Home ਹਰਿਆਣਾ ਮਹਾਰਾਜਾ ਅਗਰਸੈਨ ਜੀ ਸੰਪੂਰਨ ਭਾਰਤੀ ਸਮਾਜ ਦੀ ਇੱਕ ਮਹਾਨ ਸ਼ਖ਼ਸੀਅਤ ਸਨ – ਮੁੱਖ ਮੰਤਰੀ...

ਮਹਾਰਾਜਾ ਅਗਰਸੈਨ ਜੀ ਸੰਪੂਰਨ ਭਾਰਤੀ ਸਮਾਜ ਦੀ ਇੱਕ ਮਹਾਨ ਸ਼ਖ਼ਸੀਅਤ ਸਨ – ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ

Haryana CM Nayab Singh Saini Pays Tribute to Maharaja Agrasen Ji, Calling Him a Great Icon of Indian Society.

0

ਚੰਡੀਗੜ੍ਹ, 11 ਅਕਤੂਬਰ, 2026 (ਸੰਜੀਵ ਸ਼ਰਮਾ) :  ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਪਟਿਆਲਾ ਜ਼ਿਲ੍ਹੇ ਦੇ ਪਾਤੜਾਂ (ਪੰਜਾਬ) ਦੇ ਪ੍ਰਾਚੀਨ ਸ਼ਿਵ ਮੰਦਿਰ ਪਰਿਸਰ ਵਿੱਚ ਮਹਾਰਾਜਾ ਅਗਰਸੈਨ ਜੀ ਦੀ 5150ਵੀਂ ਜਯੰਤੀ ਦੇ ਪਾਵਨ ਮੌਕੇ ’ਤੇ ਯੁਵਾ ਅਗਰਵਾਲ ਸਭਾ ਵੱਲੋਂ ਆਯੋਜਿਤ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਨੇ ਅਹਿੰਸਾ, ਸਮਾਜਵਾਦ ਅਤੇ ਕਰੁਣਾ ਦੇ ਪ੍ਰਤੀਕ ਮਹਾਰਾਜਾ ਅਗਰਸੈਨ ਜੀ ਦੇ ਚਰਨਾਂ ਵਿੱਚ ਸ਼ਤ-ਸ਼ਤ ਨਮਨ ਕਰਦਿਆਂ ਸਮੂਹ ਦੇਸ਼ ਵਾਸੀਆਂ ਨੂੰ ਜਯੰਤੀ ਅਤੇ ਨਵਰਾਤਰਿਆਂ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਮੁੱਖ ਮੰਤਰੀ ਨੇ ਕਿਹਾ ਕਿ ਮਹਾਰਾਜਾ ਅਗਰਸੈਨ ਜੀ ਸਿਰਫ ਅਗਰਵਾਲ ਸਮਾਜ ਹੀ ਨਹੀਂ, ਸਗੋਂ ਸੰਪੂਰਨ ਭਾਰਤੀ ਸਮਾਜ ਦੀ ਇੱਕ ਮਹਾਨ ਸ਼ਖ਼ਸੀਅਤ ਸਨ, ਜਿਨ੍ਹਾਂ ਨੇ ਆਪਣੇ ਰਾਜ ਵਿੱਚ ‘ਇੱਕ ਇੱਟ ਅਤੇ ਇੱਕ ਸੋਨੇ ਦੀ ਮੋਹਰ‘ ਵਰਗੀ ਅਨੋਖੀ ਅਤੇ ਦੂਰਦਰਸ਼ੀ ਪਰੰਪਰਾ ਦੀ ਸ਼ੁਰੂਆਤ ਕੀਤੀ ਸੀ ਤਾਂ ਜੋ ਹਰ ਨਵਾਂ ਪਰਿਵਾਰ ਆਤਮਨਿਰਭਰ ਬਣ ਸਕੇ। ਉਨ੍ਹਾਂ ਨੇ ਪਸ਼ੂ ਬਲੀ ’ਤੇ ਪੂਰਨ ਪਾਬੰਦੀ ਲਗਾ ਕੇ ਮਾਨਵ ਇਤਿਹਾਸ ਵਿੱਚ ਅਹਿੰਸਾ ਦਾ ਸਮਾਜਿਕ ਨਿਯਮ ਸਥਾਪਿਤ ਕੀਤਾ।

ਸ੍ਰੀ ਸੈਣੀ ਨੇ ਕਿਹਾ ਕਿ ਅਗਰਵਾਲ ਸਮਾਜ ਦਾ ਇਤਿਹਾਸ ਹਮੇਸ਼ਾ ਤੋਂ ਰਾਸ਼ਟਰ ਨਿਰਮਾਣ, ਦਾਨਸ਼ੀਲਤਾ ਅਤੇ ਮਨੁੱਖਤਾ ਦੀ ਸੇਵਾ ਵਿੱਚ ਸੁਨਹਿਰੀ ਰਿਹਾ ਹੈ। ਉਨ੍ਹਾਂ ਨੇ ਭਾਮਾਸ਼ਾਹ ਤੋਂ ਲੈ ਕੇ ਦੇਸ਼ ਅਤੇ ਦੁਨੀਆ ਵਿੱਚ ਸਮਾਜ ਦਾ ਨਾਮ ਰੌਸ਼ਨ ਕਰਨ ਵਾਲੇ ਸੁਤੰਤਰਤਾ ਸੈਨਾਨੀਆਂ, ਸੰਤਾਂ, ਸਾਹਿਤਕਾਰਾਂ ਅਤੇ ਉਦਯੋਗਪਤੀਆਂ ਦਾ ਵਿਸ਼ੇਸ਼ ਤੌਰ ’ਤੇ ਯਾਦ ਕੀਤਾ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ‘ ਦੇ ਮੂਲ ਮੰਤਰ ਨੂੰ ਦੁਹਰਾਉਂਦਿਆਂ ਉਨ੍ਹਾਂ ਕਿਹਾ ਕਿ ਜੀ.ਐਸ.ਟੀ., ਡਿਜੀਟਲ ਇੰਡੀਆ ਅਤੇ ਸਟਾਰਟਅੱਪ ਇੰਡੀਆ ਵਰਗੀਆਂ ਯੋਜਨਾਵਾਂ ਨੇ ਵਪਾਰ ਜਗਤ ਨੂੰ ਨਵੀਆਂ ਉਚਾਈਆਂ ਦਿੱਤੀਆਂ ਹਨ। ਪੰਜਾਬ ਦੀ ਮੌਜੂਦਾ ਸਥਿਤੀ ’ਤੇ ਚਿੰਤਾ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦਾ ਵਪਾਰੀ ਅਤੇ ਨੌਜੁਆਨ ਵਰਗ ਅੱਜ ਸੁਰੱਖਿਅਤ ਮਾਹੌਲ, ਪਾਰਦਰਸ਼ੀ ਵਿਵਸਥਾ ਅਤੇ ਬਦਲਾਅ ਦੀ ਉਮੀਦ ਕਰ ਰਿਹਾ ਹੈ।

ਆਪਣੇ ਸੰਬੋਧਨ ਵਿੱਚ ਹਰਿਆਣਾ ਦੇ ਉਦਯੋਗਿਕ ਅਤੇ ਆਰਥਿਕ ਵਿਕਾਸ ਦਾ ਖਾਕਾ ਰੱਖਦਿਆਂ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਦੱਸਿਆ ਕਿ ਰਾਜ ਸਰਕਾਰ ‘ਵਿਕਸਿਤ ਹਰਿਆਣਾ 2047′ ਦੇ ਵਿਜ਼ਨ ਤਹਿਤ 1 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਅਤੇ 50 ਲੱਖ ਨਵੇਂ ਰੁਜ਼ਗਾਰ ਸਿਰਜਣ ਦੇ ਟੀਚੇ ’ਤੇ ਕੰਮ ਕਰ ਰਹੀ ਹੈ। ਹਰਿਆਣਾ ਅੱਜ ਦੇਸ਼ ਵਿੱਚ ਸਟਾਰਟਅੱਪ ਸੱਭਿਆਚਾਰ ਦੇ ਮਾਮਲੇ ਵਿੱਚ ਚੌਥੇ ਸਥਾਨ ’ਤੇ ਹੈ, ਜਿੱਥੇ 12 ਹਜ਼ਾਰ ਤੋਂ ਵੱਧ ਮਾਨਤਾ ਪ੍ਰਾਪਤ ਸਟਾਰਟਅੱਪ, 19 ਯੂਨਿਕੌਰਨ ਅਤੇ 250 ਤੋਂ ਜ਼ਿਆਦਾ ਫਾਰਚੂਨ-500 ਕੰਪਨੀਆਂ ਮੌਜੂਦ ਹਨ। ਈਜ਼ ਆਫ਼ ਡੂਇੰਗ ਬਿਜ਼ਨਸ ਤਹਿਤ ਸਰਕਾਰ ਨੇ ਉਦਯੋਗਾਂ ਅਤੇ ਐੱਮ.ਐੱਸ.ਐੱਮ.ਈ. ਸੈਕਟਰ ਨੂੰ ਮਜ਼ਬੂਤ ਕਰਨ ਲਈ ਪਲੱਗ-ਐਂਡ-ਪਲੇ ਨੀਤੀ, ਪਦਮਾ ਪ੍ਰੋਗਰਾਮ ਅਤੇ 1100 ਤੋਂ ਵੱਧ ਗ਼ੈਰ-ਜ਼ਰੂਰੀ ਨਿਯਮਾਂ ਨੂੰ ਸਮਾਪਤ ਕਰਨ ਵਰਗੇ ਕਈ ਇਤਿਹਾਸਕ ਕਦਮ ਚੁੱਕੇ ਹਨ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਡਬਲ ਇੰਜਣ ਸਰਕਾਰ ਦੀ ਤਰਜ਼ ’ਤੇ ਜੇਕਰ ਪੰਜਾਬ ਵਿੱਚ ਵੀ ਵਿਕਾਸ-ਮੁਖੀ ਵਿਵਸਥਾ ਬਣੇਗੀ, ਤਾਂ ਇੱਥੋਂ ਦੇ ਉਦਯੋਗਪਤੀਆਂ ਨੂੰ ਵੀ ਬਿਹਤਰੀਨ ਸਹੂਲਤਾਂ ਮਿਲਣਗੀਆਂ। ਅੰਤ ਵਿੱਚ ਉਨ੍ਹਾਂ ਨੇ ਸਾਰਿਆਂ ਨੂੰ ਮਹਾਰਾਜਾ ਅਗਰਸੈਨ ਜੀ ਦੇ ਦੱਸੇ ਮਾਰਗ ’ਤੇ ਚੱਲਦਿਆਂ ਇੱਕ ਖੁਸ਼ਹਾਲ ਅਤੇ ਸੁਰੱਖਿਅਤ ਪੰਜਾਬ ਦੇ ਨਿਰਮਾਣ ਦਾ ਸੰਕਲਪ ਲੈਣ ਦੀ ਅਪੀਲ ਕੀਤੀ।

Exit mobile version