Homeਪਟਿਆਲਾ ਅਪਡੇਟਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਪਟਿਆਲਾ 'ਚ ਹੋਵੇਗੀ NDRF ਦੀ ਮੌਕ ਡਰਿੱਲ:...

ਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਪਟਿਆਲਾ ‘ਚ ਹੋਵੇਗੀ NDRF ਦੀ ਮੌਕ ਡਰਿੱਲ: ਡਾ. ਹਿਮਾਂਸ਼ੂ ਅਗਰਵਾਲ

ਪਟਿਆਲਾ, 22 ਜੁਲਾਈ, 2026 (ਦੀਪਕ ਦੱਤਾ): ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਨ.ਡੀ.ਆਰ.ਐਫ ਨਾਲ ਮਿਲ ਕੇ ਸੰਭਾਵੀ ਹੜ੍ਹਾਂ ਵਰਗੀ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਮੌਕ ਡਰਿੱਲ ਕੀਤੀ ਜਾਵੇਗੀ।

ਡਾ. ਹਿਮਾਂਸ਼ੂ ਅਗਰਵਾਲ ਨੇ ਏ.ਡੀ.ਸੀ. (ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ, ਐਨ.ਡੀ.ਆਰ.ਐਫ ਦੀ 7ਵੀਂ ਬਟਾਲੀਅਨ ਬਠਿੰਡਾ ਦੇ ਸਬ-ਇੰਸਪੈਕਟਰ ਯੇਤਿੰਦਰ ਸਿੰਘ, ਸਮੂਹ ਐਸ.ਡੀ.ਐਮਜ਼, ਪੁਲਿਸ, ਜ਼ਿਲ੍ਹਾ ਮਾਲ ਅਫ਼ਸਰ ਦਿਵਿਆ ਸਿੰਗਲਾ, ਡਰੇਨੇਜ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਅਕਾਸ਼ ਅਗਰਵਾਲ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ।

ਡਿਪਟੀ ਕਮਿਸ਼ਨਰ ਨੇ ਡਰੇਨੇਜ ਵਿਭਾਗ ਨੂੰ ਹਦਾਇਤ ਕੀਤੀ ਕਿ ਨਦੀਆਂ ਦੀਆਂ ਪਛਾਣ ਕੀਤੀਆਂ ਸੰਵੇਦਨਸ਼ੀਲ ਥਾਵਾਂ ’ਤੇ ਆਉਣ ਵਾਲੀ ਜਲਬੂਟੀ ਅਤੇ ਪਾਣੀ ਦੇ ਵਹਾਅ ਵਿੱਚ ਰੁਕਾਵਟ ਪੈਦਾ ਕਰਨ ਵਾਲੀਆਂ ਹੋਰ ਵਸਤਾਂ ਨੂੰ ਤੁਰੰਤ ਦੂਰ ਕਰਨ ਲਈ ਲੋੜੀਂਦੀ ਮਸ਼ੀਨਰੀ 24 ਘੰਟੇ ਤਾਇਨਾਤ ਰੱਖੀ ਜਾਵੇ। ਉਨ੍ਹਾਂ ਸਾਰੇ ਵਿਭਾਗਾਂ ਨੂੰ ਦੁਹਰਾਇਆ ਕਿ ਜੇਕਰ ਕਿਸੇ ਵਿਭਾਗ ਨੂੰ ਕਿਸੇ ਵੀ ਸਾਜੋ-ਸਮਾਨ ਦੀ ਲੋੜ ਹੈ ਤਾਂ ਉਹ ਤੁਰੰਤ ਮੰਗ ਕਰ ਲਏ, ਪਰ ਹੜ੍ਹਾਂ ਵਰਗੀ ਸਥਿਤੀ ਦੌਰਾਨ ਜੇਕਰ ਕੋਈ ਲੋੜੀਂਦਾ ਸਮਾਨ ਮੌਜੂਦ ਨਾ ਹੋਇਆ ਤਾਂ ਇਸ ਦਾ ਗੰਭੀਰ ਨੋਟਿਸ ਲਿਆ ਜਾਵੇਗਾ।

ਉਨ੍ਹਾਂ ਐਸ.ਡੀ.ਐਮਜ਼ ਅਤੇ ਸਮੂਹ ਵਿਭਾਗਾਂ ਵੱਲੋਂ ਕੀਤੀਆਂ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਲੋੜੀਂਦੀਆਂ ਕਿਸ਼ਤੀਆਂ, ਰੱਸੇ, ਲਾਇਫ ਜੈਕੇਟਾਂ, ਗੋਤਾਖੋਰਾਂ ਦੀ ਸੂਚੀ, ਰਾਸ਼ਨ, ਐਮਰਜੈਂਸੀ ਰਾਹਤ ਕੇਂਦਰਾਂ ਅਤੇ ਹੋਰ ਰਾਹਤ ਸਮੱਗਰੀ ਦੀ ਉਪਲਬਧਤਾ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਜ਼ਿਲ੍ਹਾ ਮਾਲ ਅਫ਼ਸਰ ਨੂੰ ਹਦਾਇਤ ਕੀਤੀ ਕਿ ਜਿੱਥੇ ਹੜ੍ਹਾਂ ਵਿੱਚ ਫਸੀਆਂ ਮਨੁੱਖੀ ਜਾਨਾਂ ਨੂੰ ਬਚਾਉਣ ਲਈ ਮੋਟਰਬੋਟਾਂ ਅਤੇ ਲਾਇਫ ਜੈਕੇਟਾਂ ਦਾ ਪੂਰਾ ਪ੍ਰਬੰਧ ਕੀਤਾ ਜਾਵੇ, ਉੱਥੇ ਹੀ ਪਸ਼ੂਆਂ ਨੂੰ ਬਚਾਉਣ ਲਈ ਵੱਡੇ ਬੇੜਿਆਂ ਦਾ ਵੀ ਪ੍ਰਬੰਧ ਕਰਕੇ ਰੱਖਿਆ ਜਾਵੇ।

ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਸੰਭਾਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਪਹਿਲਾਂ ਤੋਂ ਪਛਾਣ ਕਰਕੇ ਉੱਥੇ ਰਾਹਤ ਅਤੇ ਬਚਾਅ ਕਾਰਜਾਂ ਲਈ ਲੋੜੀਂਦੀ ਟੀਮਾਂ ਨੂੰ ਤਿਆਰ ਰੱਖਿਆ ਜਾਵੇ। ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਹਦਾਇਤਾਂ ਮੁਤਾਬਕ ਸਾਰੇ ਲੋੜੀਂਦੇ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ।

RELATED ARTICLES
- Advertisment -
Google search engine
Google search engine
Google search engine

Most Popular

Recent Comments