ਸਮਾਜ ਵਿੱਚ ਕੁਝ ਅਜਿਹੇ ਲੋਕ ਵੀ ਹੁੰਦੇ ਹਨ, ਜਿਨ੍ਹਾਂ ਲਈ ਆਪਣੀ ਗੱਲ ਨੂੰ ਸਹੀ ਸਾਬਤ ਕਰਨਾ ਸੱਚਾਈ ਨਾਲੋਂ ਕਿਤੇ ਵੱਧ ਅਹਿਮ ਹੁੰਦਾ ਹੈ। ਉਹ ਆਪਣੀ ਗ਼ਲਤੀ ਮੰਨਣ ਦੀ ਥਾਂ ਝੂਠ ਉੱਤੇ ਝੂਠ ਬੋਲਦੇ ਹਨ, ਦੂਜਿਆਂ ਦੀ ਗੱਲ ਸੁਣਨ ਤੋਂ ਇਨਕਾਰ ਕਰਦੇ ਹਨ ਅਤੇ ਆਪਣੀ ਮਨਮਰਜ਼ੀ ਨੂੰ ਹੀ ਆਖ਼ਰੀ ਫ਼ੈਸਲਾ ਸਮਝਦੇ ਹਨ। ਅਜਿਹੀ ਬਿਰਤੀ ਸਿਰਫ਼ ਉਨ੍ਹਾਂ ਦੀ ਆਪਣੀ ਸ਼ਖ਼ਸੀਅਤ ਨੂੰ ਹੀ ਨਹੀਂ ਖੋਖਲਾ ਕਰਦੀ, ਸਗੋਂ ਪਰਿਵਾਰਕ ਰਿਸ਼ਤਿਆਂ, ਕਾਰੋਬਾਰੀ ਮਾਹੌਲ ਅਤੇ ਆਲੇ-ਦੁਆਲੇ ਦੇ ਲੋਕਾਂ ਦੀ ਮਾਨਸਿਕ ਸ਼ਾਂਤੀ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ। ਇਸ ਕਿਸਮ ਦੇ ਵਿਹਾਰ ਦੀ ਜੜ੍ਹ ਅਕਸਰ ਹਉਮੈ, ਅਸੁਰੱਖਿਆ ਦੀ ਭਾਵਨਾ, ਅਸਹਿਣਸ਼ੀਲਤਾ ਅਤੇ ਦੂਜਿਆਂ ਉੱਤੇ ਕਾਬੂ ਰੱਖਣ ਦੀ ਇੱਛਾ ਵਿੱਚ ਹੁੰਦੀ ਹੈ। ਅਜਿਹੇ ਲੋਕਾਂ ਨੂੰ ਆਪਣੀ ਆਲੋਚਨਾ ਸੁਣਨੀ ਗਵਾਰਾ ਨਹੀਂ ਹੁੰਦੀ। ਕੋਈ ਉਨ੍ਹਾਂ ਦੀ ਗ਼ਲਤ ਨੀਤੀ ਉੱਤੇ ਸਵਾਲ ਚੁੱਕ ਦੇਵੇ, ਉਨ੍ਹਾਂ ਦੇ ਫ਼ੈਸਲੇ ਨਾਲ ਅਸਹਿਮਤੀ ਜਤਾ ਦੇਵੇ ਜਾਂ ਆਪਣੇ ਹੱਕ ਦੀ ਗੱਲ ਕਰ ਲਵੇ ਤਾਂ ਉਹ ਇਸ ਨੂੰ ਆਪਣੀ ਹੇਠੀ ਸਮਝਣ ਲੱਗ ਪੈਂਦੇ ਹਨ। ਫਿਰ ਦਲੀਲ ਦੀ ਥਾਂ ਗੁੱਸਾ, ਤਰਕ ਦੀ ਥਾਂ ਧਮਕੀ ਅਤੇ ਸੱਚਾਈ ਦੀ ਥਾਂ ਝੂਠ ਦਾ ਸਹਾਰਾ ਲਿਆ ਜਾਂਦਾ ਹੈ।
