ਚੰਡੀਗੜ੍ਹ, 16 ਸਤੰਬਰ, 2026 (ਗੁਰਮੀਤ ਸਿੰਘ ਤੁੰਗ) : ਚੰਡੀਗੜ੍ਹ ਪ੍ਰਸ਼ਾਸਨ ਨੇ ਸਿਹਤ ਵਿਭਾਗ ਵਿੱਚ ਗਰੁੱਪ-ਏ ਜਨਰਲ ਡਿਊਟੀ ਮੈਡੀਕਲ ਅਫਸਰਾਂ ਲਈ ‘ਯੂ ਟੀ ਚੰਡੀਗੜ੍ਹ ਹੈਲਥ ਸਰਵਿਸ ਰੂਲਜ਼ , 2026’ ਨੂੰ ਨੋਟੀਫਾਈ ਕਰ ਦਿੱਤਾ ਹੈ। ਇਹ ਨਿਯਮ ਭਾਰਤੀ ਸੰਵਿਧਾਨ ਦੇ ਆਰਟੀਕਲ 309 ਤਹਿਤ ਬਣਾਏ ਗਏ ਹਨ ਅਤੇ ਸਰਕਾਰੀ ਗਜ਼ਟ ਵਿੱਚ ਪ੍ਰਕਾਸ਼ਿਤ ਹੋਣ ਦੀ ਤਾਰੀਖ ਤੋਂ ਲਾਗੂ ਹੋਣਗੇ। ਨਵੇਂ ਕੈਡਰ ਵਿੱਚ ਮੈਡੀਕਲ ਅਫਸਰ, ਸੀਨੀਅਰ ਮੈਡੀਕਲ ਅਫਸਰ, ਚੀਫ ਮੈਡੀਕਲ ਅਫਸਰ, ਐਡੀਸ਼ਨਲ ਡਾਇਰੈਕਟਰ, ਡਾਇਰੈਕਟਰ (ਹਸਪਤਾਲ) ਅਤੇ ਡਾਇਰੈਕਟਰ (ਪ੍ਰਸ਼ਾਸਨ) ਵਰਗੇ ਅਹੁਦੇ ਸ਼ਾਮਲ ਕੀਤੇ ਗਏ ਹਨ।
ਨੋਟੀਫਿਕੇਸ਼ਨ ਅਨੁਸਾਰ ਇਸ ਸਮੇਂ ਚੀਫ ਮੈਡੀਕਲ ਅਫਸਰ, ਸੀਨੀਅਰ ਮੈਡੀਕਲ ਅਫਸਰ ਅਤੇ ਮੈਡੀਕਲ ਅਫਸਰ ਦੇ ਕੁੱਲ 186 ਮਨਜ਼ੂਰਸ਼ੁਦਾ ਅਹੁਦੇ ਹਨ। ਇਸ ਦੇ ਉਲਟ ਡਾਇਰੈਕਟਰ (ਪ੍ਰਸ਼ਾਸਨ), ਡਾਇਰੈਕਟਰ (ਹਸਪਤਾਲ) ਅਤੇ ਐਡੀਸ਼ਨਲ ਡਾਇਰੈਕਟਰ ਦੇ ਅਹੁਦਿਆਂ ਦੀ ਮੌਜੂਦਾ ਗਿਣਤੀ ਸ਼ੂਨਯ ਦਰਸਾਈ ਗਈ ਹੈ। ਪ੍ਰਸ਼ਾਸਨ ਲੋੜ ਮੁਤਾਬਕ ਮਨਜ਼ੂਰਸ਼ੁਦਾ ਅਹੁਦਿਆਂ ਦੀ ਗਿਣਤੀ ਵਿੱਚ ਸੋਧ ਕਰ ਸਕਦਾ ਹੈ।
ਤਰੱਕੀ ਲਈ ਸਮੇਂਬੱਧ ਪ੍ਰਬੰਧ: ਨਿਯਮਾਂ ਵਿੱਚ ਡਾਇਨੈਮਿਕ ਅਸ਼ਿਊਰਡ ਕਰੀਅਰ ਪ੍ਰੋਗਰੈਸ਼ਨ(ਡੈ.ਏ ਸੀ.ਪੀ ) ਤਹਿਤ ਸਮੇਂਬੱਧ ਤਰੱਕੀ ਦਾ ਪ੍ਰਬੰਧ ਹੈ, ਜਿਸ ਲਈ ਖਾਲੀ ਅਹੁਦੇ ਨੂੰ ਆਧਾਰ ਨਹੀਂ ਬਣਾਇਆ ਜਾਵੇਗਾ। ਲੈਵਲ-10 ਦੇ ਮੈਡੀਕਲ ਅਫਸਰ ਲਈ ਤਨਖਾਹ ਸਕੇਲ ਰੁ: 56,100 ਤੋਂ ਰੁ:1,77,500 ਹੈ। 8 ਸਾਲ ਦੀ ਨਿਯਮਤ ਸੇਵਾ ਤੋਂ ਬਾਅਦ ਮੈਡੀਕਲ ਅਫਸਰ ਨੂੰ ਸੀਨੀਅਰ ਮੈਡੀਕਲ ਅਫਸਰ ਅਤੇ ਇਸ ਅਹੁਦੇ ’ਤੇ 5 ਸਾਲ ਬਾਅਦ ਚੀਫ ਮੈਡੀਕਲ ਅਫਸਰ ਵਜੋਂ ਤਰੱਕੀ ਲਈ ਯੋਗਤਾ ਹੋਵੇਗੀ।
ਡਾਇਰੈਕਟਰ (ਹਸਪਤਾਲ) ਲਈ ਚੀਫ ਮੈਡੀਕਲ ਅਫਸਰ ਵਜੋਂ 4 ਸਾਲ ਦੀ ਸੇਵਾ ਅਤੇ *ਵੈਰੀ ਗੁਡ ’ ਪ੍ਰਦਰਸ਼ਨ ਮਾਪਦੰਡ ਲਾਜ਼ਮੀ ਹੋਵੇਗਾ। ਮੈਡੀਕਲ ਅਫਸਰ ਤੋਂ ਸੀਨੀਅਰ ਮੈਡੀਕਲ ਅਫਸਰ ਲਈ ‘ਗੁਡ ’, ਜਦਕਿ ਅਗਲੀਆਂ ਤਰੱਕੀਆਂ ਲਈ ‘ਵੈਰੀ ਗੁਡ ’ ਬੈਂਚਮਾਰਕ ਰੱਖਿਆ ਗਿਆ ਹੈ।
ਭਰਤੀ ਦਾ 60:40 ਅਨੁਪਾਤ: ਮੈਡੀਕਲ ਅਫਸਰਾਂ ਦੀ ਭਰਤੀ ਡੈਪੂਟੇਸ਼ਨ ਅਤੇ ਸਿੱਧੀ ਭਰਤੀ ਰਾਹੀਂ ਕੀਤੀ ਜਾਵੇਗੀ। ਨਿਯਮਾਂ ਅਨੁਸਾਰ 60 ਫੀਸਦੀ ਅਹੁਦੇ ਡੈਪੂਟੇਸ਼ਨ ਅਤੇ 40 ਫੀਸਦੀ ਸਿੱਧੀ ਭਰਤੀ ਰਾਹੀਂ ਭਰੇ ਜਾਣਗੇ। ਜੇਕਰ ਕਿਸੇ ਕੋਟੇ ਰਾਹੀਂ ਅਹੁਦੇ ਨਾ ਭਰੇ ਜਾਣ ਤਾਂ ਦੂਜੇ ਤਰੀਕੇ ਰਾਹੀਂ ਉਨ੍ਹਾਂ ਨੂੰ ਭਰਨ ਦੀ ਵਿਵਸਥਾ ਵੀ ਰੱਖੀ ਗਈ ਹੈ।
ਸਿੱਧੀ ਭਰਤੀ ਲਈ ਉਮੀਦਵਾਰ ਕੋਲ ਮਾਨਤਾ ਪ੍ਰਾਪਤ ਐਮ.ਬੀ.ਬੀ.ਐਸ ਡਿਗਰੀ ਅਤੇ ਲਾਜ਼ਮੀ ਰੋਟੇਟਿੰਗ ਇੰਟਰਨਸ਼ਿਪ ਪੂਰੀ ਹੋਣੀ ਚਾਹੀਦੀ ਹੈ। ਉਪਰਲੀ ਉਮਰ ਹੱਦ 35 ਸਾਲ ਹੈ, ਜਦਕਿ ਸਰਕਾਰੀ ਕਰਮਚਾਰੀਆਂ ਲਈ ਲਾਗੂ ਨਿਯਮਾਂ ਅਨੁਸਾਰ ਛੋਟ ਦਿੱਤੀ ਜਾਵੇਗੀ। ਚੋਣ ਲਈ ਯੂਪੀਐੱਸਸੀ ਵੱਲੋਂ ਲਿਖਤੀ ਪ੍ਰੀਖਿਆ ਤੋਂ ਬਾਅਦ ਇੰਟਰਵਿਊ/ਚੋਣ ਪ੍ਰਕਿਰਿਆ ਹੋਵੇਗੀ।
ਪ੍ਰਾਈਵੇਟ ਪ੍ਰੈਕਟਿਸ ’ਤੇ ਰੋਕ: ਨਵੇਂ ਨਿਯਮਾਂ ਤਹਿਤ ਸੇਵਾ ਵਿੱਚ ਨਿਯੁਕਤ ਮੈਡੀਕਲ ਅਧਿਕਾਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰਾਈਵੇਟ ਪ੍ਰੈਕਟਿਸ, ਜਿਸ ਵਿੱਚ ਨਿੱਜੀ ਮਰੀਜ਼ਾਂ ਦੀ ਸਲਾਹ ਅਤੇ ਲੈਬੋਰਟਰੀ ਪ੍ਰੈਕਟਿਸ ਵੀ ਸ਼ਾਮਲ ਹੈ, ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਯੋਗ ਡਾਕਟਰਾਂ ਨੂੰ ਸਰਕਾਰ ਵੱਲੋਂ ਨਿਰਧਾਰਤ ਦਰਾਂ ਅਨੁਸਾਰ ਨੌਂਨ -ਪ੍ਰੈਕਟਿਸਿੰਗ ਅਲਾਊਂਸ (ਐਨਪੀਏ )ਮਿਲ ਸਕਦਾ ਹੈ। ਇਨ੍ਹਾਂ ਨਿਯਮਾਂ ਨਾਲ ਚੰਡੀਗੜ੍ਹ ਸਿਹਤ ਵਿਭਾਗ ਦੇ ਗਰੁੱਪ-ਏ ਮੈਡੀਕਲ ਅਧਿਕਾਰੀਆਂ ਲਈ ਭਰਤੀ, ਕੈਡਰ ਢਾਂਚੇ, ਤਰੱਕੀ ਅਤੇ ਸੇਵਾ ਸ਼ਰਤਾਂ ਨੂੰ ਇੱਕ ਨਿਯਮਤ ਢਾਂਚਾ ਮਿਲੇਗਾ।
