Home ਪੰਜਾਬ ਏਕਮ ਢਿੱਲੋਂ ਕਤਲ ਕਾਂਡ ‘ਚ ਅਦਾਲਤ ਦਾ ਵੱਡਾ ਫ਼ੈਸਲਾ: ਪਤਨੀ ਸੀਰਤ ਕੌਰ...

ਏਕਮ ਢਿੱਲੋਂ ਕਤਲ ਕਾਂਡ ‘ਚ ਅਦਾਲਤ ਦਾ ਵੱਡਾ ਫ਼ੈਸਲਾ: ਪਤਨੀ ਸੀਰਤ ਕੌਰ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ

0

ਚੰਡੀਗੜ੍ਹ:4ਜੁਲਾਈ (ਛਤਰਪਾਲ ਸਿੰਘ):ਐੱਸ.ਏ.ਐੱਸ. ਨਗਰ (ਮੋਹਾਲੀ) ਦੀ ਵਧੀਕ ਸੈਸ਼ਨ ਅਦਾਲਤ ਨੇ ਅੱਜ 2017 ਦੇ ਚਰਚਿਤ ਏਕਮ ਸਿੰਘ ਢਿੱਲੋਂ ਕਤਲ ਮਾਮਲੇ ਵਿੱਚ ਇਤਿਹਾਸਕ ਫ਼ੈਸਲਾ ਸੁਣਾਉਂਦੇ ਹੋਏ ਮ੍ਰਿਤਕ ਦੀ ਪਤਨੀ ਸੀਰਤ ਕੌਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਵਧੀਕ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ ਨੇ ਸੀਰਤ ਕੌਰ ਨੂੰ ਭਾਰਤੀ ਦੰਡ ਸੰਹਿਤਾ (IPC) ਦੀ ਧਾਰਾ 302 (ਕਤਲ), 120-ਬੀ (ਅਪਰਾਧਿਕ ਸਾਜ਼ਿਸ਼), 201 (ਸਬੂਤ ਨਸ਼ਟ ਕਰਨਾ) ਅਤੇ ਆਰਮਜ਼ ਐਕਟ ਦੀ ਧਾਰਾ 25 ਤਹਿਤ ਦੋਸ਼ੀ ਕਰਾਰ ਦਿੰਦਿਆਂ ਸਜ਼ਾ ਦਾ ਐਲਾਨ ਕੀਤਾ।

ਅਦਾਲਤ ਵੱਲੋਂ ਸੁਣਾਈਆਂ ਗਈਆਂ ਸਜ਼ਾਵਾਂ
ਧਾਰਾ 302 (ਕਤਲ): ਉਮਰ ਕੈਦ ਅਤੇ 50,000 ਰੁਪਏ ਜੁਰਮਾਨਾ। ਜੁਰਮਾਨਾ ਨਾ ਭਰਨ ਦੀ ਸੂਰਤ ਵਿੱਚ 6 ਮਹੀਨੇ ਦੀ ਵਾਧੂ ਸਖ਼ਤ ਕੈਦ।
ਧਾਰਾ 201 (ਸਬੂਤ ਨਸ਼ਟ ਕਰਨਾ): 3 ਸਾਲ ਦੀ ਸਖ਼ਤ ਕੈਦ ਅਤੇ 20,000 ਰੁਪਏ ਜੁਰਮਾਨਾ। ਜੁਰਮਾਨਾ ਨਾ ਭਰਨ ‘ਤੇ 6 ਮਹੀਨੇ ਦੀ ਵਾਧੂ ਕੈਦ।
ਆਰਮਜ਼ ਐਕਟ ਧਾਰਾ 25: 3 ਸਾਲ ਦੀ ਸਖ਼ਤ ਕੈਦ ਅਤੇ 20,000 ਰੁਪਏ ਜੁਰਮਾਨਾ। ਜੁਰਮਾਨਾ ਨਾ ਭਰਨ ‘ਤੇ 6 ਮਹੀਨੇ ਦੀ ਵਾਧੂ ਕੈਦ।

ਅਦਾਲਤ ਨੇ ਆਪਣੇ ਫ਼ੈਸਲੇ ਵਿੱਚ ਸਪੱਸ਼ਟ ਕੀਤਾ ਕਿ ਭਾਵੇਂ ਇਹ ਕਤਲ ਦਾ ਗੰਭੀਰ ਮਾਮਲਾ ਹੈ, ਪਰ ਇਹ “ਰੇਅਰੇਸਟ ਆਫ਼ ਰੇਅਰ” ਸ਼੍ਰੇਣੀ ਵਿੱਚ ਨਹੀਂ ਆਉਂਦਾ, ਇਸ ਲਈ ਮੌਤ ਦੀ ਸਜ਼ਾ ਦੀ ਬਜਾਏ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਕੀ ਸੀ ਪੂਰਾ ਮਾਮਲਾ?

