਂ ਪੁਰਾਣਾ ਹੋ ਸਕਦਾ ਹੈ, ਸਮਾਜ ਵਿਚ ਡੂੰਘੀਆਂ ਜੜ੍ਹਾਂ ਰੱਖ ਸਕਦਾ ਹੈ ਅਤੇ ਲੋਕਾਂ ਨੂੰ ਆਸਰਾ ਦੇ ਸਕਦਾ ਹੈ। ਪਰ ਪੁਰਾਤਨਤਾ ਆਪਣੇ ਆਪ ਵਿਗਿਆਨਕ ਪ੍ਰਮਾਣ ਨਹੀਂ ਹੁੰਦੀ। ਅਸਲ ਵੰਡ ਸ਼ਾਇਦ ਵਿਸ਼ਵਾਸ ਅਤੇ ਅਵਿਸ਼ਵਾਸ ਵਿਚ ਨਹੀਂ, ਸਗੋਂ ਦਾਅਵੇ ਅਤੇ ਸਬੂਤ ਵਿਚ ਹੈ। ਜੇ ਕੋਈ ਕਹਿੰਦਾ ਹੈ ਕਿ ਕਿਸੇ ਗ੍ਰਹਿ ਦੀ ਸਥਿਤੀ ਮਨੁੱਖ ਦੇ ਸੁਭਾਅ ਨੂੰ ਨਿਰਧਾਰਤ ਕਰਦੀ ਹੈ, ਤਾਂ ਸਵਾਲ ਹੋਣਾ ਚਾਹੀਦਾ ਹੈ. ਇਸ ਦਾ ਮਾਪਣਯੋਗ ਸਬੂਤ ਕੀ ਹੈ? ਜੇ ਕੋਈ ਕਹਿੰਦਾ ਹੈ ਕਿ ਕਿਸੇ ਖਾਸ ਅੰਕ ਨਾਲ ਜੁੜੀ ਤਾਰੀਖ ਭਵਿੱਖ ਦੀ ਘਟਨਾ ਦੱਸ ਸਕਦੀ ਹੈ, ਤਾਂ ਪੁੱਛਣਾ ਚਾਹੀਦਾ ਹੈ, ਕੀ ਇਹ ਭਵਿੱਖਬਾਣੀ ਪਹਿਲਾਂ ਤੋਂ ਸਪਸ਼ਟ ਤਰੀਕੇ ਨਾਲ ਦਰਜ ਕਰਕੇ ਵੱਡੀ ਗਿਣਤੀ ਵਿਚ ਲੋਕਾਂ ਉੱਤੇ ਪਰਖੀ ਗਈ ਹੈ? ਜੇ ਨਤੀਜੇ ਵਾਰ-ਵਾਰ ਇਕੋ ਜਿਹੇ ਮਿਲਣ ਤਾਂ ਗੱਲ ਅੱਗੇ ਵਧ ਸਕਦੀ ਹੈ। ਜੇ ਨਹੀਂ, ਤਾਂ ਸਿਰਫ਼ ਵਿਅਕਤੀਗਤ ਤਜਰਬੇ ਨੂੰ ਸਰਬਵਿਆਪੀ ਸੱਚ ਨਹੀਂ ਬਣਾਇਆ ਜਾ ਸਕਦਾ।

