Homeਪੰਜਾਬਨਵੀਂ ਰੇਲਵੇ ਲਾਈਨ ਪ੍ਰੋਜੈਕਟ ਨੂੰ ਮਿਲੀ ਰਫ਼ਤਾਰ, ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ

ਨਵੀਂ ਰੇਲਵੇ ਲਾਈਨ ਪ੍ਰੋਜੈਕਟ ਨੂੰ ਮਿਲੀ ਰਫ਼ਤਾਰ, ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ

ਚੰਡੀਗੜ੍ਹ:24 ਜੁਲਾਈ (ਛਤਰਪਾਲ ਸਿੰਘ):ਭਾਨੂਪਾਲੀ ਤੋਂ ਬਿਲਾਸਪੁਰ-ਬੇਰੀ ਤੱਕ ਬਣਨ ਵਾਲੀ ਨਵੀਂ ਬ੍ਰੌਡ ਗੇਜ ਰੇਲਵੇ ਲਾਈਨ ਦੇ ਪ੍ਰੋਜੈਕਟ ਨੂੰ ਅੱਗੇ ਵਧਾਉਂਦਿਆਂ ਪੰਜਾਬ ਸਰਕਾਰ ਨੇ ਜ਼ਮੀਨ ਪ੍ਰਾਪਤੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਸਰਕਾਰ ਵੱਲੋਂ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ, ਜਿਸ ਤਹਿਤ ਰੂਪਨਗਰ ਜ਼ਿਲ੍ਹੇ ਦੀ ਨੰਗਲ ਤਹਿਸੀਲ ਦੇ ਕੁਝ ਪਿੰਡਾਂ ਵਿੱਚ ਜ਼ਮੀਨ ਐਕੁਆਇਰ ਕੀਤੀ ਜਾਵੇਗੀ।

ਸਰਕਾਰੀ ਨੋਟੀਫਿਕੇਸ਼ਨ ਅਨੁਸਾਰ ਪ੍ਰੋਜੈਕਟ ਲਈ ਭਾਨੂਪਾਲੀ, ਨੰਗਲੀ ਅਤੇ ਜਿੰਦਵਾੜੀ ਪਿੰਡਾਂ ਦੀ ਕੁੱਲ 11 ਕਨਾਲ 1 ਮਰਲਾ ਜ਼ਮੀਨ ਹਾਸਲ ਕੀਤੀ ਜਾਣੀ ਹੈ। ਇਹ ਜ਼ਮੀਨ ਲਗਭਗ 1.38 ਏਕੜ ਦੇ ਬਰਾਬਰ ਬਣਦੀ ਹੈ ਅਤੇ ਰੇਲਵੇ ਲਾਈਨ ਦੇ ਨਿਰਮਾਣ ਲਈ ਵਰਤੀ ਜਾਵੇਗੀ।

ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਹੋਣ ਦੇ ਨਾਲ ਹੀ ਪ੍ਰਭਾਵਿਤ ਜ਼ਮੀਨ ‘ਤੇ ਕੁਝ ਪਾਬੰਦੀਆਂ ਵੀ ਲਾਗੂ ਕਰ ਦਿੱਤੀਆਂ ਹਨ। ਹੁਣ ਇਸ ਜ਼ਮੀਨ ਦੀ ਖਰੀਦ-ਫਰੋਖ਼ਤ, ਤਬਾਦਲਾ ਜਾਂ ਕਿਸੇ ਹੋਰ ਕਿਸਮ ਦਾ ਲੈਣ-ਦੇਣ ਸਬੰਧਤ ਅਧਿਕਾਰੀਆਂ ਦੀ ਮਨਜ਼ੂਰੀ ਤੋਂ ਬਿਨਾਂ ਨਹੀਂ ਕੀਤਾ ਜਾ ਸਕੇਗਾ।

ਇਸ ਦੇ ਨਾਲ ਹੀ ਪ੍ਰਭਾਵਿਤ ਜ਼ਮੀਨ ਮਾਲਕਾਂ ਅਤੇ ਹੋਰ ਸਬੰਧਤ ਧਿਰਾਂ ਨੂੰ ਆਪਣੇ ਇਤਰਾਜ਼ ਦਰਜ ਕਰਵਾਉਣ ਦਾ ਮੌਕਾ ਵੀ ਦਿੱਤਾ ਗਿਆ ਹੈ। ਜੇਕਰ ਕਿਸੇ ਵਿਅਕਤੀ ਨੂੰ ਜ਼ਮੀਨ ਪ੍ਰਾਪਤੀ ਸਬੰਧੀ ਕੋਈ ਐਤਰਾਜ਼ ਹੈ ਤਾਂ ਉਹ ਨੋਟੀਫਿਕੇਸ਼ਨ ਦੀ ਮਿਤੀ ਤੋਂ 60 ਦਿਨਾਂ ਦੇ ਅੰਦਰ ਐਸਡੀਐਮ-ਕਮ-ਲੈਂਡ ਐਕੁਆਇਜ਼ੀਸ਼ਨ ਕੁਲੈਕਟਰ, ਨੰਗਲ ਕੋਲ ਲਿਖਤੀ ਰੂਪ ਵਿੱਚ ਆਪਣੀ ਅਪੱਤੀ ਦਰਜ ਕਰਵਾ ਸਕਦਾ ਹੈ।

ਭਾਨੂਪਾਲੀ-ਬਿਲਾਸਪੁਰ-ਬੇਰੀ ਰੇਲਵੇ ਲਾਈਨ ਨੂੰ ਖੇਤਰ ਦੇ ਮਹੱਤਵਪੂਰਨ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ। ਇਸ ਦੇ ਮੁਕੰਮਲ ਹੋਣ ਨਾਲ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦਰਮਿਆਨ ਰੇਲ ਸੰਪਰਕ ਨੂੰ ਹੋਰ ਮਜ਼ਬੂਤੀ ਮਿਲਣ ਦੀ ਉਮੀਦ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments