ਸੰਤ ਕਬੀਰ ਭਵਨ ਲਈ 11 ਲੱਖ ਰੁਪਏ ਦਾ ਐਲਾਨ
ਸੰਤ ਕਬੀਰ ਦਾਸ ਨੇ ਸਮਰਸਤਾ, ਸਮਾਨਤਾ ਅਤੇ ਇਨਸਾਨੀਅਤ ਦਾ ਸੰਦੇਸ਼ ਦੇ ਕੇ ਸਮਾਜ ਨੂੰ ਇਕਜੁੱਟ ਕਰਨ ਦਾ ਕੰਮ ਕੀਤਾ
ਲੁਧਿਆਣਾ/ਚੰਡੀਗੜ੍ਹ, 28 ਜੂਨ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਲੁਧਿਆਣਾ ਵਿੱਚ ਧਾਨਕ ਸਮਾਜ ਵੱਲੋਂ ਸੰਤ ਕਬੀਰ ਦੇ 628ਵੇਂ ਪ੍ਰਗਟ ਦਿਵਸ ਮੌਕੇ ਕਰਵਾਏ ਗਏ ਰਾਜ ਪੱਧਰੀ ਸੰਮੇਲਨ ਵਿੱਚ ਸ਼ਿਰਕਤ ਕਰਦਿਆਂ ਸੰਤ ਕਬੀਰ ਦੀਆਂ ਸਿੱਖਿਆਵਾਂ ਨੂੰ ਸਮਾਜ ਲਈ ਪ੍ਰੇਰਣਾਦਾਇਕ ਦੱਸਿਆ। ਇਸ ਮੌਕੇ ਉਨ੍ਹਾਂ ਨੇ ਲੁਧਿਆਣਾ ਵਿੱਚ ਸੰਤ ਕਬੀਰ ਭਵਨ ਦੇ ਨਿਰਮਾਣ ਲਈ 11 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ।
ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੰਤ ਕਬੀਰ ਦਾਸ ਨੇ ਸਮਰਸਤਾ, ਸਮਾਨਤਾ ਅਤੇ ਇਨਸਾਨੀਅਤ ਦਾ ਸੰਦੇਸ਼ ਦੇ ਕੇ ਸਮਾਜ ਨੂੰ ਇਕਜੁੱਟ ਕਰਨ ਦਾ ਕੰਮ ਕੀਤਾ। ਉਨ੍ਹਾਂ ਕਿਹਾ ਕਿ ਸੰਤ ਕਬੀਰ ਦੀ ਬਾਣੀ ਅੱਜ ਵੀ ਸਮਾਜ ਨੂੰ ਸੱਚ, ਭਾਈਚਾਰੇ ਅਤੇ ਸਮਾਜਿਕ ਬਰਾਬਰੀ ਦਾ ਰਾਹ ਦਿਖਾਉਂਦੀ ਹੈ ਅਤੇ ਹਰਿਆਣਾ ਸਰਕਾਰ ਉਨ੍ਹਾਂ ਦੇ ਵਿਚਾਰਾਂ ਨੂੰ ਅਮਲ ਵਿੱਚ ਲਿਆਉਣ ਲਈ ਲਗਾਤਾਰ ਕੰਮ ਕਰ ਰਹੀ ਹੈ।
ਨਾਇਬ ਸਿੰਘ ਸੈਣੀ ਨੇ ਪੰਜਾਬ ਵਿੱਚ ਵਧ ਰਹੇ ਨਸ਼ੇ ਦੇ ਮੁੱਦੇ ‘ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਨਸ਼ੇ ਨੇ ਕਈ ਪਰਿਵਾਰਾਂ ਨੂੰ ਤਬਾਹ ਕਰ ਦਿੱਤਾ ਹੈ ਅਤੇ ਨੌਜਵਾਨ ਪੀੜ੍ਹੀ ਨੂੰ ਇਸ ਦੀ ਲਤ ਤੋਂ ਬਚਾਉਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਦੇ ਹੀ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਉਹ ਸੂਬਾ ਛੱਡਣ ਲਈ ਮਜਬੂਰ ਹੋ ਜਾਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਸਮਾਜ ਦੇ ਕਮਜ਼ੋਰ ਵਰਗਾਂ ਦੇ ਭਲਾਈ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਗਰੀਬ ਪਰਿਵਾਰਾਂ ਨੂੰ ਪਲਾਟ, ਮਕਾਨ, ਆਯੁਸ਼ਮਾਨ ਚਿਰਾਯੂ ਯੋਜਨਾ, ਲਾਡੋ ਲਕਸ਼ਮੀ ਯੋਜਨਾ, ਸਸਤੇ ਗੈਸ ਸਿਲੰਡਰ ਅਤੇ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਸਮੇਤ ਕਈ ਭਲਾਈ ਯੋਜਨਾਵਾਂ ਦਾ ਲਾਭ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਪੰਜਾਬ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸੂਬੇ ਵਿੱਚ ਕੀਤੇ ਗਏ ਕਈ ਵਾਅਦੇ ਅਜੇ ਤੱਕ ਪੂਰੇ ਨਹੀਂ ਹੋਏ ਅਤੇ ਕਾਨੂੰਨ-ਵਿਵਸਥਾ ਦੀ ਸਥਿਤੀ ਵੀ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਭਾਜਪਾ ਲੋਕਾਂ ਦੇ ਭਰੋਸੇ, ਪਾਰਦਰਸ਼ੀ ਪ੍ਰਸ਼ਾਸਨ ਅਤੇ ਵਿਕਾਸ ਦੇ ਏਜੰਡੇ ਨਾਲ ਅੱਗੇ ਵਧ ਰਹੀ ਹੈ।
ਨਾਇਬ ਸਿੰਘ ਸੈਣੀ ਨੇ ਆਪਣੇ ਸੰਬੋਧਨ ਵਿੱਚ ਡਾ. ਭੀਮਰਾਓ ਅੰਬੇਡਕਰ ਦੇ ਵਿਚਾਰਾਂ ਦਾ ਵੀ ਜ਼ਿਕਰ ਕਰਦਿਆਂ ਕਿਹਾ ਕਿ ਸਿੱਖਿਆ, ਸੰਗਠਨ ਅਤੇ ਸੰਘਰਸ਼ ਹੀ ਸਮਾਜ ਦੀ ਤਰੱਕੀ ਦਾ ਸਭ ਤੋਂ ਮਜ਼ਬੂਤ ਰਸਤਾ ਹੈ। ਉਨ੍ਹਾਂ ਨੌਜਵਾਨਾਂ ਨੂੰ ਸਿੱਖਿਆ ਹਾਸਲ ਕਰਕੇ ਸਮਾਜ ਅਤੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ।
ਸਮਾਗਮ ਵਿੱਚ ਭਾਜਪਾ ਦੇ ਕਈ ਸੀਨੀਅਰ ਆਗੂ, ਸਮਾਜ ਦੇ ਨੁਮਾਇੰਦੇ ਅਤੇ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਰਹੇ।
