ਖੋਜ ਅਤੇ ਅਕਾਦਮਿਕ ਯੋਗਦਾਨ ਨੂੰ ਮਿਲੀ ਅੰਤਰਰਾਸ਼ਟਰੀ ਪਛਾਣ, ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਅਧਿਆਪਕਾਂ ਨੂੰ ਦਿੱਤੀ ਵਧਾਈ
ਪਟਿਆਲਾ, 11 ਅਕਤੂਬਰ 2026 (ਗੁਰਮੀਤ ਸਿੰਘ ਤੁੰਗ): ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਖੋਜ ਦੇ ਖੇਤਰ ਵਿੱਚ ਇੱਕ ਹੋਰ ਮਹੱਤਵਪੂਰਨ ਪ੍ਰਾਪਤੀ ਆਪਣੇ ਨਾਂ ਕੀਤੀ ਹੈ। ਸਾਲ 2026 ਲਈ ਜਾਰੀ ਵਿਸ਼ਵ ਦੇ ਚੋਟੀ ਦੇ ਦੋ ਫ਼ੀਸਦੀ ਵਿਗਿਆਨੀਆਂ ਦੀ ਸੂਚੀ ਵਿੱਚ ਯੂਨੀਵਰਸਿਟੀ ਦੇ 15 ਅਧਿਆਪਕਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਪ੍ਰਾਪਤੀ ਨੂੰ ਯੂਨੀਵਰਸਿਟੀ ਦੇ ਖੋਜ ਕਾਰਜਾਂ ਅਤੇ ਅਕਾਦਮਿਕ ਮਿਆਰ ਲਈ ਅਹਿਮ ਮੰਨਿਆ ਜਾ ਰਿਹਾ ਹੈ। ਅਮਰੀਕਾ ਦੀ ਸਟੈਨਫੋਰਡ ਯੂਨੀਵਰਸਿਟੀ ਨਾਲ ਸਬੰਧਤ ਇਸ ਸੂਚੀ ਵਿੱਚ ਅਧਿਆਪਕਾਂ ਨੂੰ ਉਨ੍ਹਾਂ ਦੇ ਖੋਜ ਕਾਰਜਾਂ ਅਤੇ ਅਕਾਦਮਿਕ ਯੋਗਦਾਨ ਦੇ ਆਧਾਰ ’ਤੇ ਪਛਾਣ ਮਿਲੀ ਹੈ। ਸੂਚੀ ਦੀਆਂ ਦੋ ਸ਼੍ਰੇਣੀਆਂ—‘ਸਿੰਗਲ ਈਅਰ’ ਅਤੇ ‘ਕੈਰੀਅਰ-ਲੌਂਗ’—ਵਿੱਚ ਪੰਜਾਬੀ ਯੂਨੀਵਰਸਿਟੀ ਦੇ ਅਧਿਆਪਕਾਂ ਨੇ ਥਾਂ ਬਣਾਈ ਹੈ।
ਇੱਕ ਸਾਲ ਅਤੇ ਲੰਮੇ ਸਮੇਂ ਦੀ ਖੋਜ ਦੇ ਆਧਾਰ ’ਤੇ ਮਿਲੀ ਪਛਾਣ
ਇੱਕ ਸਾਲ ਦੇ ਖੋਜ ਪ੍ਰਦਰਸ਼ਨ ’ਤੇ ਆਧਾਰਿਤ ‘ਸਿੰਗਲ ਈਅਰ’ ਸ਼੍ਰੇਣੀ ਵਿੱਚ ਯੂਨੀਵਰਸਿਟੀ ਦੇ 13 ਅਧਿਆਪਕ ਸ਼ਾਮਲ ਹਨ। ਇਹ ਸੂਚੀ ਸਾਲ 2025 ਦੌਰਾਨ ਕੀਤੇ ਗਏ ਖੋਜ ਕਾਰਜਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ। ਇਸ ਸ਼੍ਰੇਣੀ ਵਿੱਚ ਡਾ. ਰਾਮ ਸਰੂਪ ਸਿੰਘ, ਡਾ. ਐੱਸ. ਕੇ. ਅਸ਼ੋਕ ਕੁਮਾਰ, ਡਾ. ਪ੍ਰਵੀਨ ਲਤਾ, ਡਾ. ਅਮਤੇਸ਼ਵਰ ਸਿੰਘ ਜੱਗੀ, ਡਾ. ਓਮ ਸਿਲਾਕਾਰੀ, ਡਾ. ਨਰਿੰਦਰ ਪਾਲ ਸਿੰਘ, ਡਾ. ਅਸ਼ੋਕ ਕੁਮਾਰ ਮਲਿਕ, ਡਾ. ਅਮਨਪ੍ਰੀਤ ਕੌਰ, ਡਾ. ਨਿਰਮਲ ਸਿੰਘ, ਡਾ. ਸੁਭਜੀਤ ਪਾਂਡਾ, ਡਾ. ਰਾਜੇਸ਼ ਕੁਮਾਰ ਗੋਇਲ, ਡਾ. ਪੁਨੀਤਪਾਲ ਅਤੇ ਡਾ. ਗੁਲਸ਼ਨ ਬਾਂਸਲ ਦੇ ਨਾਂ ਸ਼ਾਮਲ ਹਨ। ਦੂਜੇ ਪਾਸੇ, ਲੰਮੇ ਸਮੇਂ ਦੇ ਖੋਜ ਕਾਰਜਾਂ ਅਤੇ ਅਕਾਦਮਿਕ ਯੋਗਦਾਨ ਨੂੰ ਆਧਾਰ ਬਣਾਉਂਦੀ ‘ਕੈਰੀਅਰ-ਲੌਂਗ’ ਸ਼੍ਰੇਣੀ ਵਿੱਚ 9 ਅਧਿਆਪਕਾਂ ਨੂੰ ਜਗ੍ਹਾ ਮਿਲੀ ਹੈ। ਇਨ੍ਹਾਂ ਵਿੱਚ ਡਾ. ਰਾਮ ਸਰੂਪ ਸਿੰਘ, ਡਾ. ਅਸ਼ੋਕ ਕੁਮਾਰ ਮਲਿਕ, ਡਾ. ਅਸ਼ੋਕ ਕੁਮਾਰ ਤਿਵਾੜੀ, ਡਾ. ਅਮਤੇਸ਼ਵਰ ਸਿੰਘ ਜੱਗੀ, ਡਾ. ਅਮਨਪ੍ਰੀਤ ਕੌਰ, ਡਾ. ਓਮ ਸਿਲਾਕਾਰੀ, ਡਾ. ਨਿਰਮਲ ਸਿੰਘ, ਡਾ. ਬੀ. ਬੀ. ਚੰਦਨ ਸਿੰਘ ਅਤੇ ਡਾ. ਪ੍ਰਵੀਨ ਲਤਾ ਸ਼ਾਮਲ ਹਨ। ਦੋਵਾਂ ਸ਼੍ਰੇਣੀਆਂ ਵਿੱਚ ਕੁਝ ਨਾਂ ਸਾਂਝੇ ਹੋਣ ਕਾਰਨ ਸੂਚੀ ਵਿੱਚ ਸ਼ਾਮਲ ਅਧਿਆਪਕਾਂ ਦੀ ਕੁੱਲ ਵਿਲੱਖਣ ਗਿਣਤੀ 15 ਹੈ।
ਖੋਜ ਸੱਭਿਆਚਾਰ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਅਹਿਮ ਕਦਮ
ਵਿਗਿਆਨੀਆਂ ਦੀ ਚੋਣ ਲਈ ਖੋਜ ਪ੍ਰਦਰਸ਼ਨ, ਖੋਜ ਕਾਰਜਾਂ ਨੂੰ ਮਿਲੇ ਹਵਾਲਿਆਂ ਅਤੇ ਸੀ-ਸਕੋਰ ਸਮੇਤ ਵੱਖ-ਵੱਖ ਮਾਪਦੰਡਾਂ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ। ਇਸ ਤਰ੍ਹਾਂ ਦੀਆਂ ਸੂਚੀਆਂ ਵਿੱਚ ਸਥਾਨ ਮਿਲਣਾ ਖੋਜਕਰਤਾਵਾਂ ਦੇ ਅਕਾਦਮਿਕ ਯੋਗਦਾਨ ਨੂੰ ਵਿਸ਼ਵ ਪੱਧਰ ’ਤੇ ਪਛਾਣ ਦਿਵਾਉਣ ਵਾਲਾ ਮੰਨਿਆ ਜਾਂਦਾ ਹੈ। ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਇਸ ਪ੍ਰਾਪਤੀ ’ਤੇ ਸਾਰੇ ਅਧਿਆਪਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਅਧਿਆਪਕਾਂ ਵੱਲੋਂ ਅੰਤਰਰਾਸ਼ਟਰੀ ਪੱਧਰ ’ਤੇ ਆਪਣੀ ਖੋਜ ਸਮਰੱਥਾ ਦਾ ਪ੍ਰਦਰਸ਼ਨ ਕਰਨਾ ਸੰਸਥਾ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਅਨੁਸਾਰ, ਇਹ ਪ੍ਰਾਪਤੀ ਯੂਨੀਵਰਸਿਟੀ ਵਿੱਚ ਮਜ਼ਬੂਤ ਹੋ ਰਹੇ ਖੋਜ ਸੱਭਿਆਚਾਰ ਅਤੇ ਅਕਾਦਮਿਕ ਮਾਹੌਲ ਨੂੰ ਦਰਸਾਉਂਦੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਵੀ ਹੋਰ ਅਧਿਆਪਕ ਉੱਚ ਪੱਧਰੀ ਖੋਜ ਰਾਹੀਂ ਅਜਿਹੀਆਂ ਵੱਕਾਰੀ ਸੂਚੀਆਂ ਵਿੱਚ ਆਪਣੀ ਥਾਂ ਬਣਾਉਣਗੇ ਅਤੇ ਯੂਨੀਵਰਸਿਟੀ ਦਾ ਮਾਣ ਵਧਾਉਣਗੇ। ਇਹ ਪ੍ਰਾਪਤੀ ਪੰਜਾਬੀ ਯੂਨੀਵਰਸਿਟੀ ਲਈ ਨਾ ਸਿਰਫ਼ ਮਾਣ ਦਾ ਵਿਸ਼ਾ ਹੈ, ਸਗੋਂ ਖੋਜ ਅਤੇ ਗਿਆਨ ਦੇ ਖੇਤਰ ਵਿੱਚ ਲਗਾਤਾਰ ਅੱਗੇ ਵਧਣ ਲਈ ਪ੍ਰੇਰਣਾ ਵੀ ਹੈ।