ਇਨ੍ਹਾਂ ਦਾ ਸਭ ਤੋਂ ਮਾੜਾ ਅਸਰ ਪਰਿਵਾਰਕ ਅਤੇ ਕੰਮਕਾਜੀ ਮਾਹੌਲ ਉੱਤੇ ਪੈਂਦਾ ਹੈ। ਜਿਹੜੇ ਲੋਕ ਘਰ ਦੇ ਹਰ ਛੋਟੇ-ਵੱਡੇ ਫ਼ੈਸਲੇ ਆਪਣੀ ਮਰਜ਼ੀ ਨਾਲ ਥੋਪਦੇ ਹਨ, ਉਹ ਪਰਿਵਾਰ ਦੇ ਬਾਕੀ ਜੀਆਂ ਦੀਆਂ ਭਾਵਨਾਵਾਂ, ਲੋੜਾਂ ਅਤੇ ਆਜ਼ਾਦ ਸੋਚ ਨੂੰ ਕੋਈ ਅਹਿਮੀਅਤ ਨਹੀਂ ਦਿੰਦੇ। ਇਸੇ ਤਰ੍ਹਾਂ ਕਾਰੋਬਾਰ ਜਾਂ ਸੰਸਥਾ ਵਿੱਚ ਅਜਿਹੇ ਵਿਅਕਤੀ ਆਪਣੇ ਅਧੀਨ ਕੰਮ ਕਰਨ ਵਾਲਿਆਂ ਨੂੰ ਬਰਾਬਰ ਦੇ ਮਨੁੱਖ ਸਮਝਣ ਦੀ ਥਾਂ ਹੁਕਮ ਮੰਨਣ ਵਾਲੇ ਸੰਦ ਸਮਝਦੇ ਹਨ। ਲੋੜਵੰਦ ਦੀ ਮਜਬੂਰੀ ਦਾ ਨਾਜਾਇਜ਼ ਲਾਹਾ ਲਿਆ ਜਾਂਦਾ ਹੈ, ਪਰ ਹੁਨਰਮੰਦ ਅਤੇ ਸਵੈਮਾਣ ਵਾਲੇ ਵਿਅਕਤੀ ਅਜਿਹੇ ਮਾਹੌਲ ਵਿੱਚ ਵਧੇਰੇ ਸਮਾਂ ਟਿਕ ਨਹੀਂ ਸਕਦੇ। ਜਦੋਂ ਕੋਈ ਕਰਮਚਾਰੀ ਆਪਣੇ ਬਣਦੇ ਹੱਕ, ਵਾਧੂ ਕੰਮ ਦੇ ਘੰਟਿਆਂ ਦੀ ਮਿਹਨਤਾਨੇ ਜਾਂ ਕਿਸੇ ਗ਼ਲਤ ਫ਼ੈਸਲੇ ਵਿਰੁੱਧ ਆਵਾਜ਼ ਉਠਾਉਂਦਾ ਹੈ ਤਾਂ ਉਸ ਨੂੰ ਬਾਗ਼ੀ ਜਾਂ ਬੇਵਫ਼ਾ ਕਰਾਰ ਦੇ ਦਿੱਤਾ ਜਾਂਦਾ ਹੈ। ਆਪਣੀ ਗ਼ਲਤੀ ਉੱਤੇ ਪਰਦਾ ਪਾਉਣ ਲਈ ਕਈ ਵਾਰ ਭਾਵਨਾਤਮਕ ਦਬਾਅ, ਧੌਂਸ ਅਤੇ ਨਿੱਜੀ ਕਿੜ ਕੱਢਣ ਦੇ ਢੰਗ ਵੀ ਵਰਤੇ ਜਾਂਦੇ ਹਨ। ਨਤੀਜੇ ਵਜੋਂ ਸੰਸਥਾ ਵਿੱਚ ਭਰੋਸੇ ਦੀ ਥਾਂ ਡਰ, ਸਾਂਝ ਦੀ ਥਾਂ ਬੇਵਿਸ਼ਵਾਸੀ ਅਤੇ ਤਰੱਕੀ ਦੀ ਥਾਂ ਖੜੋਤ ਪੈਦਾ ਹੋ ਜਾਂਦੀ ਹੈ।
