Homeਪੰਜਾਬ'ਮਾਵਾਂ ਧੀਆਂ ਸਤਿਕਾਰ ਯੋਜਨਾ' ਨੇ ਬਣਾਇਆ ਨਵਾਂ ਰਿਕਾਰਡ, 70 ਲੱਖ ਤੋਂ ਵੱਧ...

‘ਮਾਵਾਂ ਧੀਆਂ ਸਤਿਕਾਰ ਯੋਜਨਾ’ ਨੇ ਬਣਾਇਆ ਨਵਾਂ ਰਿਕਾਰਡ, 70 ਲੱਖ ਤੋਂ ਵੱਧ ਮਹਿਲਾਵਾਂ ਨੇ ਕਰਵਾਈ ਰਜਿਸਟਰੇਸ਼ਨ

ਚੰਡੀਗੜ੍ਹ 24 ਜੁਲਾਈ, 2026 (ਹਰਸ਼ਲੀਨ ਸਿੰਘ): ਪੰਜਾਬ ਸਰਕਾਰ ਦੀ ਫਲੈਗਸ਼ਿਪ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਨੂੰ ਮਹਿਲਾਵਾਂ ਵੱਲੋਂ ਵੱਡਾ ਸਮਰਥਨ ਮਿਲ ਰਿਹਾ ਹੈ। ਤਾਜ਼ਾ ਅੰਕੜਿਆਂ ਮੁਤਾਬਕ, ਯੋਜਨਾ ਲਈ ਰਜਿਸਟਰੇਸ਼ਨ ਕਰਵਾਉਣ ਵਾਲੀਆਂ ਮਹਿਲਾਵਾਂ ਦੀ ਗਿਣਤੀ 70 ਲੱਖ ਤੋਂ ਪਾਰ ਪਹੁੰਚ ਗਈ ਹੈ। ਦਿਲਚਸਪ ਗੱਲ ਇਹ ਹੈ ਕਿ ਸਰਕਾਰ ਦਾ ਸ਼ੁਰੂਆਤੀ ਟੀਚਾ ਕਰੀਬ 52 ਲੱਖ ਲਾਭਪਾਤਰੀਆਂ ਤੱਕ ਪਹੁੰਚਣ ਦਾ ਸੀ, ਪਰ ਰਜਿਸਟਰੇਸ਼ਨ ਇਸ ਤੋਂ ਕਾਫ਼ੀ ਵੱਧ ਹੋ ਚੁੱਕੀ ਹੈ।

ਸਰਕਾਰੀ ਜਾਣਕਾਰੀ ਅਨੁਸਾਰ, ਜੂਨ ਮਹੀਨੇ ਵਿੱਚ ਲਗਭਗ 33 ਲੱਖ ਮਹਿਲਾਵਾਂ ਨੇ ਯੋਜਨਾ ਨਾਲ ਜੁੜਨ ਲਈ ਰਜਿਸਟਰੇਸ਼ਨ ਕਰਵਾਈ ਸੀ, ਜਦਕਿ ਜੁਲਾਈ ਦੌਰਾਨ ਇਹ ਗਿਣਤੀ ਵੱਧ ਕੇ 37 ਲੱਖ ਤੋਂ ਉਪਰ ਪਹੁੰਚ ਗਈ। ਰਜਿਸਟਰੇਸ਼ਨ ਦਾ ਸਿਲਸਿਲਾ ਹਾਲੇ ਵੀ ਜਾਰੀ ਹੈ।

ਅੰਕੜਿਆਂ ਅਨੁਸਾਰ, ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿੱਚੋਂ 66 ਹਲਕਿਆਂ ਵਿੱਚ 50 ਹਜ਼ਾਰ ਤੋਂ ਵੱਧ ਮਹਿਲਾਵਾਂ ਇਸ ਯੋਜਨਾ ਨਾਲ ਜੁੜ ਚੁੱਕੀਆਂ ਹਨ। ਜਲਾਲਾਬਾਦ ਹਲਕਾ ਸਭ ਤੋਂ ਅੱਗੇ ਹੈ, ਜਿੱਥੇ 87,460 ਮਹਿਲਾਵਾਂ ਨੇ ਰਜਿਸਟਰੇਸ਼ਨ ਕਰਵਾਈ ਹੈ। ਇਸ ਤੋਂ ਬਾਅਦ ਸਨੌਰ ਵਿੱਚ 84,111 ਅਤੇ ਧੂਰੀ ਵਿੱਚ 63,036 ਮਹਿਲਾਵਾਂ ਨੇ ਯੋਜਨਾ ਦਾ ਲਾਭ ਲੈਣ ਲਈ ਨਾਮ ਦਰਜ ਕਰਵਾਇਆ ਹੈ। ਦੂਜੇ ਪਾਸੇ, ਲੁਧਿਆਣਾ ਪੱਛਮੀ ਵਿੱਚ ਸਭ ਤੋਂ ਘੱਟ 30,073 ਰਜਿਸਟਰੇਸ਼ਨ ਦਰਜ ਕੀਤੀਆਂ ਗਈਆਂ ਹਨ।

ਸਰਕਾਰ ਵੱਲੋਂ ਇਸ ਯੋਜਨਾ ਤਹਿਤ ਆਮ ਵਰਗ ਦੀਆਂ ਮਹਿਲਾਵਾਂ ਨੂੰ ਹਰ ਮਹੀਨੇ 1,000 ਰੁਪਏ ਅਤੇ ਅਨੁਸੂਚਿਤ ਜਾਤੀ ਵਰਗ ਦੀਆਂ ਮਹਿਲਾਵਾਂ ਨੂੰ 1,500 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਪਹਿਲੀ ਜੁਲਾਈ ਨੂੰ 32.96 ਲੱਖ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਤਿੰਨ ਮਹੀਨਿਆਂ ਦੀ ਪਹਿਲੀ ਕਿਸ਼ਤ ਜਮ੍ਹਾਂ ਕਰਵਾਈ ਗਈ, ਜਿਸ ਲਈ 1,149.59 ਕਰੋੜ ਰੁਪਏ ਜਾਰੀ ਕੀਤੇ ਗਏ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜੁਲਾਈ ਵਿੱਚ ਰਜਿਸਟਰੇਸ਼ਨ ਕਰਵਾਉਣ ਵਾਲੀਆਂ ਮਹਿਲਾਵਾਂ ਦੇ ਖਾਤਿਆਂ ਵਿੱਚ ਪਹਿਲੀ ਅਗਸਤ ਨੂੰ ਜੁਲਾਈ, ਅਗਸਤ ਅਤੇ ਸਤੰਬਰ ਮਹੀਨਿਆਂ ਦੀ ਰਕਮ ਟਰਾਂਸਫਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਰਜਿਸਟਰੇਸ਼ਨ ਦੀ ਪ੍ਰਕਿਰਿਆ ਜਾਰੀ ਰਹੇਗੀ ਅਤੇ ਯੋਗ ਮਹਿਲਾਵਾਂ ਨੂੰ ਯੋਜਨਾ ਦੇ ਦਾਇਰੇ ਵਿੱਚ ਲਿਆਉਣ ਲਈ ਸਰਕਾਰ ਵਚਨਬੱਧ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments