ਕੁਰੂਕਸ਼ੇਤਰ, 3 ਸਤੰਬਰ 2026 (ਸੰਜੀਵ ਸ਼ਰਮਾ): ਹਰਿਆਣਾ ਸਰਕਾਰ ਦੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਸੂਬੇ ਵਿੱਚ ਮਹਿਲਾਵਾਂ ਲਈ ਸੁਰੱਖਿਅਤ, ਸਨਮਾਨਜਨਕ ਅਤੇ ਸਮਾਵੇਸ਼ੀ ਕਾਰਜਸਥਲ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ‘ਮਹਿਲਾ ਸਮਰੱਥ ਸੰਸਥਾਨ ਪੁਰਸਕਾਰ’ ਪਹਿਲਕਦਮੀ ਸ਼ੁਰੂ ਕੀਤੀ ਗਈ ਹੈ। ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਸ ਯੋਜਨਾ ਦਾ ਮੁੱਖ ਉਦੇਸ਼ ਕਾਰਜਸਥਲਾਂ ਨੂੰ ਲਿੰਗ-ਸੰਵੇਦਨਸ਼ੀਲ ਬਣਾਉਣਾ, ਪੌਸ਼ ਐਕਟ-2013 ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣਾ, ਰੁਜ਼ਗਾਰ ਅਤੇ ਲੀਡਰਸ਼ਿਪ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਵਧਾਉਣਾ ਅਤੇ ਬਾਲ ਸੰਭਾਲ, ਲਚਕੀਲੇ ਕੰਮਕਾਜ ਅਤੇ ਸ਼ਿਕਾਇਤ ਨਿਵਾਰਣ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਸ ਰਾਜ ਪੱਧਰੀ ਸਨਮਾਨ ਅਤੇ ਪ੍ਰੋਤਸਾਹਨ ਯੋਜਨਾ ਤਹਿਤ 5 ਵੱਖ-ਵੱਖ ਸ਼੍ਰੇਣੀਆਂ ਵਿੱਚ ਕੁੱਲ 25 ਪੁਰਸਕਾਰ ਦਿੱਤੇ ਜਾਣਗੇ। ਇਨ੍ਹਾਂ ਸ਼੍ਰੇਣੀਆਂ ਵਿੱਚ ਸਰਕਾਰੀ ਵਿਭਾਗ/ਬੋਰਡ/ਨਿਗਮ/ਕਮਿਸ਼ਨ ਅਤੇ ਜਨਤਕ ਖੇਤਰ ਦੇ ਅਦਾਰੇ, ਖੁਦਮੁਖਤਿਆਰ ਸੰਸਥਾਵਾਂ/ਨਿੱਜੀ ਕੰਪਨੀਆਂ, ਉਦਯੋਗਿਕ ਇਕਾਈਆਂ, ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ, ਸਿੱਖਿਆ ਸੰਸਥਾਵਾਂ/ਹਸਪਤਾਲ/ਸੇਵਾ ਖੇਤਰ ਦੇ ਅਦਾਰੇ ਅਤੇ ਗੈਰ-ਸਰਕਾਰੀ ਸੰਸਥਾਵਾਂ ਸ਼ਾਮਲ ਹਨ। ਹਰੇਕ ਸ਼੍ਰੇਣੀ ਲਈ 4.75 ਲੱਖ ਰੁਪਏ ਦਾ ਬਜਟ ਰੱਖਿਆ ਗਿਆ ਹੈ ਅਤੇ ਹਰ ਸ਼੍ਰੇਣੀ ਵਿੱਚ 5-5 ਪੁਰਸਕਾਰ ਦਿੱਤੇ ਜਾਣਗੇ। ਸਰਕਾਰ ਵੱਲੋਂ ਯੋਗ ਅਤੇ ਇੱਛੁਕ ਸੰਸਥਾਵਾਂ ਤੋਂ ਆਨਲਾਈਨ ਅਰਜ਼ੀਆਂ ਮੰਗੀਆਂ ਗਈਆਂ ਹਨ। ਅਰਜ਼ੀ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 20 ਸਤੰਬਰ 2026 ਨਿਰਧਾਰਤ ਕੀਤੀ ਗਈ ਹੈ। ਸਿਰਫ਼ ਅਧਿਕਾਰਤ ਪੋਰਟਲ WCDHRY.GOV.IN ਰਾਹੀਂ ਹੀ ਆਨਲਾਈਨ ਅਰਜ਼ੀਆਂ ਸਵੀਕਾਰ ਕੀਤੀਆਂ ਜਾਣਗੀਆਂ। ਡਾਕ, ਕੋਰੀਅਰ ਜਾਂ ਆਫਲਾਈਨ ਮਾਧਿਅਮ ਰਾਹੀਂ ਭੇਜੀਆਂ ਅਰਜ਼ੀਆਂ ਮੰਨਣਯੋਗ ਨਹੀਂ ਹੋਣਗੀਆਂ। ਵਿਭਾਗ ਦੀ ਅਧਿਕਾਰਤ ਵੈੱਬਸਾਈਟ ’ਤੇ ਅਰਜ਼ੀ ਫਾਰਮ, ਮੁਲਾਂਕਣ ਢਾਂਚਾ, ਯੋਗਤਾ ਮਾਪਦੰਡ, ਦਿਸ਼ਾ-ਨਿਰਦੇਸ਼ ਅਤੇ ਨਿਯਮ ਤੇ ਸ਼ਰਤਾਂ ਉਪਲਬਧ ਹਨ। ਅਧੂਰੇ ਜਾਂ ਗਲਤ ਫਾਰਮੈਟ ਵਿੱਚ ਜਮ੍ਹਾਂ ਕਰਵਾਈਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਜਾਣਗੀਆਂ।






