ਅਲਬਰਟਾ, ਕੈਨੇਡਾ, 19 ਅਕਤੂਬਰ 2026 (ਚੌਧਰੀ ਪ੍ਰਭਜੀਤ ਸਿੰਘ): ਕੈਨੇਡਾ ਦੇ ਅਲਬਰਟਾ ਸੂਬੇ ਵਿੱਚ ਸਥਿਤ ਕੈਨੇਡੀਅਨ ਫੋਰਸਿਜ਼ ਬੇਸ ਵੇਨਰਾਈਟ ਵਿਖੇ ਫੌਜੀ ਸਿਖਲਾਈ ਦੌਰਾਨ ਘਾਹ ਨੂੰ ਲੱਗੀ ਅੱਗ ਨੇ ਭਿਆਨਕ ਰੂਪ ਧਾਰ ਲਿਆ, ਜਿਸ ਕਾਰਨ ਚਾਰ ਫੌਜੀ ਜਵਾਨਾਂ ਦੀ ਮੌਤ ਹੋ ਗਈ ਅਤੇ 39 ਹੋਰ ਜ਼ਖ਼ਮੀ ਹੋ ਗਏ। ਕੈਨੇਡੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ (CBC) ਦੀ ਰਿਪੋਰਟ ਅਨੁਸਾਰ, ਜ਼ਖ਼ਮੀਆਂ ਵਿੱਚੋਂ 19 ਦੀ ਹਾਲਤ ਗੰਭੀਰ ਦੱਸੀ ਗਈ ਹੈ। ਮ੍ਰਿਤਕ ਜਵਾਨਾਂ ਦੀ ਪਛਾਣ ਸਾਰਜੈਂਟ ਮੌਰਗਨ ਵੋਂਗ, ਪ੍ਰਾਈਵੇਟ ਸ਼ੌਨ ਫੈਰਲ, ਪ੍ਰਾਈਵੇਟ ਏਡਨ ਗੋਲਡਿੰਗ ਅਤੇ ਪ੍ਰਾਈਵੇਟ ਹੇਡਨ ਲਾਇਕਮਾਰਕ ਵਜੋਂ ਹੋਈ ਹੈ। ਇਹ ਚਾਰੇ ਜਵਾਨ ਐਡਮੰਟਨ ਵਿੱਚ ਤਾਇਨਾਤ ਪ੍ਰਿੰਸੈਸ ਪੈਟ੍ਰੀਸ਼ੀਆ ਦੀ ਕੈਨੇਡੀਅਨ ਲਾਈਟ ਇਨਫੈਂਟਰੀ ਦੀ ਤੀਜੀ ਬਟਾਲੀਅਨ ਨਾਲ ਸਬੰਧਤ ਸਨ।
ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਪ੍ਰਗਟਾਇਆ ਦੁੱਖ
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਸ ਘਟਨਾ ਨੂੰ ਸ਼ਾਂਤੀ ਦੇ ਸਮੇਂ ਦੇਸ਼ ਦੀ ਧਰਤੀ ’ਤੇ ਹਥਿਆਰਬੰਦ ਬਲਾਂ ਨਾਲ ਵਾਪਰੀਆਂ ਸਭ ਤੋਂ ਦੁਖਦਾਈ ਘਟਨਾਵਾਂ ਵਿੱਚੋਂ ਇੱਕ ਕਰਾਰ ਦਿੱਤਾ। ਉਨ੍ਹਾਂ ਮ੍ਰਿਤਕ ਜਵਾਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਪੂਰਾ ਦੇਸ਼ ਆਪਣੇ ਬਹਾਦਰ ਫੌਜੀ ਜਵਾਨਾਂ ਦੇ ਵਿਛੋੜੇ ’ਤੇ ਸੋਗ ਮਨਾ ਰਿਹਾ ਹੈ। ਕਾਰਨੀ ਨੇ ਇਹ ਵੀ ਐਲਾਨ ਕੀਤਾ ਕਿ ਦੇਸ਼ ਭਰ ਵਿੱਚ ਸੰਘੀ ਸਰਕਾਰੀ ਇਮਾਰਤਾਂ ’ਤੇ ਕੈਨੇਡਾ ਦੇ ਰਾਸ਼ਟਰੀ ਝੰਡੇ ਅੱਧੇ ਝੁਕਾਏ ਜਾਣਗੇ। ਉਨ੍ਹਾਂ ਰਾਹਤ ਕਾਰਜਾਂ ਵਿੱਚ ਜੁਟੇ ਕਰਮਚਾਰੀਆਂ ਅਤੇ ਮਦਦ ਲਈ ਅੱਗੇ ਆਏ ਸਥਾਨਕ ਲੋਕਾਂ ਦਾ ਧੰਨਵਾਦ ਵੀ ਕੀਤਾ।
ਫੌਜੀ ਅਭਿਆਸ ਦੌਰਾਨ ਤੇਜ਼ੀ ਨਾਲ ਫੈਲੀ ਅੱਗ
ਕੈਨੇਡੀਅਨ ਫੌਜ ਦੀ ਪਹਿਲੀ ਡਿਵੀਜ਼ਨ ਦੇ ਕਮਾਂਡਰ ਮੇਜਰ ਜਨਰਲ ਵੇਡ ਰਟਲੈਂਡ ਨੇ ਦੱਸਿਆ ਕਿ ਅੱਗ ਇੱਕ ਉੱਚ ਪੱਧਰੀ ਲੜਾਕੂ ਸਿਖਲਾਈ ਅਭਿਆਸ ਦੌਰਾਨ ਲੱਗੀ। ਇਸ ਅਭਿਆਸ ਵਿੱਚ ਜਵਾਨਾਂ ਵੱਲੋਂ ਹੱਥਗੋਲੇ ਸੁੱਟਣ ਅਤੇ ਦੁਸ਼ਮਣ ਦੇ ਕਾਲਪਨਿਕ ਟਿਕਾਣੇ ’ਤੇ ਹਮਲਾ ਕਰਨ ਵਰਗੀਆਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਸਨ। ਉਨ੍ਹਾਂ ਅਨੁਸਾਰ, ਤੇਜ਼ ਹਵਾਵਾਂ ਕਾਰਨ ਅੱਗ ਇੱਕ ਮਿੰਟ ਤੋਂ ਵੀ ਘੱਟ ਸਮੇਂ ਵਿੱਚ ਲਗਭਗ ਇੱਕ ਕਿਲੋਮੀਟਰ ਤੱਕ ਫੈਲ ਗਈ। ਅਧਿਕਾਰੀ ਨੇ ਕਿਹਾ ਕਿ ਕੁਝ ਜਵਾਨਾਂ ਨੇ ਬਹੁਤ ਥੋੜ੍ਹੇ ਸਮੇਂ ਵਿੱਚ ਅੱਗ ਨੂੰ ਆਪਣੇ ਬਿਲਕੁਲ ਨੇੜੇ ਪਹੁੰਚਿਆ ਦੇਖਿਆ। ਹਾਲਾਂਕਿ, ਅੱਗ ਲੱਗਣ ਦਾ ਸਹੀ ਕਾਰਨ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ।
ਮੌਸਮ ਵਿਭਾਗ ਨੇ ਜਾਰੀ ਕੀਤੀ ਸੀ ਤੇਜ਼ ਹਵਾਵਾਂ ਦੀ ਚਿਤਾਵਨੀ
ਕੈਨੇਡਾ ਦੇ ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਵਿਭਾਗ ਨੇ ਸ਼ਨੀਵਾਰ ਨੂੰ ਅਲਬਰਟਾ ਦੇ ਵੱਡੇ ਹਿੱਸਿਆਂ ਲਈ ਤੇਜ਼ ਹਵਾਵਾਂ ਦੀ ਚਿਤਾਵਨੀ ਜਾਰੀ ਕੀਤੀ ਸੀ। ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ, ਹਵਾਵਾਂ ਦੀ ਰਫ਼ਤਾਰ 90 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚਣ ਦੀ ਸੰਭਾਵਨਾ ਸੀ। CBC ਦੀ ਮੌਸਮ ਮਾਹਿਰ ਜੋਹਾਨਾ ਵੈਗਸਟਾਫ਼ ਅਨੁਸਾਰ, ਦੁਪਹਿਰ 3 ਤੋਂ 4 ਵਜੇ ਦੇ ਦਰਮਿਆਨ ਠੰਢੀ ਹਵਾ ਦਾ ਮੋਰਚਾ ਵੇਨਰਾਈਟ ਖੇਤਰ ਵਿੱਚੋਂ ਲੰਘਿਆ। ਇਸ ਦੌਰਾਨ ਹਵਾਵਾਂ ਦੀ ਦਿਸ਼ਾ ਦੱਖਣ-ਪੱਛਮ ਤੋਂ ਉੱਤਰ-ਪੱਛਮ ਵੱਲ ਬਦਲ ਗਈ ਅਤੇ ਰਫ਼ਤਾਰ ਲਗਭਗ 69 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਗਈ।
ਇੱਕ ਮਹੀਨੇ ਤੱਕ ਚੱਲ ਸਕਦੀ ਹੈ ਜਾਂਚ
ਫੌਜੀ ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਪਤਾ ਲਗਾਇਆ ਜਾਵੇਗਾ ਕਿ ਅੱਗ ਕਿਵੇਂ ਫੈਲੀ ਅਤੇ ਕੀ ਜ਼ਮੀਨੀ ਪੱਧਰ ’ਤੇ ਮੌਜੂਦ ਕਰਮਚਾਰੀ ਇਸ ਦੇ ਫੈਲਾਅ ਨੂੰ ਸਮੇਂ ਸਿਰ ਪਛਾਣ ਸਕਦੇ ਸਨ। ਜਾਂਚ ਪੂਰੀ ਹੋਣ ਵਿੱਚ ਘੱਟੋ-ਘੱਟ ਇੱਕ ਮਹੀਨਾ ਲੱਗਣ ਦੀ ਸੰਭਾਵਨਾ ਹੈ। ਰੱਖਿਆ ਵਿਭਾਗ ਨੇ CBC ਨੂੰ ਦੱਸਿਆ ਕਿ ਫਿਲਹਾਲ ਇਸ ਘਟਨਾ ਪਿੱਛੇ ਕਿਸੇ ਅੱਤਵਾਦੀ ਗਤੀਵਿਧੀ ਦੇ ਸੰਕੇਤ ਨਹੀਂ ਮਿਲੇ ਹਨ। ਫੌਜੀ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਮੌਜੂਦਾ ਜਾਣਕਾਰੀ ਅਨੁਸਾਰ ਅੱਡੇ ’ਤੇ ਤੇਲ ਅਤੇ ਗੈਸ ਦੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਣ ਦਾ ਕੋਈ ਸੰਕੇਤ ਨਹੀਂ ਮਿਲਿਆ। ਕੈਨੇਡੀਅਨ ਫੋਰਸਿਜ਼ ਬੇਸ ਵੇਨਰਾਈਟ ’ਤੇ ਆਮ ਤੌਰ ’ਤੇ ਲਗਭਗ 690 ਫੌਜੀ ਕਰਮਚਾਰੀ ਅਤੇ 300 ਨਾਗਰਿਕ ਕਰਮਚਾਰੀ ਕੰਮ ਕਰਦੇ ਹਨ। ਇਹ ਅੱਡਾ 1950 ਦੇ ਦਹਾਕੇ ਵਿੱਚ ਕੋਰੀਆਈ ਜੰਗ ਦੌਰਾਨ ਕੈਨੇਡੀਅਨ ਫੌਜੀਆਂ ਦੇ ਸਿਖਲਾਈ ਕੇਂਦਰ ਵਜੋਂ ਵਰਤਿਆ ਜਾਣ ਲੱਗਾ ਸੀ। ਇਸ ਹਾਦਸੇ ਨੇ ਫੌਜੀ ਸਿਖਲਾਈ ਦੌਰਾਨ ਅੱਗ ਅਤੇ ਮੌਸਮ ਨਾਲ ਜੁੜੇ ਖ਼ਤਰਿਆਂ ਬਾਰੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।






