ਕੁਰੂਕਸ਼ੇਤਰ, 31 ਅਕਤੂਬਰ 2026 (ਸੰਜੀਵ ਸ਼ਰਮਾ): ਡਿਪਟੀ ਕਮਿਸ਼ਨਰ ਵਿਸ਼ਰਾਮ ਕੁਮਾਰ ਮੀਣਾ ਨੇ ਦੱਸਿਆ ਕਿ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਰਾਸ਼ਟਰੀ ਏਡਜ਼ ਕੰਟਰੋਲ ਸੰਗਠਨ (NACO) ਅਧੀਨ ਕੰਮ ਕਰ ਰਹੀ ਹਰਿਆਣਾ ਰਾਜ ਏਡਜ਼ ਕੰਟਰੋਲ ਕਮੇਟੀ (HSACS) ਵੱਲੋਂ ਸੂਬੇ ਵਿੱਚ ਕੇਅਰ ਐਂਡ ਸਪੋਰਟ ਸਰਵਿਸਿਜ਼ ਲਾਗੂ ਕਰਨ ਲਈ ਰਜਿਸਟਰਡ ਗੈਰ-ਸਰਕਾਰੀ ਸੰਸਥਾਵਾਂ (NGOs) ਅਤੇ ਕਮਿਊਨਿਟੀ ਬੇਸਡ ਆਰਗੇਨਾਈਜ਼ੇਸ਼ਨਾਂ (CBOs) ਦੀ ਮਦਦ ਲਈ ਜਾਵੇਗੀ। ਇਹ ਪਹਿਲ ਡੋਮੈਸਟਿਕ ਬਜਟ ਗ੍ਰਾਂਟ ਤਹਿਤ ਰਾਸ਼ਟਰੀ ਏਡਜ਼ ਅਤੇ ਐੱਸਟੀਡੀ ਕੰਟਰੋਲ ਪ੍ਰੋਗਰਾਮ ਅਧੀਨ ਭਾਈਚਾਰਕ ਪੱਧਰ ’ਤੇ ਸ਼ੁਰੂ ਕੀਤੀ ਜਾ ਰਹੀ ਹੈ। ਇਸ ਦਾ ਮੁੱਖ ਉਦੇਸ਼ ਐੱਚਆਈਵੀ ਪੀੜਤ ਵਿਅਕਤੀਆਂ ਨੂੰ ਆਊਟਰੀਚ ਸੇਵਾਵਾਂ ਅਤੇ ਇਲਾਜ ਲਗਾਤਾਰ ਜਾਰੀ ਰੱਖਣ ਲਈ ਸਹਾਇਤਾ ਪ੍ਰਦਾਨ ਕਰਨਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਯੋਜਨਾ ਹਰਿਆਣਾ ਦੇ ਦੋ ਪ੍ਰਮੁੱਖ ਕਲੱਸਟਰਾਂ ਵਿੱਚ ਲਾਗੂ ਕੀਤੀ ਜਾਵੇਗੀ। ਇਨ੍ਹਾਂ ਵਿੱਚ ਕੁਰੂਕਸ਼ੇਤਰ ਕਲੱਸਟਰ (ਕੁਰੂਕਸ਼ੇਤਰ, ਪੰਚਕੂਲਾ, ਅੰਬਾਲਾ, ਯਮੁਨਾਨਗਰ, ਕਰਨਾਲ, ਕੈਥਲ ਅਤੇ ਸੋਨੀਪਤ) ਅਤੇ ਫਰੀਦਾਬਾਦ ਕਲੱਸਟਰ (ਫਰੀਦਾਬਾਦ, ਮਹਿੰਦਰਗੜ੍ਹ, ਗੁਰੂਗ੍ਰਾਮ, ਨੂਹ, ਰੇਵਾੜੀ ਅਤੇ ਪਲਵਲ) ਸ਼ਾਮਲ ਹਨ।
