ਚੰਡੀਗੜ੍ਹ, 2 ਅਗਸਤ, 2026 (ਜਗਦੇਵ ਸਿੰਘ ਢਿੱਲੋਂ) : ਰੇਲਵੇ ਭਰਤੀ ਬੋਰਡ (RRB) ਲੈਵਲ-1 ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਦੀ ਸਹੂਲਤ ਲਈ ਉੱਤਰੀ ਰੇਲਵੇ ਨੇ ਪੰਜਾਬ ਵਿੱਚ 6 ਵਿਸ਼ੇਸ਼ ਅਣਰਾਖਵੇਂ (ਅਨਰਿਜ਼ਰਵਡ) ਰੇਲਗੱਡੀਆਂ ਚਲਾਉਣ ਦਾ ਫ਼ੈਸਲਾ ਕੀਤਾ ਹੈ। ਇਹ ਟ੍ਰੇਨਾਂ 3 ਅਗਸਤ ਤੋਂ 6 ਅਗਸਤ ਤੱਕ ਚਲਣਗੀਆਂ।
ਰੇਲਵੇ ਅਧਿਕਾਰੀਆਂ ਅਨੁਸਾਰ ਪ੍ਰੀਖਿਆ ਦੌਰਾਨ ਵਧਣ ਵਾਲੀ ਯਾਤਰੀ ਭੀੜ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਕਦਮ ਚੁੱਕਿਆ ਗਿਆ ਹੈ, ਤਾਂ ਜੋ ਉਮੀਦਵਾਰ ਆਸਾਨੀ ਨਾਲ ਆਪਣੇ ਪ੍ਰੀਖਿਆ ਕੇਂਦਰਾਂ ਤੱਕ ਪਹੁੰਚ ਸਕਣ। ਸਾਰੀਆਂ ਵਿਸ਼ੇਸ਼ ਟ੍ਰੇਨਾਂ ਅਣਰਾਖਵੇਂ ਸ਼੍ਰੇਣੀ ਵਿੱਚ ਚਲਣਗੀਆਂ ਅਤੇ ਯਾਤਰੀ ਆਮ ਟਿਕਟ ਖਰੀਦ ਕੇ ਸਫ਼ਰ ਕਰ ਸਕਣਗੇ।
ਇਹ ਵਿਸ਼ੇਸ਼ ਰੇਲ ਸੇਵਾਵਾਂ ਅੰਮ੍ਰਿਤਸਰ, ਫਿਰੋਜ਼ਪੁਰ ਛਾਉਣੀ, ਲੁਧਿਆਣਾ, ਜਲੰਧਰ ਸਿਟੀ, ਫਗਵਾੜਾ ਅਤੇ ਸ੍ਰੀ ਮੁਕਤਸਰ ਸਾਹਿਬ ਸਮੇਤ ਕਈ ਮਹੱਤਵਪੂਰਨ ਸਟੇਸ਼ਨਾਂ ਨੂੰ ਜੋੜਣਗੀਆਂ। ਰੇਲਵੇ ਨੇ ਉਮੀਦਵਾਰਾਂ ਨੂੰ ਯਾਤਰਾ ਤੋਂ ਪਹਿਲਾਂ ਟ੍ਰੇਨਾਂ ਦੇ ਸਮੇਂ ਦੀ ਪੁਸ਼ਟੀ ਕਰਨ ਅਤੇ ਸਟੇਸ਼ਨ ‘ਤੇ ਸਮੇਂ ਤੋਂ ਪਹਿਲਾਂ ਪਹੁੰਚਣ ਦੀ ਸਲਾਹ ਦਿੱਤੀ ਹੈ। ਰੇਲਵੇ ਨੂੰ ਉਮੀਦ ਹੈ ਕਿ ਇਨ੍ਹਾਂ ਵਾਧੂ ਸੇਵਾਵਾਂ ਨਾਲ ਪ੍ਰੀਖਿਆਰਥੀਆਂ ਦੀ ਯਾਤਰਾ ਹੋਰ ਸੁਗਮ ਬਣੇਗੀ ਅਤੇ ਉਹ ਬਿਨਾਂ ਕਿਸੇ ਪਰੇਸ਼ਾਨੀ ਦੇ ਆਪਣੇ ਪ੍ਰੀਖਿਆ ਕੇਂਦਰਾਂ ਤੱਕ ਪਹੁੰਚ ਸਕਣਗੇ।







