ਅਮਲੋਹ, 06 ਸਤੰਬਰ, 2026 (ਹਰਸ਼ਪ੍ਰੀਤ ਕੌਰ) : ਮਿਸ਼ਨ ਕਲੀਨ ਪੰਜਾਬ ਤਹਿਤ ਅਮਲੋਹ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਹੋਰ ਸੁਚਾਰੂ ਬਣਾਉਣ ਲਈ ਹਲਕਾ ਵਿਧਾਇਕ ਸ. ਗੁਰਿੰਦਰ ਸਿੰਘ ਗੈਰੀ ਬੜਿੰਗ ਵੱਲੋਂ ਖ਼ੁਦ ਮੌਕੇ ’ਤੇ ਪਹੁੰਚ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਸਫ਼ਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਇਸੇ ਦੌਰਾਨ ਅੱਜ ਖੰਨਾ ਰੋਡ ਨੇੜੇ ਸਫ਼ਾਈ ਕਾਰਜ਼ ਕਰਵਾਉਂਦਿਆਂ ਉੱਥੇ ਬਣ ਰਹੇ ਕੂੜੇ ਦੇ ਢੇਰਾਂ ਨੂੰ ਪੱਕੇ ਤੌਰ ’ਤੇ ਖ਼ਤਮ ਕਰਵਾਇਆ ਗਿਆ।
ਵਿਧਾਇਕ ਗੈਰੀ ਬੜਿੰਗ ਦੀ ਅਗਵਾਈ ਹੇਠ ਨਗਰ ਕੌਂਸਲ ਅਮਲੋਹ ਦੇ ਪ੍ਰਧਾਨ ਸ੍ਰੀਮਤੀ ਹਰਿੰਦਰ ਕੌਰ ਚੀਮਾ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਫ਼ਾਈ ਕਾਰਜ ਦੌਰਾਨ ਸਫ਼ਾਈ ਸੇਵਕਾਂ ਵੱਲੋਂ ਮੌਕੇ ’ਤੇ ਪਿਆ ਕੂੜਾ ਹਟਾ ਕੇ ਟਰਾਲੀ ਵਿੱਚ ਲੋਡ ਕੀਤਾ ਗਿਆ।
ਇਸ ਮੌਕੇ ਵਿਧਾਇਕ ਸ. ਗੈਰੀ ਬੜਿੰਗ ਨੇ ਕਿਹਾ ਕਿ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣਾ ਹਰੇਕ ਸ਼ਹਿਰ ਵਾਸੀ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਜਨਤਕ ਥਾਵਾਂ ’ਤੇ ਮੁੜ ਕੂੜਾ ਇਕੱਠਾ ਨਾ ਹੋਵੇ, ਇਸ ਲਈ ਨਗਰ ਕੌਂਸਲ ਵੱਲੋਂ ਲਗਾਤਾਰ ਨਿਗਰਾਨੀ ਕੀਤੀ ਜਾਵੇਗੀ । ਉਨ੍ਹਾਂ ਕਿਹਾ ਕਿ ਘਰਾਂ ਅਤੇ ਦੁਕਾਨਾਂ ਦਾ ਕੂੜਾ ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀਆਂ ਨੂੰ ਹੀ ਦਿੱਤਾ ਜਾਵੇ, ਤਾਂ ਜੋ ਅਮਲੋਹ ਸ਼ਹਿਰ ਨੂੰ ਸਾਫ਼, ਸੁੰਦਰ ਅਤੇ ਸਿਹਤਮੰਦ ਸ਼ਹਿਰ ਬਣਾਉਣ ਦੇ ਯਤਨਾਂ ਨੂੰ ਹੋਰ ਮਜ਼ਬੂਤੀ ਮਿਲ ਸਕੇ।
ਇਸ ਮੌਕੇ ਨਗਰ ਕੌਂਸਲ ਅਮਲੋਹ ਦੇ ਮੀਤ ਪ੍ਰਧਾਨ ਸ੍ਰੀ ਅਤੁਲ ਲੁਟਾਵਾ, ਸ੍ਰੀਮਤੀ ਜਾਨਵੀ ਸ਼ਰਮਾ, ਸ. ਜਗਤਾਰ ਸਿੰਘ, ਐਮ.ਸੀ. ਸਾਹਿਬਾਨ, ਸ. ਦਰਸ਼ਨ ਸਿੰਘ ਚੀਮਾ ਤੋਂ ਇਲਾਵਾ ਸ਼ਹਿਰ ਦੇ ਪਤਵੰਤੇ ਸੱਜਣ ਅਤੇ ਨਗਰ ਕੌਂਸਲ ਦਾ ਸਫ਼ਾਈ ਅਮਲਾ ਹਾਜ਼ਰ ਸੀ।







