ਫਿਰੋਜ਼ਪੁਰ, 2 ਜੁਲਾਈ 2026: ਉੱਤਰੀ ਰੇਲਵੇ ਦੇ ਫਿਰੋਜ਼ਪੁਰ ਡਿਵੀਜ਼ਨ ਨੇ ਜੂਨ 2026 ਦੌਰਾਨ ਚਲਾਈ ਗਈ ਇੱਕ ਮਹੀਨੇ ਦੀ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ ਦੌਰਾਨ 40,244 ਬਿਨਾਂ ਟਿਕਟ ਅਤੇ ਅਨਿਯਮਿਤ ਯਾਤਰੀਆਂ ਨੂੰ ਫੜਿਆ। ਇਸ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਯਾਤਰੀਆਂ ਤੋਂ ਲਗਭਗ 3.16 ਕਰੋੜ ਰੁਪਏ ਦਾ ਜੁਰਮਾਨਾ ਵਸੂਲਿਆ ਗਿਆ।
ਉੱਤਰੀ ਰੇਲਵੇ, ਫਿਰੋਜ਼ਪੁਰ ਦੇ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ (ਫ੍ਰੇਟ) ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਬਿਨਾਂ ਅਧਿਕਾਰ ਯਾਤਰਾ ‘ਤੇ ਰੋਕ ਲਗਾਉਣ ਅਤੇ ਜਾਇਜ਼ ਟਿਕਟ ਵਾਲੇ ਯਾਤਰੀਆਂ ਨੂੰ ਸੁਰੱਖਿਅਤ ਅਤੇ ਆਰਾਮਦਾਇਕ ਸਫ਼ਰ ਮੁਹੱਈਆ ਕਰਵਾਉਣ ਲਈ ਡਿਵੀਜ਼ਨ ਵੱਲੋਂ ਲਗਾਤਾਰ ਟਿਕਟ ਚੈਕਿੰਗ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ।
ਇਸ ਵਿਸ਼ੇਸ਼ ਮੁਹਿੰਮ ਦੌਰਾਨ ਟਿਕਟ ਚੈਕਿੰਗ ਸਟਾਫ਼ ਅਤੇ ਮੁੱਖ ਟਿਕਟ ਇੰਸਪੈਕਟਰਾਂ ਨੇ ਡਿਵੀਜ਼ਨ ਦੀਆਂ ਵੱਖ-ਵੱਖ ਟ੍ਰੇਨਾਂ ਵਿੱਚ ਸਖ਼ਤ ਜਾਂਚ ਕੀਤੀ। ਜਾਂਚ ਦੌਰਾਨ 40,244 ਅਜਿਹੇ ਯਾਤਰੀ ਪਾਏ ਗਏ ਜੋ ਜਾਂ ਤਾਂ ਬਿਨਾਂ ਵੈਧ ਟਿਕਟ ਦੇ ਸਫ਼ਰ ਕਰ ਰਹੇ ਸਨ ਜਾਂ ਅਨਿਯਮਿਤ ਟਿਕਟਾਂ ਦੀ ਵਰਤੋਂ ਕਰ ਰਹੇ ਸਨ। ਉਨ੍ਹਾਂ ਤੋਂ ਕੁੱਲ ਕਰੀਬ 3.16 ਕਰੋੜ ਰੁਪਏ ਦਾ ਜੁਰਮਾਨਾ ਵਸੂਲਿਆ ਗਿਆ।
ਇਸ ਦੇ ਨਾਲ-ਨਾਲ ਰੇਲਵੇ ਵੱਲੋਂ ਸਫ਼ਾਈ ਨੂੰ ਉਤਸ਼ਾਹਿਤ ਕਰਨ ਲਈ ਵੀ ਵਿਸ਼ੇਸ਼ ਮੁਹਿੰਮ ਚਲਾਈ ਗਈ। ਮੁੱਖ ਰੇਲਵੇ ਸਟੇਸ਼ਨਾਂ ‘ਤੇ ਨਿਯਮਤ ਜਾਂਚ ਦੌਰਾਨ ਗੰਦਗੀ ਫੈਲਾਉਣ ਵਾਲੇ 375 ਯਾਤਰੀਆਂ ਵਿਰੁੱਧ ਐਂਟੀ-ਲਿਟਰਿੰਗ ਐਕਟ ਤਹਿਤ ਕਾਰਵਾਈ ਕੀਤੀ ਗਈ ਅਤੇ ਉਨ੍ਹਾਂ ਤੋਂ 69 ਹਜ਼ਾਰ ਰੁਪਏ ਤੋਂ ਵੱਧ ਦਾ ਜੁਰਮਾਨਾ ਵਸੂਲਿਆ ਗਿਆ।
ਡਿਵੀਜ਼ਨਲ ਰੇਲਵੇ ਮੈਨੇਜਰ ਸੰਜੀਵ ਕੁਮਾਰ ਨੇ ਕਿਹਾ ਕਿ ਫਿਰੋਜ਼ਪੁਰ ਡਿਵੀਜ਼ਨ ਵਿੱਚ ਟਿਕਟ ਚੈਕਿੰਗ ਮੁਹਿੰਮ ਅੱਗੇ ਵੀ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਮਕਸਦ ਬਿਨਾਂ ਟਿਕਟ ਯਾਤਰਾ ‘ਤੇ ਰੋਕ ਲਗਾ ਕੇ ਵੈਧ ਟਿਕਟ ਵਾਲੇ ਯਾਤਰੀਆਂ ਦੇ ਹਿੱਤਾਂ ਦੀ ਰੱਖਿਆ ਕਰਨਾ ਹੈ, ਤਾਂ ਜੋ ਉਨ੍ਹਾਂ ਨੂੰ ਸੁਰੱਖਿਅਤ, ਆਰਾਮਦਾਇਕ ਅਤੇ ਬਿਨਾਂ ਕਿਸੇ ਪਰੇਸ਼ਾਨੀ ਦੇ ਯਾਤਰਾ ਦਾ ਅਨੁਭਵ ਮਿਲ ਸਕੇ।