ਇਹ ਸਨਸਨੀਖੇਜ਼ ਘਟਨਾ 19 ਮਾਰਚ 2017 ਨੂੰ ਮੋਹਾਲੀ ਦੇ ਫੇਜ਼-3ਬੀ1 ਵਿੱਚ ਵਾਪਰੀ ਸੀ। ਮ੍ਰਿਤਕ ਦੇ ਭਰਾ ਦਰਸ਼ਨ ਸਿੰਘ ਢਿੱਲੋਂ ਵੱਲੋਂ ਦਿੱਤੀ ਗਈ ਸ਼ਿਕਾਇਤ ਅਨੁਸਾਰ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਨ੍ਹਾਂ ਦੇ ਭਰਾ ਦੇ ਕਿਰਾਏ ਦੇ ਮਕਾਨ ਦੇ ਬਾਹਰ ਖੜ੍ਹੀ BMW ਕਾਰ (CH-04-F-0027) ਕੋਲ ਖੂਨ ਪਿਆ ਹੈ।

ਜਦੋਂ ਮੌਕੇ ਦੀ ਜਾਂਚ ਕੀਤੀ ਗਈ ਤਾਂ ਕਾਰ ਦੀ ਪਿਛਲੀ ਸੀਟ ‘ਤੇ ਪਏ ਕਾਲੇ ਸੂਟਕੇਸ ਵਿੱਚੋਂ ਖੂਨ ਟਪਕਦਾ ਮਿਲਿਆ। ਸੂਟਕੇਸ ਖੋਲ੍ਹਣ ‘ਤੇ ਉਸ ਵਿੱਚੋਂ ਏਕਮ ਸਿੰਘ ਢਿੱਲੋਂ ਦੀ ਲਾਸ਼ ਬਰਾਮਦ ਹੋਈ, ਜਿਸ ਦੇ ਸਿਰ ਵਿੱਚ ਗੋਲੀ ਲੱਗੀ ਹੋਈ ਸੀ।

ਜਾਂਚ ਵਿੱਚ ਸਾਹਮਣੇ ਆਏ ਖੁਲਾਸੇ

ਪੁਲਿਸ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਸੀਰਤ ਕੌਰ ਦੇ ਇੱਕ ਹੋਰ ਵਿਅਕਤੀ (ਨਿਮਰਤਦੀਪ ਸਿੰਘ) ਨਾਲ ਗੈਰ-ਵਿਆਹਿਕ ਸੰਬੰਧ ਸਨ। ਪੁਲਿਸ ਮੁਤਾਬਕ ਜਾਇਦਾਦ ਹਾਸਲ ਕਰਨ ਦੇ ਇਰਾਦੇ ਨਾਲ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਕਤਲ ਦੀ ਸਾਜ਼ਿਸ਼ ਰਚੀ।

ਕਤਲ ਤੋਂ ਬਾਅਦ ਲਾਸ਼ ਨੂੰ ਸੂਟਕੇਸ ਵਿੱਚ ਬੰਦ ਕਰਕੇ ਕਾਰ ਵਿੱਚ ਰੱਖਿਆ ਗਿਆ ਤਾਂ ਜੋ ਸਬੂਤ ਮਿਟਾਏ ਜਾ ਸਕਣ ਅਤੇ ਲਾਸ਼ ਨੂੰ ਠਿਕਾਣੇ ਲਗਾਇਆ ਜਾ ਸਕੇ।

11 ਸਾਲਾ ਪੁੱਤਰ ਦੀ ਗਵਾਹੀ ਬਣੀ ਅਹਿਮ ਸਬੂਤ

ਮ੍ਰਿਤਕ ਦੇ 11 ਸਾਲਾ ਪੁੱਤਰ ਗੁਰਨਿਵਾਜ਼ ਸਿੰਘ ਦੀ ਗਵਾਹੀ ਇਸ ਕੇਸ ਵਿੱਚ ਸਭ ਤੋਂ ਮਹੱਤਵਪੂਰਨ ਸਾਬਤ ਹੋਈ। ਉਸ ਨੇ ਅਦਾਲਤ ਨੂੰ ਦੱਸਿਆ ਕਿ ਘਟਨਾ ਵਾਲੀ ਰਾਤ ਉਸ ਦੇ ਮਾਤਾ-ਪਿਤਾ ਵਿਚਾਲੇ ਝਗੜਾ ਹੋਇਆ ਸੀ। ਉਸ ਨੇ ਆਪਣੀ ਮਾਂ ਨੂੰ ਤਿਜੋਰੀ ਵਿੱਚੋਂ ਪਿਸਤੌਲ ਕੱਢਦੇ ਦੇਖਿਆ ਸੀ।

ਰਾਤ ਸਮੇਂ ਉਸ ਨੇ ਆਪਣੇ ਪਿਤਾ ਦੀ ਚੀਕ ਅਤੇ ਗੋਲੀ ਚੱਲਣ ਦੀ ਆਵਾਜ਼ ਸੁਣੀ, ਪਰ ਉਸ ਦੇ ਕਮਰੇ ਨੂੰ ਬਾਹਰੋਂ ਤਾਲਾ ਲੱਗਾ ਹੋਇਆ ਸੀ। ਅਗਲੀ ਸਵੇਰ ਉਸ ਨੇ ਆਪਣੀ ਮਾਂ ਅਤੇ “ਪੱਪੀ ਮਾਸੀ” ਨੂੰ ਘਰ ਵਿੱਚੋਂ ਖੂਨ ਸਾਫ਼ ਕਰਦੇ ਦੇਖਿਆ।

CCTV ਫੁਟੇਜ ਨੇ ਖੋਲ੍ਹੀ ਪੋਲ

ਗੁਆਂਢੀ ਦੇ ਘਰ ਲੱਗੇ CCTV ਕੈਮਰਿਆਂ ਦੀ ਫੁਟੇਜ ਵਿੱਚ ਸੀਰਤ ਕੌਰ ਨੂੰ ਇੱਕ ਭਾਰੀ ਸੂਟਕੇਸ ਘਰ ਦੀਆਂ ਸੀੜ੍ਹੀਆਂ ਤੋਂ ਹੇਠਾਂ ਘਸੀਟਦੇ ਅਤੇ ਬਾਅਦ ਵਿੱਚ ਸੀੜ੍ਹੀਆਂ ਨੂੰ ਸਾਫ਼ ਕਰਦੇ ਦੇਖਿਆ ਗਿਆ।

ਪੁਲਿਸ ਮੁਤਾਬਕ ਕਤਲ ਤੋਂ ਤੁਰੰਤ ਬਾਅਦ ਉਹ ਬਾਜ਼ਾਰ ਗਈ, ਕ੍ਰੈਡਿਟ ਕਾਰਡ ਨਾਲ ਨਵਾਂ ਮੋਬਾਈਲ ਖਰੀਦਿਆ ਅਤੇ ਫਿਰ ਸੈਲੂਨ ਵਿੱਚ ਵਾਲ ਧੁਲਵਾਉਣ ਗਈ। ਉੱਥੇ ਉਸ ਨੇ ਕਰਮਚਾਰੀਆਂ ਦੇ ਫ਼ੋਨ ਤੋਂ ਆਪਣੀ ਮਾਂ ਨੂੰ ਕਾਲ ਕਰਕੇ ਬੱਚੇ ਅਤੇ ਸਮਾਨ ਲੈ ਜਾਣ ਲਈ ਕਿਹਾ। ਜਾਂਚ ਦੌਰਾਨ ਉਸ ਨੇ ਪੋਲੀਗ੍ਰਾਫ਼ ਅਤੇ ਨਾਰਕੋ ਟੈਸਟ ਕਰਵਾਉਣ ਤੋਂ ਵੀ ਇਨਕਾਰ ਕਰ ਦਿੱਤਾ ਸੀ।

ਹਥਿਆਰ ਵੀ ਹੋਇਆ ਬਰਾਮਦ

ਸੀਰਤ ਕੌਰ ਦੇ ਖੁਲਾਸੇ ਦੇ ਆਧਾਰ ‘ਤੇ ਪੁਲਿਸ ਨੇ ਘਰ ਦੀ ਅਲਮਾਰੀ ਵਿੱਚੋਂ ਅਮਰੀਕੀ ਬਣੀ 7.65 ਐੱਮ.ਐੱਮ. ਪਿਸਤੌਲ ਅਤੇ ਰਸੋਈ ਦੇ ਇੱਕ ਡੱਬੇ ਵਿੱਚ ਲੁਕਾਇਆ ਗਿਆ ਮੈਗਜ਼ੀਨ ਬਰਾਮਦ ਕੀਤਾ ਸੀ।

ਖੁਦਕੁਸ਼ੀ ਦੀ ਥਿਊਰੀ ਅਦਾਲਤ ਨੇ ਕੀਤੀ ਖਾਰਜ

ਬਚਾਅ ਪੱਖ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਏਕਮ ਸਿੰਘ ਢਿੱਲੋਂ ਨੇ ਮਾਨਸਿਕ ਤਣਾਅ ਕਾਰਨ ਖੁਦਕੁਸ਼ੀ ਕੀਤੀ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ 5 ਫੁੱਟ 3 ਇੰਚ ਲੰਬੀ ਸੀਰਤ ਕੌਰ ਲਈ 6 ਫੁੱਟ 3 ਇੰਚ ਲੰਬੇ ਏਕਮ ਨੂੰ ਗੋਲੀ ਮਾਰਨਾ ਸੰਭਵ ਨਹੀਂ ਸੀ।

ਹਾਲਾਂਕਿ, ਮੈਡੀਕਲ ਅਤੇ ਬੈਲਿਸਟਿਕ ਰਿਪੋਰਟਾਂ ਦੇ ਆਧਾਰ ‘ਤੇ ਅਦਾਲਤ ਨੇ ਇਸ ਦਲੀਲ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ। ਅਦਾਲਤ ਨੇ ਇਸ ਨੂੰ ਸਪੱਸ਼ਟ ਤੌਰ ‘ਤੇ ਕਤਲ ਦਾ ਮਾਮਲਾ ਕਰਾਰ ਦਿੰਦਿਆਂ ਸੀਰਤ ਕੌਰ ਨੂੰ ਸਖ਼ਤ ਉਮਰ ਕੈਦ ਦੀ ਸਜ਼ਾ ਸੁਣਾਈ।

Exit mobile version