ਇਸ ਵਰਤਾਰੇ ਦਾ ਇੱਕ ਹੋਰ ਪੱਖ ਦਿਖਾਵਾ ਅਤੇ ਦੂਜਿਆਂ ਦੀ ਤਰੱਕੀ ਪ੍ਰਤੀ ਸਾੜਾ ਹੈ। ਅਜਿਹੇ ਵਿਅਕਤੀ ਲੋਕਾਂ ਸਾਹਮਣੇ ਆਪਣੀ ਸ਼ਾਨੋ-ਸ਼ੌਕਤ ਅਤੇ ਰੁਤਬੇ ਦਾ ਪ੍ਰਭਾਵ ਬਣਾਈ ਰੱਖਣ ਲਈ ਬਹੁਤ ਜਤਨ ਕਰਦੇ ਹਨ, ਪਰ ਅੰਦਰੋਂ ਦੂਜਿਆਂ ਦੀ ਕਾਮਯਾਬੀ ਨੂੰ ਸਹਿਣ ਨਹੀਂ ਕਰ ਸਕਦੇ। ਕਿਸੇ ਦੀ ਮਿਹਨਤ, ਕਾਬਲੀਅਤ ਜਾਂ ਪ੍ਰਾਪਤੀ ਦੀ ਸ਼ਲਾਘਾ ਕਰਨ ਦੀ ਥਾਂ ਉਸ ਵਿੱਚ ਨੁਕਸ ਕੱਢਣੇ ਸ਼ੁਰੂ ਕਰ ਦਿੰਦੇ ਹਨ। ਦੂਜਿਆਂ ਨੂੰ ਨੀਵਾਂ ਦਿਖਾ ਕੇ ਆਪਣੇ ਆਪ ਨੂੰ ਉੱਚਾ ਸਾਬਤ ਕਰਨ ਦੀ ਇਹ ਕੋਸ਼ਿਸ਼ ਅਸਲ ਵਿੱਚ ਆਪਣੀ ਕਮਜ਼ੋਰੀ ਨੂੰ ਲੁਕਾਉਣ ਦਾ ਹੀ ਇੱਕ ਢੰਗ ਹੈ। ਮਨੋਵਿਗਿਆਨਕ ਪੱਖੋਂ ਅਜਿਹੇ ਵਿਹਾਰ ਨੂੰ ਸਮਝਣ ਲਈ ਹਉਮੈ, ਕਾਬੂ ਪਾਉਣ ਦੀ ਲਾਲਸਾ, ਭਾਵਨਾਤਮਕ ਅਸੰਤੁਲਨ ਅਤੇ ਆਤਮ-ਵਿਸ਼ਵਾਸ ਦੀ ਘਾਟ ਵਰਗੇ ਕਾਰਨਾਂ ਦੀ ਜਾਂਚ ਜ਼ਰੂਰੀ ਹੈ। ਪਰ ਇਹ ਗੱਲ ਵੀ ਸਮਝਣੀ ਲਾਜ਼ਮੀ ਹੈ ਕਿ ਗੁੱਸੇਖੋਰ ਜਾਂ ਤਾਨਾਸ਼ਾਹੀ ਸੁਭਾਅ ਵਾਲੇ ਹਰ ਵਿਅਕਤੀ ਨੂੰ ਮਾਨਸਿਕ ਰੋਗੀ ਕਹਿਣਾ ਵਿਗਿਆਨਕ ਤੌਰ ਉੱਤੇ ਠੀਕ ਨਹੀਂ। ਮਾਨਸਿਕ ਬਿਮਾਰੀ ਅਤੇ ਮਾੜੇ ਵਿਹਾਰ ਵਿੱਚ ਫ਼ਰਕ ਹੈ। ਕਿਸੇ ਵਿਅਕਤੀ ਦੀ ਤਸ਼ਖ਼ੀਸ ਮਾਹਿਰ ਹੀ ਕਰ ਸਕਦਾ ਹੈ।
