ਸੰਗਰੂਰ, 21 ਸਤੰਬਰ, 2026 (ਬਲਜੀਤ ਸਰਨਾ) : ਅੱਜ ਸੰਗਰੂਰ ਦੇ ਡਿਪਟੀ ਕਮਿਸ਼ਨਰ (ਡੀਸੀ) ਦਫ਼ਤਰ ਦੇ ਮੁੱਖ ਗੇਟ ‘ਤੇ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਜਗਸੀਰ ਸਿੰਘ ਨਾਮ ਦੇ ਇੱਕ ਵਿਅਕਤੀ ਨੇ ਦਾਖਲ ਹੁੰਦੇ ਹੀ ਜ਼ਹਿਰੀਲੀ ਦਵਾਈ ਖਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਸ ਦੇ ਨਾਲ ਆਏ ਪਿੰਡ ਨਮੋਲ ਦੇ ਰਹਿਣ ਵਾਲੇ ਸਾਥੀ ਮਨਜਿੰਦਰ ਸਿੰਘ ਨੇ ਤੁਰੰਤ ਮੁਸਤੈਦੀ ਦਿਖਾਉਂਦੇ ਹੋਏ ਉਸ ਦੇ ਹੱਥੋਂ ਦਵਾਈ ਖੋਹ ਕੇ ਪਰ੍ਹਾਂ ਸੁੱਟ ਦਿੱਤੀ, ਪਰ ਉਦੋਂ ਤੱਕ ਜਗਸੀਰ ਸਿੰਘ ਕਾਫ਼ੀ ਮਾਤਰਾ ਵਿੱਚ ਜ਼ਹਿਰੀਲੀ ਦਵਾਈ ਨਿਗਲ ਚੁੱਕਾ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਡੀਐੱਸਪੀ ਸੰਗਰੂਰ ਸੀਡੀ ਦੀ ਅਗਵਾਈ ਹੇਠ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਅਤੇ ਗੰਭੀਰ ਹਾਲਤ ਵਿੱਚ ਜਗਸੀਰ ਸਿੰਘ ਨੂੰ ਸੰਗਰੂਰ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਹਸਪਤਾਲ ਦੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਪਟਿਆਲਾ ਦੇ ਰਾਜਿੰਦਰ ਹਸਪਤਾਲ ਲਈ ਰੈਫਰ ਕਰ ਦਿੱਤਾ ਹੈ।
ਚਿੱਟੇ ਦੇ ਤਸਕਰਾਂ ਦੀ ਸ਼ਿਕਾਇਤ ਕਰਨ ‘ਤੇ ਨਹੀਂ ਹੋਈ ਕਾਰਵਾਈ: ਮਨਜਿੰਦਰ ਸਿੰਘ : ਗੱਲਬਾਤ ਕਰਦਿਆਂ ਜਗਸੀਰ ਸਿੰਘ ਦੇ ਸਾਥੀ ਮਨਜਿੰਦਰ ਸਿੰਘ ਨੇ ਦੱਸਿਆ ਕਿ ਜਗਸੀਰ ਦੇ ਘਰ ਦੇ ਨੇੜੇ 4-5 ਘਰ ਹਨ, ਜੋ ਸ਼ਰੇਆਮ ਚਿੱਟੇ ਅਤੇ ਨਜਾਇਜ਼ ਸ਼ਰਾਬ ਦਾ ਵਪਾਰ ਕਰਦੇ ਹਨ। ਜਗਸੀਰ ਕੋਲ ਇਹਨਾਂ ਵੱਲੋਂ ਨਸ਼ਾ ਵੇਚਣ ਦੀਆਂ ਵੀਡੀਓਜ਼ ਵੀ ਮੌਜੂਦ ਹਨ। ਉਸ ਨੇ ਦੱਸਿਆ ਕਿ ਜਦੋਂ ਜਗਸੀਰ ਨੇ ਇਸ ਸਬੰਧੀ ਮੌਜੂਦਾ ਸਰਪੰਚ ਨੂੰ ਸ਼ਿਕਾਇਤ ਕੀਤੀ, ਤਾਂ ਕੋਈ ਸੁਣਵਾਈ ਨਹੀਂ ਹੋਈ। ਇਸ ਦੇ ਉਲਟ, ਨਸ਼ਾ ਤਸਕਰਾਂ ਨੇ ਜਗਸੀਰ ਦੇ ਘਰ ਵੜ ਕੇ ਉਸ ‘ਤੇ ਅਤੇ ਉਸ ਦੇ ਪਰਿਵਾਰ ‘ਤੇ ਜਾਨਲੇਵਾ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਉਸ ਦੇ ਘਰ ਦਾ ਗੇਟ ਅਤੇ ਕੈਮਰੇ ਤੋੜ ਦਿੱਤੇ, ਜਿਸ ਵਿੱਚ ਉਸ ਦੇ ਪਰਿਵਾਰਕ ਮੈਂਬਰ ਵੀ ਜ਼ਖਮੀ ਹੋ ਗਏ। ਮਨਜਿੰਦਰ ਨੇ ਕਿਹਾ, “ਅਸੀਂ ਪੁਲਿਸ ਨੂੰ ਸਾਰੀਆਂ ਅਰਜ਼ੀਆਂ ਦਿੱਤੀਆਂ ਹੋਈਆਂ ਹਨ, ਪਰ ਅਜੇ ਤੱਕ ਦੋਸ਼ੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ।” ਘਟਨਾ ਬਾਰੇ ਦੱਸਦਿਆਂ ਮਨਜਿੰਦਰ ਨੇ ਕਿਹਾ, “ਜਗਸੀਰ ਨੇ ਜ਼ਹਿਰੀਲੀ ਦਵਾਈ ਫੜੀ ਹੋਈ ਸੀ। ਮੇਰਾ ਧਿਆਨ ਇੱਕ ਪਲ ਲਈ ਭਟਕਿਆ ਅਤੇ ਉਸ ਨੇ ਦਵਾਈ ਪੀ ਲਈ। ਮੈਂ ਤੁਰੰਤ ਬੋਤਲ ਖੋਹ ਕੇ ਪਰ੍ਹਾਂ ਸੁੱਟ ਦਿੱਤੀ, ਪਰ ਉਹ ਕਾਫ਼ੀ ਦਵਾਈ ਪੀ ਚੁੱਕਾ ਸੀ।”
ਪੁਲਿਸ ਨੇ ਕੈਮਰੇ ‘ਤੇ ਬੋਲਣ ਤੋਂ ਕੀਤਾ ਇਨਕਾਰ : ਜਦੋਂ ਇਸ ਸਾਰੇ ਮਾਮਲੇ ਅਤੇ ਪੁਲਿਸ ਦੀ ਕਾਰਵਾਈ ਸਬੰਧੀ ਸਿਟੀ ਐੱਸਐੱਚਓ, ਸੰਗਰੂਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਮਾਮਲੇ ਦੀ ਜਾਂਚ ਚੱਲ ਰਹੀ ਹੋਣ ਦੀ ਗੱਲ ਕਹੀ ਅਤੇ ਕੈਮਰੇ ਸਾਹਮਣੇ ਕੁਝ ਵੀ ਬੋਲਣ ਤੋਂ ਸਾਫ਼ ਇਨਕਾਰ ਕਰ ਦਿੱਤਾ।