ਇਸ ਲਈ ਗੁਪਤ ਵਿਦਿਆਵਾਂ ਬਾਰੇ ਸਭ ਤੋਂ ਨਿਰਪੱਖ ਰਵੱਈਆ ਇਹ ਹੈ ਕਿ ਉਨ੍ਹਾਂ ਨੂੰ ਇਤਿਹਾਸ, ਸੱਭਿਆਚਾਰ, ਵਿਸ਼ਵਾਸ ਅਤੇ ਮਨੋਵਿਗਿਆਨ ਦੇ ਵਿਸ਼ੇ ਵਜੋਂ ਸਮਝਿਆ ਜਾਵੇ, ਪਰ ਵਿਗਿਆਨ ਦਾ ਦਰਜਾ ਦੇਣ ਤੋਂ ਪਹਿਲਾਂ ਉਨ੍ਹਾਂ ਦੇ ਦਾਅਵਿਆਂ ਨੂੰ ਉਹੀ ਕਸੌਟੀ ’ਤੇ ਪਰਖਿਆ ਜਾਵੇ ਜਿਸ ’ਤੇ ਹਰ ਹੋਰ ਗਿਆਨ-ਪ੍ਰਣਾਲੀ ਨੂੰ ਪਰਖਿਆ ਜਾਂਦਾ ਹੈ। ਵਿਗਿਆਨ ਹਰ ਸਵਾਲ ਦਾ ਜਵਾਬ ਦੇਣ ਦਾ ਦਾਅਵਾ ਨਹੀਂ ਕਰਦਾ। ਵਿਗਿਆਨ ਦੀ ਖੂਬਸੂਰਤੀ ਇਹ ਹੈ ਕਿ ਉਹ ਕਹਿੰਦਾ ਹੈ—ਜਿੱਥੇ ਸਬੂਤ ਨਹੀਂ, ਉੱਥੇ ਦੁਚਿੱਤੀ ਦਾ ਦਾਅਵਾ ਨਾ ਕਰੋ. ਜਿੱਥੇ ਦਾਅਵਾ ਹੈ, ਉੱਥੇ ਪੜਤਾਲ ਕਰੋ, ਅਤੇ ਜਿੱਥੇ ਨਤੀਜਾ ਗਲਤ ਨਿਕਲੇ, ਉੱਥੇ ਆਪਣੀ ਧਾਰਨਾ ਬਦਲਣ ਲਈ ਤਿਆਰ ਰਹੋ।

ਸ਼ਾਇਦ ਅਸਲ ਰਹੱਸ ਕਿਸੇ ਗ੍ਰਹਿ, ਰੇਖਾ ਜਾਂ ਅੰਕ ਵਿਚ ਨਹੀਂ, ਮਨੁੱਖੀ ਮਨ ਵਿਚ ਹੀ ਹੈ—ਉਹ ਮਨ ਜੋ ਅਣਜਾਣ ਨੂੰ ਅਰਥ ਦੇਣਾ ਚਾਹੁੰਦਾ ਹੈ, ਇਤਫ਼ਾਕ ਵਿਚ ਪੈਟਰਨ ਲੱਭਦਾ ਹੈ, ਅਤੇ ਕਈ ਵਾਰ ਆਪਣੇ ਹੀ ਵਿਸ਼ਵਾਸ ਨੂੰ ਸੱਚ ਮੰਨ ਲੈਂਦਾ ਹੈ। ਇਸ ਲਈ ਗੁਪਤ ਵਿਦਿਆਵਾਂ ਦੀ ਪੜਤਾਲ ਕਰਦਿਆਂ ਸਭ ਤੋਂ ਵੱਡੀ ਲੋੜ ਕਿਸੇ ਨਵੇਂ ਵਿਸ਼ਵਾਸ ਦੀ ਨਹੀਂ, ਸਗੋਂ ਪੜਤਾਲੂ ਸੋਚ ਦੀ ਹੈ।
“ਵਿਗਿਆਨ ਇਕ ਖੁੱਲਾ ਮੈਦਾਨ ਹੈ ਜਿਹੜਾ ਕਿਸੇ ਵੀ ਪਾਸਿਓਂ ਇਕ ਹੀ ਹਿਸਾਬ ਵਿਚ ਆਉਂਦਾ ਹੈ ਅਤੇ ਵਿਦਿਆ ਖ਼ਾਸ ਸਮੀਕਰਨਾਂ , ਅਵਸਥਾਵਾਂ, ਦਸ਼ਾਵਾਂ ਅਤੇ ਵਿਵਸਥਾਵਾਂ ਦੀ ਬੰਦਿਸ਼ ਵਿੱਚ ਹੀ ਸਿਰੇ ਚੜਦੀ ਹੈ।

ਗੁਰਮੀਤ ਸਿੰਘ ਤੁੰਗ

ਬਿਊਰੋ ਚੀਫ਼ (98552 21193)

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments