ਚੰਡੀਗੜ੍ਹ ,17 ਜੁਲਾਈ(ਜਤਿੰਦਰ ਗਰਗ): ਪੰਜਾਬ ਵਿੱਚ ਮਾਨਸੂਨ ਦੀ ਰਫ਼ਤਾਰ ਇੱਕ ਵਾਰ ਫਿਰ ਮੱਠੀ ਪੈ ਗਈ ਹੈ। ਮੀਂਹ ਦੀ ਕਮੀ ਕਾਰਨ ਸੂਬੇ ਦੇ ਕਈ ਇਲਾਕਿਆਂ ਵਿੱਚ ਗਰਮੀ ਅਤੇ ਹੁੰਮਸ ਨੇ ਲੋਕਾਂ ਦੀ ਪਰੇਸ਼ਾਨੀ ਵਧਾ ਦਿੱਤੀ ਹੈ। ਇਸ ਸਥਿਤੀ ਨੂੰ ਦੇਖਦੇ ਹੋਏ ਚੰਡੀਗੜ੍ਹ ਸਥਿਤ ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਸੂਬੇ ਦੇ ਅੱਠ ਜ਼ਿਲ੍ਹਿਆਂ ਲਈ ਗਰਮੀ ਅਤੇ ਹੁੰਮਸ ਸਬੰਧੀ ਯੈਲੋ ਅਲਰਟ ਜਾਰੀ ਕੀਤਾ ਹੈ।
ਮੌਸਮ ਵਿਭਾਗ ਅਨੁਸਾਰ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਮੋਗਾ, ਬਠਿੰਡਾ, ਬਰਨਾਲਾ ਅਤੇ ਮਾਨਸਾ ਵਿੱਚ ਗਰਮੀ ਅਤੇ ਨਮੀ ਦਾ ਪ੍ਰਭਾਵ ਵੱਧ ਰਹੇਗਾ। ਇਸ ਦੇ ਨਾਲ ਹੀ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ), ਫਤਿਹਗੜ੍ਹ ਸਾਹਿਬ, ਰੂਪਨਗਰ ਅਤੇ ਐਸ.ਏ.ਐਸ. ਨਗਰ (ਮੋਹਾਲੀ) ਦੇ ਕੁਝ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਹਾਲਾਂਕਿ ਇਨ੍ਹਾਂ ਜ਼ਿਲ੍ਹਿਆਂ ਲਈ ਕੋਈ ਮੌਸਮੀ ਚਿਤਾਵਨੀ ਜਾਰੀ ਨਹੀਂ ਕੀਤੀ ਗਈ।
ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 0.5 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ, ਜਿਸ ਨਾਲ ਇਹ ਆਮ ਨਾਲੋਂ 2.8 ਡਿਗਰੀ ਸੈਲਸੀਅਸ ਵੱਧ ਹੋ ਗਿਆ ਹੈ। ਬਠਿੰਡਾ ਵਿੱਚ ਸਭ ਤੋਂ ਵੱਧ 41.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।
ਮੌਸਮ ਵਿਗਿਆਨੀਆਂ ਦੇ ਅਨੁਸਾਰ, ਇਸ ਵੇਲੇ ਓਡੀਸ਼ਾ ਅਤੇ ਪੱਛਮੀ ਬੰਗਾਲ ਦੇ ਉੱਪਰ ਸਰਗਰਮ ਘੱਟ ਦਬਾਅ ਵਾਲਾ ਖੇਤਰ ਭਾਰੀ ਮੀਂਹ ਦਾ ਕਾਰਨ ਬਣ ਰਿਹਾ ਹੈ। ਇਹ ਪ੍ਰਣਾਲੀ ਪੰਜਾਬ ਤੋਂ ਦੂਰ ਹੋਣ ਕਰਕੇ ਨਮੀ ਵਾਲੀਆਂ ਹਵਾਵਾਂ ਅਤੇ ਮੀਂਹ ਵਾਲੇ ਬੱਦਲ ਸੂਬੇ ਤੱਕ ਨਹੀਂ ਪਹੁੰਚ ਰਹੇ, ਜਿਸ ਕਾਰਨ ਮਾਨਸੂਨ ਦੀ ਸਰਗਰਮੀ ਕਮਜ਼ੋਰ ਬਣੀ ਹੋਈ ਹੈ।
ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਦੱਸਿਆ ਕਿ 18 ਜੁਲਾਈ ਤੱਕ ਗਰਮ ਅਤੇ ਸਿੱਲ੍ਹਾ ਮੌਸਮ ਬਣਿਆ ਰਹੇਗਾ ਅਤੇ ਕੁਝ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਉਨ੍ਹਾਂ ਮੁਤਾਬਕ 19 ਜੁਲਾਈ ਤੋਂ ਮੀਂਹ ਦੀ ਗਤੀਵਿਧੀ ਵਿੱਚ ਤੇਜ਼ੀ ਆਉਣ ਦੀ ਸੰਭਾਵਨਾ ਹੈ, ਜਦਕਿ 20 ਤੋਂ 22 ਜੁਲਾਈ ਦਰਮਿਆਨ ਸੂਬੇ ਦੇ ਕਈ ਹਿੱਸਿਆਂ ਵਿੱਚ ਚੰਗੀ ਬਾਰਿਸ਼ ਅਤੇ ਕੁਝ ਥਾਵਾਂ ‘ਤੇ ਭਾਰੀ ਮੀਂਹ ਪੈ ਸਕਦਾ ਹੈ।
ਗਰਮੀ ਅਤੇ ਹੁੰਮਸ ਕਾਰਨ ਬਿਜਲੀ ਦੀ ਮੰਗ ਵੀ ਲਗਾਤਾਰ ਵੱਧ ਰਹੀ ਹੈ। ਸ਼ੁੱਕਰਵਾਰ ਨੂੰ ਪੰਜਾਬ ਵਿੱਚ ਬਿਜਲੀ ਦੀ ਮੰਗ 14,571 ਮੈਗਾਵਾਟ ਦਰਜ ਕੀਤੀ ਗਈ, ਜਦਕਿ ਸੂਬੇ ਦਾ ਆਪਣਾ ਉਤਪਾਦਨ 5,588 ਮੈਗਾਵਾਟ ਰਿਹਾ। ਬਾਕੀ ਲੋੜ ਨੂੰ ਪੂਰਾ ਕਰਨ ਲਈ 8,980 ਮੈਗਾਵਾਟ ਬਿਜਲੀ ਗਰਿੱਡ ਤੋਂ ਲਈ ਗਈ।
ਇਸੇ ਦੌਰਾਨ, ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਦੇ ਅੰਕੜਿਆਂ ਅਨੁਸਾਰ ਭਾਖੜਾ ਡੈਮ ਦਾ ਜਲ ਪੱਧਰ 1,582.78 ਫੁੱਟ ਅਤੇ ਪੌਂਗ ਡੈਮ ਦਾ ਜਲ ਪੱਧਰ 1,322.12 ਫੁੱਟ ਦਰਜ ਕੀਤਾ ਗਿਆ ਹੈ। ਦੋਵੇਂ ਡੈਮਾਂ ਵਿੱਚ ਪਾਣੀ ਦਾ ਪੱਧਰ ਅਜੇ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ।







