Homeਪੰਜਾਬਮੋਗਾ ਵਿੱਚ ਮੋਟਰਾਂ ਦੀਆਂ ਤਾਰਾਂ ਦੀਆਂ ਚੋਰੀਆਂ ਵਧੀਆਂ, ਕਿਸਾਨ ਯੂਨੀਅਨ ਨੇ ਪੁਲਿਸ...

ਮੋਗਾ ਵਿੱਚ ਮੋਟਰਾਂ ਦੀਆਂ ਤਾਰਾਂ ਦੀਆਂ ਚੋਰੀਆਂ ਵਧੀਆਂ, ਕਿਸਾਨ ਯੂਨੀਅਨ ਨੇ ਪੁਲਿਸ ਤੋਂ ਸਖ਼ਤ ਕਾਰਵਾਈ ਦੀ ਕੀਤੀ ਮੰਗ

Increased thefts during paddy transplanting season, farmers' union demands strict action against thieves and junkyards buying stolen goods

ਮੋਗਾ, 25 ਜੂਨ:(ਲਛਮਣ ਜੀਤ ਸਿੰਘ ਪੁਰਬਾ): ਮੋਗਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਖੇਤਾਂ ਵਾਲੀਆਂ ਬਿਜਲੀ ਮੋਟਰਾਂ ਦੀਆਂ ਤਾਰਾਂ ਦੀਆਂ ਵਧ ਰਹੀਆਂ ਚੋਰੀਆਂ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ ਨੇ ਇਸ ਮਸਲੇ ਨੂੰ ਗੰਭੀਰ ਦੱਸਦਿਆਂ ਪੁਲਿਸ ਪ੍ਰਸ਼ਾਸਨ ਤੋਂ ਤੁਰੰਤ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਯੂਨੀਅਨ ਆਗੂਆਂ ਨਾਲ ਹੋਈ ਮੀਟਿੰਗ ਤੋਂ ਬਾਅਦ ਜ਼ਿਲ੍ਹਾ ਮੀਡੀਆ ਸਕੱਤਰ ਬਲਕਰਨ ਸਿੰਘ ਢਿੱਲੋਂ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਝੋਨੇ ਦੀ ਲਵਾਈ ਦੇ ਸੀਜ਼ਨ ਦੌਰਾਨ ਕਿਸਾਨ ਪਹਿਲਾਂ ਹੀ ਕਈ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਅਜਿਹੇ ਸਮੇਂ ਖੇਤਾਂ ਵਿੱਚੋਂ ਮੋਟਰਾਂ ਦੀਆਂ ਬਿਜਲੀ ਤਾਰਾਂ ਚੋਰੀ ਹੋਣ ਕਾਰਨ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ।

ਭੁਪਿੰਦਰ ਸਿੰਘ ਦੌਲਤਪੁਰਾ ਨੇ ਕਿਹਾ ਕਿ ਚੋਰੀ ਦੀਆਂ ਘਟਨਾਵਾਂ ਕਾਰਨ ਕਿਸਾਨਾਂ ਨੂੰ ਨਵੀਆਂ ਤਾਰਾਂ ਖਰੀਦਣ ਲਈ ਵਾਧੂ ਖਰਚਾ ਕਰਨਾ ਪੈਂਦਾ ਹੈ, ਜੋ ਮਹਿੰਗਾਈ ਦੇ ਇਸ ਦੌਰ ਵਿੱਚ ਉਨ੍ਹਾਂ ਲਈ ਵੱਡੀ ਮੁਸ਼ਕਲ ਬਣਿਆ ਹੋਇਆ ਹੈ। ਉਨ੍ਹਾਂ ਸਵਾਲ ਉਠਾਇਆ ਕਿ ਕਿਸਾਨਾਂ ਦੇ ਹੋਏ ਇਸ ਨੁਕਸਾਨ ਦੀ ਭਰਪਾਈ ਕੌਣ ਕਰੇਗਾ।

ਕਿਸਾਨ ਆਗੂ ਨੇ ਜ਼ਿਲ੍ਹਾ ਪੁਲਿਸ ਮੁਖੀ ਮੋਗਾ ਨੂੰ ਅਪੀਲ ਕੀਤੀ ਕਿ ਤਾਰਾਂ ਚੋਰੀ ਕਰਨ ਵਾਲੇ ਗਿਰੋਹਾਂ ਨੂੰ ਕਾਬੂ ਕਰਨ ਦੇ ਨਾਲ-ਨਾਲ ਚੋਰੀ ਦਾ ਸਮਾਨ ਖਰੀਦਣ ਵਾਲੇ ਕਬਾੜੀਆਂ ਖ਼ਿਲਾਫ਼ ਵੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਚੋਰੀ ਦਾ ਮਾਲ ਖਰੀਦਣ ਵਾਲਿਆਂ ਉੱਤੇ ਸ਼ਿਕੰਜਾ ਨਹੀਂ ਕੱਸਿਆ ਜਾਂਦਾ, ਉਦੋਂ ਤੱਕ ਅਜਿਹੀਆਂ ਵਾਰਦਾਤਾਂ ਨੂੰ ਰੋਕਣਾ ਮੁਸ਼ਕਲ ਹੈ।

ਯੂਨੀਅਨ ਨੇ ਪੁਲਿਸ ਨੂੰ ਗਸ਼ਤ ਵਧਾਉਣ, ਸ਼ੱਕੀ ਅਨਸਰਾਂ ਦੀ ਨਿਗਰਾਨੀ ਕਰਨ ਅਤੇ ਪਿੰਡਾਂ ਵਿੱਚ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰਨ ਦੀ ਵੀ ਅਪੀਲ ਕੀਤੀ। ਆਗੂਆਂ ਨੇ ਕਿਹਾ ਕਿ ਕਿਸਾਨਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਉਣਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਅਤੇ ਇਸ ਸਬੰਧੀ ਤੁਰੰਤ ਕਦਮ ਚੁੱਕਣ ਦੀ ਲੋੜ ਹੈ।

ਇਸ ਮੌਕੇ ਸੂਬਾ ਆਗੂ ਮੰਦਰਜੀਤ ਸਿੰਘ ਮਨਾਵਾਂ, ਨਿਰਮਲ ਸਿੰਘ ਮਨਾਵਾਂ, ਜ਼ਿਲ੍ਹਾ ਮੀਤ ਪ੍ਰਧਾਨ ਮੋਦਨ ਸਿੰਘ ਨਿਧਾਵਾਲਾ, ਦਫ਼ਤਰ ਇੰਚਾਰਜ ਹਰਮਨਪ੍ਰੀਤ ਸਿੰਘ ਅਤੇ ਹੋਰ ਯੂਨੀਅਨ ਆਗੂ ਵੀ ਹਾਜ਼ਰ ਸਨ।

RELATED ARTICLES
- Advertisment -
Google search engine
Google search engine
Google search engine

Most Popular

Recent Comments