ਨਾਈਜੀਰੀਆ, 6 ਅਕਤੂਬਰ, 2026 (ਚੌਧਰੀ ਪ੍ਰਭਜੀਤ ਸਿੰਘ): ਨਾਈਜੀਰੀਆ ਵਿੱਚ ਸੋਮਵਾਰ ਨੂੰ ਇੱਕ ਮਿਲਟਰੀ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਉਸ ਵਿੱਚ ਸਵਾਰ 32 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ 25 ਯਾਤਰੀ ਅਤੇ 7 ਕਰੂ ਮੈਂਬਰ ਸ਼ਾਮਲ ਦੱਸੇ ਜਾ ਰਹੇ ਹਨ। ਨਾਈਜੀਰੀਆ ਦੇ ਰਾਸ਼ਟਰਪਤੀ ਬੋਲਾ ਟਿਨੂਬੂ ਨੇ ਹਾਦਸੇ ਦੀ ਪੁਸ਼ਟੀ ਕਰਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਜਾਣਕਾਰੀ ਮੁਤਾਬਕ ਜਹਾਜ਼ ਦੱਖਣੀ ਨਾਈਜੀਰੀਆ ਦੇ ਬੇਨਿਨ ਸਿਟੀ ਤੋਂ ਲਾਗੋਸ ਵੱਲ ਇੱਕ ਰੂਟੀਨ ਮਿਸ਼ਨ ’ਤੇ ਜਾ ਰਿਹਾ ਸੀ। ਸਵੇਰੇ ਕਰੀਬ 9 ਵਜੇ ਤੋਂ ਕੁਝ ਸਮੇਂ ਬਾਅਦ ਇਹ ਓਂਡੋ ਸਟੇਟ ਦੇ ਇਗਬੋਕੋਡਾ ਇਲਾਕੇ ਵਿੱਚ ਹਾਦਸਾਗ੍ਰਸਤ ਹੋ ਗਿਆ।
ਨਾਈਜੀਰੀਆ ਦੇ ਏਵੀਏਸ਼ਨ ਮੰਤਰੀ ਫੈਸਟਸ ਕੇਯਾਮੋ ਅਤੇ ਰਾਸ਼ਟਰਪਤੀ ਦਫ਼ਤਰ ਵੱਲੋਂ ਜਹਾਜ਼ ਦੀ ਪਛਾਣ ATR-42 ਵਜੋਂ ਕੀਤੀ ਗਈ ਹੈ। ਇਹ ਦੋ ਇੰਜਣਾਂ ਵਾਲਾ ਟਰਬੋਪ੍ਰਾਪ ਜਹਾਜ਼ ਹੈ, ਜਿਸਦੀ ਵਰਤੋਂ ਆਮ ਤੌਰ ’ਤੇ ਛੋਟੀ ਅਤੇ ਦਰਮਿਆਨੀ ਦੂਰੀ ਦੀਆਂ ਉਡਾਣਾਂ ਲਈ ਕੀਤੀ ਜਾਂਦੀ ਹੈ। ਹਾਦਸੇ ਤੋਂ ਬਾਅਦ ਰਾਹਤ ਅਤੇ ਬਚਾਅ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਤਲਾਸ਼ੀ ਮੁਹਿੰਮ ਚਲਾਈ। ਸੋਸ਼ਲ ਮੀਡੀਆ ’ਤੇ ਸਾਹਮਣੇ ਆਈਆਂ ਤਸਵੀਰਾਂ ਅਤੇ ਵੀਡੀਓਜ਼ ਵਿੱਚ ਨਦੀ ਦੇ ਨੇੜੇ ਲੋਕਾਂ ਦੀ ਭੀੜ ਅਤੇ ਕਿਸ਼ਤੀਆਂ ਰਾਹੀਂ ਸਰਚ ਆਪਰੇਸ਼ਨ ਕਰਦੇ ਬਚਾਅ ਕਰਮਚਾਰੀ ਦਿਖਾਈ ਦਿੱਤੇ। ਰਾਸ਼ਟਰਪਤੀ ਟਿਨੂਬੂ ਨੇ ਨਾਈਜੀਰੀਅਨ ਏਅਰ ਫੋਰਸ ਨੂੰ ਹਾਦਸੇ ਦੇ ਕਾਰਨਾਂ ਦੀ ਤੁਰੰਤ ਅਤੇ ਵਿਸਥਾਰਪੂਰਵਕ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਅਧਿਕਾਰੀਆਂ ਵੱਲੋਂ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ।