ਅਜਿਹੇ ਲੋਕਾਂ ਲਈ ਸਭ ਤੋਂ ਵੱਡੀ ਲੋੜ ਆਪਣੀ ਗ਼ਲਤੀ ਪਛਾਣਨ, ਦੂਜਿਆਂ ਦੀ ਗੱਲ ਸੁਣਨ ਅਤੇ ਆਪਣੇ ਵਿਹਾਰ ਦੀ ਜਵਾਬਦੇਹੀ ਕਬੂਲਣ ਦੀ ਹੈ। ਲੋੜ ਪੈਣ ਉੱਤੇ ਮਨੋਵਿਗਿਆਨਕ ਸਲਾਹ ਵੀ ਲੈਣੀ ਚਾਹੀਦੀ ਹੈ। ਦੂਜੇ ਪਾਸੇ, ਅਜਿਹੇ ਵਿਅਕਤੀਆਂ ਨਾਲ ਰਹਿਣ ਜਾਂ ਕੰਮ ਕਰਨ ਵਾਲਿਆਂ ਨੂੰ ਵੀ ਆਪਣੇ ਸਵੈਮਾਣ, ਹੱਕਾਂ ਅਤੇ ਮਾਨਸਿਕ ਸ਼ਾਂਤੀ ਨਾਲ ਸਮਝੌਤਾ ਨਹੀਂ ਕਰਨਾ ਚਾਹੀਦਾ। ਅਸਲ ਕਾਬਲੀਅਤ ਕਿਸੇ ਨੂੰ ਦਬਾਉਣ ਵਿੱਚ ਨਹੀਂ, ਸਗੋਂ ਉਸ ਨੂੰ ਨਾਲ ਲੈ ਕੇ ਚੱਲਣ ਵਿੱਚ ਹੈ। ਅਹੁਦਾ, ਪੈਸਾ ਅਤੇ ਰੁਤਬਾ ਕਿਸੇ ਨੂੰ ਵੱਡਾ ਨਹੀਂ ਬਣਾਉਂਦੇ। ਵੱਡਾ ਉਹ ਹੈ ਜੋ ਆਪਣੀ ਗ਼ਲਤੀ ਮੰਨ ਸਕੇ, ਦੂਜੇ ਦੀ ਕਾਮਯਾਬੀ ਉੱਤੇ ਖ਼ੁਸ਼ ਹੋ ਸਕੇ ਅਤੇ ਆਪਣੇ ਨਾਲੋਂ ਛੋਟੇ ਸਮਝੇ ਜਾਣ ਵਾਲੇ ਮਨੁੱਖ ਨੂੰ ਵੀ ਇੱਜ਼ਤ ਦੇ ਸਕੇ। ਜਿਹੜਾ ਇਨਸਾਨ ਆਪਣੀ ਹਉਮੈ ਦੀ ਕੈਦ ਵਿੱਚੋਂ ਬਾਹਰ ਨਹੀਂ ਨਿਕਲਦਾ, ਉਹ ਦੂਜਿਆਂ ਨੂੰ ਤਾਂ ਤੰਗ ਕਰਦਾ ਹੀ ਹੈ, ਆਖ਼ਰ ਆਪਣੀ ਜ਼ਿੰਦਗੀ ਦੀ ਖ਼ੁਸ਼ੀ, ਭਰੋਸਾ ਅਤੇ ਸਕੂਨ ਵੀ ਆਪ ਹੀ ਗੁਆ ਬੈਠਦਾ ਹੈ।
ਛੱਤਰਪਾਲ ਸਿੰਘ






