ਨਵੀਂ ਦਿੱਲੀ, 31 ਜੁਲਾਈ, 2026 (ਵਿਸ਼ਾਲ ਗੁਪਤਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਆਂਧਰਾ ਪ੍ਰਦੇਸ਼ ਅਤੇ ਕਰਨਾਟਕਾ ਦੇ ਦੌਰੇ ‘ਤੇ ਜਾਣਗੇ, ਜਿੱਥੇ ਉਹ 17,900 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ।
ਆਂਧਰਾ ਪ੍ਰਦੇਸ਼ ਦੇ ਭੋਗਾਪੁਰਮ ਵਿੱਚ ਪ੍ਰਧਾਨ ਮੰਤਰੀ ਨਵੇਂ ਬਣੇ ਅਲੂਰੀ ਸੀਤਾਰਾਮਾ ਰਾਜੂ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ ਕਰਨਗੇ। 5,640 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਤਿਆਰ ਕੀਤੇ ਗਏ ਇਸ ਹਵਾਈ ਅੱਡੇ ਨੂੰ ਹਰ ਸਾਲ ਲੱਖਾਂ ਯਾਤਰੀਆਂ ਦੀ ਆਵਾਜਾਈ ਨੂੰ ਧਿਆਨ ਵਿੱਚ ਰੱਖ ਕੇ ਵਿਕਸਤ ਕੀਤਾ ਗਿਆ ਹੈ। ਹਵਾਈ ਅੱਡੇ ਵਿੱਚ ਆਧੁਨਿਕ ਤਕਨਾਲੋਜੀ ਅਤੇ ਵਾਤਾਵਰਣ ਅਨੁਕੂਲ ਵਿਸ਼ੇਸ਼ਤਾਵਾਂ ਸ਼ਾਮਲ ਕੀਤੀਆਂ ਗਈਆਂ ਹਨ।
ਇਸ ਦੌਰਾਨ ਮੋਦੀ ਵਿਸਾਖਾਪਟਨਮ ਵਿੱਚ ਸੈਮੀਕੰਡਕਟਰ ਨਿਰਮਾਣ ਪ੍ਰਾਜੈਕਟ ਦੀ ਨੀਂਹ ਵੀ ਰੱਖਣਗੇ। 460 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਨ ਵਾਲਾ ਇਹ ਪ੍ਰਾਜੈਕਟ ਆਂਧਰਾ ਪ੍ਰਦੇਸ਼ ਦਾ ਪਹਿਲਾ ਸੈਮੀਕੰਡਕਟਰ ਨਿਰਮਾਣ ਕੇਂਦਰ ਹੋਵੇਗਾ, ਜਿਸ ਨਾਲ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣ ਦੀ ਉਮੀਦ ਹੈ।
ਕਰਨਾਟਕਾ ਦੇ ਮੈਸੂਰ ਵਿੱਚ ਪ੍ਰਧਾਨ ਮੰਤਰੀ ਰਾਮਕ੍ਰਿਸ਼ਨ ਆਸ਼ਰਮ ਵਿੱਚ ਬਣੇ ਸਵਾਮੀ ਵਿਵੇਕਾਨੰਦ ਸੱਭਿਆਚਾਰਕ ਯੁਵਾ ਕੇਂਦਰ ‘ਵਿਵੇਕ ਸਮਾਰਕ’ ਦਾ ਉਦਘਾਟਨ ਕਰਨਗੇ। ਇਹ ਕੇਂਦਰ ਨੌਜਵਾਨਾਂ ਲਈ ਸਿੱਖਿਆ, ਲੀਡਰਸ਼ਿਪ ਅਤੇ ਵਿਅਕਤੀਗਤ ਵਿਕਾਸ ਨਾਲ ਸਬੰਧਤ ਵੱਖ-ਵੱਖ ਪ੍ਰੋਗਰਾਮਾਂ ਦਾ ਕੇਂਦਰ ਬਣੇਗਾ। ਦੌਰੇ ਦੌਰਾਨ ਪ੍ਰਧਾਨ ਮੰਤਰੀ ਲੋਕਾਂ ਨੂੰ ਸੰਬੋਧਨ ਵੀ ਕਰਨਗੇ।