ਚੁਣੀਆਂ ਗਈਆਂ ਸੰਸਥਾਵਾਂ ਨੂੰ ਇਲਾਜ ਵਿੱਚ ਰੁਕਾਵਟ ਆਉਣ ਵਾਲੇ ਮਰੀਜ਼ਾਂ ਦੀ ਪਛਾਣ ਅਤੇ ਉਨ੍ਹਾਂ ਨਾਲ ਸੰਪਰਕ ਬਣਾਈ ਰੱਖਣ, ਨਵੇਂ ਪਛਾਣੇ ਗਏ ਐੱਚਆਈਵੀ ਮਰੀਜ਼ਾਂ ਨੂੰ ਪਹਿਲੇ ਵਾਇਰਲ ਲੋਡ ਟੈਸਟ ਤੱਕ ਸਹਾਇਤਾ ਦੇਣ, ਨਿਰਧਾਰਤ ਵਾਇਰਲ ਲੋਡ ਟੈਸਟਾਂ ਦੀ ਨਿਗਰਾਨੀ ਕਰਨ ਅਤੇ ਵਾਇਰਲ ਲੋਡ ਵੱਧ ਹੋਣ ਵਾਲੇ ਮਰੀਜ਼ਾਂ ਦੀ ਕਾਊਂਸਲਿੰਗ ਕਰਨ ਦੀ ਜ਼ਿੰਮੇਵਾਰੀ ਸੌਂਪੀ ਜਾਵੇਗੀ। ਇਸ ਤੋਂ ਇਲਾਵਾ ਐੱਚਆਈਵੀ ਪਾਜ਼ੇਟਿਵ ਗਰਭਵਤੀ ਮਹਿਲਾਵਾਂ ਅਤੇ ਉਨ੍ਹਾਂ ਤੋਂ ਜਨਮੇ ਬੱਚਿਆਂ ਦੀ ਦੇਖਭਾਲ ਕਰਨ ਦੇ ਨਾਲ-ਨਾਲ ਯੋਗ ਮਰੀਜ਼ਾਂ ਨੂੰ ਸਮਾਜਿਕ ਸੁਰੱਖਿਆ ਯੋਜਨਾਵਾਂ ਨਾਲ ਜੋੜਨ ਦਾ ਕੰਮ ਵੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਕੰਮ ਲਈ ਐੱਨਜੀਓ ਅਤੇ ਸੀਬੀਓ ਸੰਸਥਾਵਾਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਹਨ। ਇੱਛੁਕ ਅਤੇ ਯੋਗ ਸੰਸਥਾਵਾਂ ਆਪਣੇ ਸਾਰੇ ਲੋੜੀਂਦੇ ਸਵੈ-ਪ੍ਰਮਾਣਿਤ ਦਸਤਾਵੇਜ਼ਾਂ (PDF ਫਾਰਮੈਟ) ਸਮੇਤ ਹਾਰਡ ਕਾਪੀ ਅਤੇ ਸਾਫਟ ਕਾਪੀ ਰਾਹੀਂ ਆਪਣੀਆਂ ਅਰਜ਼ੀਆਂ 20 ਨਵੰਬਰ 2026 ਨੂੰ ਸ਼ਾਮ 5 ਵਜੇ ਤੱਕ ਜਮ੍ਹਾਂ ਕਰਵਾ ਸਕਦੀਆਂ ਹਨ। ਅਰਜ਼ੀਆਂ ਲਈ ਈ-ਮੇਲ ਪਤੇ ਹਨ: haryanasacs@gmail.com ਅਤੇ pd-ads.dhs@hry.gov.in। ਅਰਜ਼ੀ ਦੇਣ ਲਈ ਯੋਗਤਾ ਮਾਪਦੰਡ, ਦਿਸ਼ਾ-ਨਿਰਦੇਸ਼ ਅਤੇ ਲੈਟਰ ਆਫ ਇੰਟੈਂਟ ਦਾ ਨਮੂਨਾ ਹਰਿਆਣਾ ਸਰਕਾਰ ਦੀਆਂ ਅਧਿਕਾਰਤ ਵੈੱਬਸਾਈਟਾਂ haryanahealth.gov.in ਅਤੇ haryanasacs.in ’ਤੇ ਉਪਲਬਧ ਹਨ।






