ਸੰਗਰੂਰ, 31 ਜੁਲਾਈ, 2026 (ਹਰਸ਼ਪ੍ਰੀਤ ਕੌਰ) : ਹਲਕਾ ਸੰਗਰੂਰ ਦੀ ਵਿਧਾਇਕ ਸ੍ਰੀਮਤੀ ਨਰਿੰਦਰ ਕੌਰ ਭਰਾਜ ਵੱਲੋਂ ਅੱਜ ਬੀ.ਐੱਸ.ਐੱਨ.ਐੱਲ. ਪਾਰਕ (ਸਿਟੀ ਪਾਰਕ), ਸੰਗਰੂਰ ਵਿਖੇ ਲਗਭਗ 1.50 ਕਰੋੜ ਰੁਪਏ ਦੀ ਲਾਗਤ ਨਾਲ ਕਰਵਾਏ ਜਾਣ ਵਾਲੇ ਸਰਬਪੱਖੀ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ ਗਈ। ਇਸ ਪ੍ਰੋਜੈਕਟ ਤਹਿਤ ਪਾਰਕ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਦੇ ਨਾਲ-ਨਾਲ ਦਿਵਿਆਂਗ ਫਰੈਂਡਲੀ ਪਾਰਕ ਵਜੋਂ ਵਿਕਸਤ ਕੀਤਾ ਜਾਵੇਗਾ, ਤਾਂ ਜੋ ਹਰ ਵਰਗ ਦੇ ਲੋਕ, ਖਾਸ ਕਰਕੇ ਦਿਵਿਆਂਗਜਨ, ਇਸ ਪਾਰਕ ਦੀਆਂ ਸਹੂਲਤਾਂ ਦਾ ਬਿਨਾਂ ਕਿਸੇ ਰੁਕਾਵਟ ਦੇ ਲਾਭ ਲੈ ਸਕਣ।

ਇਸ ਮੌਕੇ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਅਜਿਹਾ ਬੁਨਿਆਦੀ ਢਾਂਚਾ ਵਿਕਸਤ ਕਰ ਰਹੀ ਹੈ, ਜਿਸ ਦਾ ਲਾਭ ਸਮਾਜ ਦੇ ਹਰ ਵਰਗ ਤੱਕ ਬਰਾਬਰ ਪਹੁੰਚੇ। ਉਨ੍ਹਾਂ ਕਿਹਾ ਕਿ ਦਿਵਿਆਂਗਜਨਾਂ ਲਈ ਸੁਰੱਖਿਅਤ ਜਨਤਕ ਥਾਵਾਂ ਦਾ ਨਿਰਮਾਣ ਸਰਕਾਰ ਦੀਆਂ ਪ੍ਰਮੁੱਖ ਤਰਜੀਹਾਂ ਵਿੱਚ ਸ਼ਾਮਲ ਹੈ ਅਤੇ ਇਹ ਪ੍ਰੋਜੈਕਟ ਉਸੇ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।
ਵਿਧਾਇਕ ਭਰਾਜ ਨੇ ਕਿਹਾ ਕਿ ਬੀ.ਐੱਸ.ਐੱਨ.ਐੱਲ. ਪਾਰਕ ਸੰਗਰੂਰ ਸ਼ਹਿਰ ਦੇ ਲੋਕਾਂ ਲਈ ਸੈਰ-ਸਪਾਟੇ, ਕਸਰਤ, ਮਨੋਰੰਜਨ ਅਤੇ ਸਿਹਤਮੰਦ ਜੀਵਨ ਸ਼ੈਲੀ ਦਾ ਅਹਿਮ ਕੇਂਦਰ ਹੈ। ਇਸ ਦੇ ਨਵੀਨੀਕਰਨ ਤੋਂ ਬਾਅਦ ਇਹ ਪਾਰਕ ਬੱਚਿਆਂ, ਨੌਜਵਾਨਾਂ, ਮਹਿਲਾਵਾਂ, ਬਜ਼ੁਰਗਾਂ ਅਤੇ ਦਿਵਿਆਂਗਜਨਾਂ ਲਈ ਇੱਕ ਆਦਰਸ਼ ਜਨਤਕ ਸਥਾਨ ਵਜੋਂ ਵਿਕਸਤ ਹੋਵੇਗਾ।
ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਅਧੀਨ ਪਾਰਕ ਵਿੱਚ ਰੈਂਪ, ਵ੍ਹੀਲਚੇਅਰ ਅਨੁਕੂਲ ਪੈਦਲ ਮਾਰਗ, ਵਿਸ਼ੇਸ਼ ਬੈਠਣ ਦੀਆਂ ਸਹੂਲਤਾਂ, ਆਧੁਨਿਕ ਲਾਈਟਿੰਗ ਪ੍ਰਬੰਧ, ਸੁੰਦਰ ਲੈਂਡਸਕੇਪਿੰਗ, ਹਰਿਆਲੀ ਵਿੱਚ ਵਾਧਾ, ਬੱਚਿਆਂ ਲਈ ਆਧੁਨਿਕ ਖੇਡ ਉਪਕਰਨ, ਓਪਨ ਜਿਮ, ਸੁੰਦਰ ਬੈਠਕ ਸਥਾਨ ਅਤੇ ਹੋਰ ਲੋੜੀਂਦੀਆਂ ਨਾਗਰਿਕ ਸਹੂਲਤਾਂ ਵਿਕਸਤ ਕੀਤੀਆਂ ਜਾਣਗੀਆਂ। ਇਸ ਨਾਲ ਪਾਰਕ ਦੀ ਸੁੰਦਰਤਾ ਅਤੇ ਉਪਯੋਗਤਾ ਵਿੱਚ ਮਹੱਤਵਪੂਰਨ ਵਾਧਾ ਹੋਵੇਗਾ।
ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਸੰਗਰੂਰ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ ਲਗਾਤਾਰ ਕਰੋੜਾਂ ਰੁਪਏ ਦੇ ਵਿਕਾਸ ਪ੍ਰੋਜੈਕਟ ਲਾਗੂ ਕੀਤੇ ਜਾ ਰਹੇ ਹਨ। ਸ਼ਹਿਰ ਵਿੱਚ ਸੜਕਾਂ, ਪਾਰਕਾਂ, ਸੀਵਰੇਜ, ਪੀਣ ਵਾਲੇ ਪਾਣੀ ਅਤੇ ਹੋਰ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਜਨਤਕ ਸਥਾਨਾਂ ਨੂੰ ਵਧੇਰੇ ਸੁੰਦਰ ਤੇ ਸੁਰੱਖਿਅਤ ਬਣਾਉਣ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਵਿਕਾਸ ਕਾਰਜ ਮੁਕੰਮਲ ਹੋਣ ਉਪਰੰਤ ਬੀ.ਐੱਸ.ਐੱਨ.ਐੱਲ. ਪਾਰਕ ਨਾ ਸਿਰਫ਼ ਸੰਗਰੂਰ ਦੀ ਇੱਕ ਨਵੀਂ ਪਹਿਚਾਣ ਬਣੇਗਾ, ਸਗੋਂ ਦਿਵਿਆਂਗਜਨਾਂ ਲਈ ਮਿਸਾਲੀ ਪ੍ਰੋਜੈਕਟ ਵੀ ਸਾਬਤ ਹੋਵੇਗਾ।
ਇਸ ਮੌਕੇ ਪ੍ਰਧਾਨ ਭੁਪਿੰਦਰ ਨਹਿਲ, ਪ੍ਰਧਾਨ ਅਵਤਾਰ ਸਿੰਘ ਤਾਰੀ, ਪੰਕਜ ਗਰਗ, ਐਮ ਸੀ ਜਗਤੀਤ ਕਾਲਾ, ਐਮ ਸੀ ਹਰਮਨ ਕੌਰ, ਐਮ ਸੀ ਕ੍ਰਿਸ਼ਨ ਲਾਲ ਵਿੱਕੀ, ਚਰਨਜੀਤ ਚੰਨੀ, ਕਾਕਾ ਹਰੀਪੁਰਾ, ਖੁਸ਼ਵਿੰਦਰ ਕੋਚ, ਵਿਨੋਦ ਸ਼ਰਮਾ, ਨੋਨੀ, ਸਮੇਤ ਨਗਰ ਕੌਂਸਲ ਦੇ ਅਧਿਕਾਰੀ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਪਤਵੰਤੇ ਵਿਅਕਤੀ, ਪਾਰਟੀ ਆਗੂ ਅਤੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ।