ਫ਼ਤਹਿਗੜ੍ਹ ਸਾਹਿਬ, 02 ਨਵੰਬਰ, 2026 (ਗੁਰਮੀਤ ਸਿੰਘ ਤੁੰਗ) : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਿਹਗੜ੍ਹ ਸਾਹਿਬ ਦੇ ਫਿਜ਼ਿਓਥੈਰੇਪੀ ਵਿਭਾਗ ਵੱਲੋਂ ਕਨਫੈਡਰੇਸ਼ਨ ਫਾਰ ਦ ਚੈਲੇਂਜਡ ਦੇ ਸਹਿਯੋਗ ਨਾਲ 2 ਨਵੰਬਰ, 2026 ਨੂੰ ਦੀਵਾਲੀ ਮੌਕੇ ਫੰਡਰੇਜ਼ਿੰਗ ਸਮਾਗਮ ਕਰਵਾਇਆ ਗਿਆ। ਇਸ ਉਪਰਾਲੇ ਦਾ ਉਦੇਸ਼ ਵਿਸ਼ੇਸ਼ ਯੋਗਤਾ ਵਾਲੇ ਬੱਚਿਆਂ ਦੀ ਪ੍ਰਤਿਭਾ ਨੂੰ ਮੰਚ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਆਤਮ-ਨਿਰਭਰ ਬਣਾਉਣ ਅਤੇ ਉਨ੍ਹਾਂ ਦੀਆਂ ਕਲਾਤਮਕ ਯੋਗਤਾਵਾਂ ਨੂੰ ਹੋਰ ਨਿਖਾਰਨ ਲਈ ਉਤਸ਼ਾਹਿਤ ਕਰਨਾ ਸੀ। ਸਮਾਗਮ ਦੌਰਾਨ ਬੱਚਿਆਂ ਵੱਲੋਂ ਤਿਆਰ ਕੀਤੀਆਂ ਵੱਖ-ਵੱਖ ਕਲਾਤਮਕ ਵਸਤਾਂ ਦੀ ਪ੍ਰਦਰਸ਼ਨੀ ਲਗਾਈ ਗਈ, ਜਿਨ੍ਹਾਂ ਰਾਹੀਂ ਉਨ੍ਹਾਂ ਦੀ ਸਿਰਜਣਾਤਮਕ ਸੋਚ ਅਤੇ ਕਲਾਤਮਕ ਹੁਨਰ ਦੀ ਝਲਕ ਦੇਖਣ ਨੂੰ ਮਿਲੀ। ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਇਨ੍ਹਾਂ ਵਸਤਾਂ ਦੀ ਖਰੀਦਦਾਰੀ ਕਰਕੇ ਇਸ ਉਪਰਾਲੇ ਵਿੱਚ ਆਪਣਾ ਯੋਗਦਾਨ ਪਾਇਆ।
ਇਸ ਸਮਾਗਮ ਦਾ ਆਯੋਜਨ ਡਾ. ਪੰਕਜਪ੍ਰੀਤ ਸਿੰਘ, ਡੀਨ, ਫੈਕਲਟੀ ਆਫ ਅਲਾਈਡ ਐਂਡ ਹੈਲਥ-ਕੇਅਰ ਸਾਇੰਸਿਜ਼ ਅਤੇ ਡਾ. ਸੁਪ੍ਰੀਤ ਬਿੰਦਰਾ, ਮੁਖੀ, ਫਿਜ਼ਿਓਥੈਰੇਪੀ ਵਿਭਾਗ ਦੀ ਅਗਵਾਈ ਹੇਠ ਕੀਤਾ ਗਿਆ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਪਰਿਤ ਪਾਲ ਸਿੰਘ ਅਤੇ ਡੀਨ ਅਕਾਦਮਿਕ ਮਾਮਲੇ ਪ੍ਰੋ. (ਡਾ.) ਸੁਖਵਿੰਦਰ ਸਿੰਘ ਬਿਲਿੰਗ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ, ਜਦਕਿ ਰਜਿਸਟਰਾਰ ਪ੍ਰੋ. (ਡਾ.) ਤੇਜਬੀਰ ਸਿੰਘ ਨੇ ਵੀ ਆਪਣਾ ਉਤਸ਼ਾਹ ਅਤੇ ਸਹਿਯੋਗ ਦਿੱਤਾ। ਇਸ ਮੌਕੇ ਕਨਫੈਡਰੇਸ਼ਨ ਫਾਰ ਦ ਚੈਲੇਂਜਡ ਦੇ ਪ੍ਰਧਾਨ ਸ੍ਰੀ ਮਨਮੋਹਨ ਜਰਗਰ ਨੇ ਇਸ ਉਪਰਾਲੇ ਲਈ ਯੂਨੀਵਰਸਿਟੀ ਅਧਿਕਾਰੀਆਂ ਅਤੇ ਫਿਜ਼ਿਓਥੈਰੇਪੀ ਵਿਭਾਗ ਦਾ ਧੰਨਵਾਦ ਕੀਤਾ। ਇਸ ਉਪਰਾਲੇ ਰਾਹੀਂ ਯੂਨੀਵਰਸਿਟੀ ਨੇ ਵਿਸ਼ੇਸ਼ ਯੋਗਤਾ ਵਾਲੇ ਬੱਚਿਆਂ ਦੇ ਆਤਮ-ਵਿਸ਼ਵਾਸ, ਸਵੈ-ਨਿਰਭਰਤਾ ਅਤੇ ਸਿਰਜਣਾਤਮਕ ਯੋਗਤਾਵਾਂ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਸਮਾਜ ਵਿੱਚ ਸਭ ਨੂੰ ਬਰਾਬਰ ਦੇ ਮੌਕੇ ਦੇਣ ਅਤੇ ਆਪਸੀ ਸਾਂਝ ਤੇ ਬਰਾਬਰੀ ਦੀ ਭਾਵਨਾ ਨੂੰ ਮਜ਼ਬੂਤ ਕਰਨ ਦੇ ਆਪਣੇ ਉਦੇਸ਼ ਨੂੰ ਦੁਹਰਾਇਆ।
