Homeਪੰਜਾਬਧੂਰੀ ਅਨਾਜ ਮੰਡੀ ’ਚ ₹9 ਕਰੋੜ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ

ਧੂਰੀ ਅਨਾਜ ਮੰਡੀ ’ਚ ₹9 ਕਰੋੜ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ

₹9 crore development projects launched at Anaj Mandi Dhuri to improve local infrastructure.

ਧੂਰੀ, 12 ਅਗਸਤ, 2026 (ਦੀਪਕ ਦੱਤਾ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਧੂਰੀ ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਓ.ਐਸ.ਡੀ. ਸੁਖਵੀਰ ਸਿੰਘ ਨੇ ਅੱਜ ਅਨਾਜ ਮੰਡੀ ਧੂਰੀ ਵਿਖੇ ਕਰੀਬ 9 ਕਰੋੜ ਰੁਪਏ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ।

ਇਸ ਮੌਕੇ ਸੰਬੋਧਨ ਕਰਦਿਆਂ ਓ.ਐਸ.ਡੀ. ਸੁਖਵੀਰ ਸਿੰਘ ਨੇ ਕਿਹਾ ਕਿ ਅਨਾਜ ਮੰਡੀ ਧੂਰੀ ਵਿਖੇ ਹੋਣ ਵਾਲੇ ਇਨ੍ਹਾਂ ਵਿਕਾਸ ਕਾਰਜਾਂ ਨਾਲ ਆੜ੍ਹਤੀਆਂ, ਕਿਸਾਨਾਂ, ਮਜ਼ਦੂਰਾਂ ਅਤੇ ਮੰਡੀ ਵਿੱਚ ਆਉਣ ਵਾਲੇ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ। ਉਨ੍ਹਾਂ ਦੱਸਿਆ ਕਿ ਪ੍ਰਾਜੈਕਟ ਤਹਿਤ ਸੀ.ਸੀ. ਰੋਡ ਦੀ ਉਸਾਰੀ, ਫੜਾਂ ਅਤੇ ਪਾਰਕਿੰਗ ਦੀ ਡੀ.ਬੀ. ਫਲੋਰਿੰਗ, ਸੜਕਾਂ ਦੀ ਉਸਾਰੀ ਤੇ ਪੈਚ ਵਰਕ, ਚਾਰਦੀਵਾਰੀ ਅਤੇ ਗੇਟ ਦੀ ਉਸਾਰੀ, ਪਾਰਕਿੰਗ ਦੇ ਨਾਲ ਪਾਈਪ ਲਾਈਨ ਵਿਛਾਉਣ, ਸੈਡਾਂ ਉੱਤੇ ਪਰਨਾਲੇ ਲਗਾਉਣ, ਟਾਇਲਟ ਦੀ ਉਸਾਰੀ ਅਤੇ ਸਬਜ਼ੀ ਮੰਡੀ ਦੀ ਮੁਰੰਮਤ ਸਮੇਤ ਕਈ ਕੰਮ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਨਵੀਂ ਅਨਾਜ ਮੰਡੀ ਧੂਰੀ ਵਿਖੇ ਟਾਇਲਟ ਬਲਾਕ ਅਤੇ ਕੈਟਲ ਕੈਚਰ ਵੀ ਬਣਾਏ ਜਾਣਗੇ। ਇਸ ਤੋਂ ਇਲਾਵਾ ਮੰਡੀ ਦੀਆਂ ਫੜਾਂ ਨੂੰ ਉੱਚਾ ਕੀਤਾ ਜਾਵੇਗਾ, ਜਿਸ ਨਾਲ ਬਰਸਾਤ ਦੇ ਮੌਸਮ ਦੌਰਾਨ ਪਾਣੀ ਖੜ੍ਹਾ ਹੋਣ ਦੀ ਸਮੱਸਿਆ ਨੂੰ ਘਟਾਉਣ ਵਿੱਚ ਮਦਦ ਮਿਲੇਗੀ। ਮੰਡੀ ਦੀਆਂ ਸੜਕਾਂ ਨੂੰ ਵੀ ਬਿਹਤਰ ਬਣਾਇਆ ਜਾਵੇਗਾ ਅਤੇ ਸਾਈਡਾਂ ਤੋਂ ਆਉਣ ਵਾਲੇ ਪਾਣੀ ਦੀ ਨਿਕਾਸੀ ਲਈ ਢੁਕਵਾਂ ਪ੍ਰਬੰਧ ਕੀਤਾ ਜਾਵੇਗਾ।

ਓ.ਐਸ.ਡੀ. ਨੇ ਕਿਹਾ ਕਿ ਧੂਰੀ ਸ਼ਹਿਰ ਦੀਆਂ ਲੋੜਾਂ ਅਤੇ ਲੋਕਾਂ ਵੱਲੋਂ ਉਠਾਏ ਜਾ ਰਹੇ ਮੁੱਦਿਆਂ ਨੂੰ ਤਰਜੀਹ ਦੇ ਆਧਾਰ ’ਤੇ ਹੱਲ ਕਰਨ ਲਈ ਪੰਜਾਬ ਸਰਕਾਰ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਬਿਜਲੀ ਸਬੰਧੀ ਕੰਮਾਂ, ਸੂਏ ਨੂੰ ਕਵਰ ਕਰਨ, ਸੀਵਰੇਜ ਟ੍ਰੀਟਮੈਂਟ ਪਲਾਂਟ (ਐਸ.ਟੀ.ਪੀ.) ਅਤੇ ਹੋਰ ਬੁਨਿਆਦੀ ਢਾਂਚੇ ਨਾਲ ਸਬੰਧਤ ਪ੍ਰਾਜੈਕਟਾਂ ’ਤੇ ਵੀ ਕੰਮ ਕੀਤਾ ਜਾ ਰਿਹਾ ਹੈ। ਓ.ਐਸ.ਡੀ. ਸੁਖਵੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਲੋੜਾਂ ਅਨੁਸਾਰ ਵਿਕਾਸ ਕਾਰਜਾਂ ਨੂੰ ਲਗਾਤਾਰ ਅੱਗੇ ਵਧਾਇਆ ਜਾ ਰਿਹਾ ਹੈ ਅਤੇ ਧੂਰੀ ਸ਼ਹਿਰ ਵਿੱਚ ਹੁਣ ਤੱਕ ਕਈ ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਪ੍ਰਾਜੈਕਟ ਲਿਆਂਦੇ ਗਏ ਹਨ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਆਪਣੇ ਇਲਾਕੇ ਦੀਆਂ ਸਮੱਸਿਆਵਾਂ ਅਤੇ ਲੋੜਾਂ ਸਬੰਧੀ ਦਿੱਤੇ ਜਾ ਰਹੇ ਸੁਝਾਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਇਨ੍ਹਾਂ ਦੇ ਹੱਲ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।

ਇਸ ਮੌਕੇ ਮੈਂਬਰ ਵਕਫ਼ ਬੋਰਡ ਡਾ. ਅਨਵਰ ਭਸੌੜ, ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਜਤਿੰਦਰ ਸਿੰਘ ਮੰਡੇਰ, ਡਾਇਰੈਕਟਰ ਚੌਧਰੀ ਪਵਨ ਕੁਮਾਰ ਵਰਮਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਜਿੰਦਰ ਸਿੰਘ ਕਾਂਝਲਾ, ਕੌਂਸਲਰ ਪੁਸ਼ਪਿੰਦਰ ਸ਼ਰਮਾ, ਮੰਡੀ ਬੋਰਡ ਦੇ ਐਕਸੀਅਨ ਪੁਨੀਤ, ਐਸ.ਡੀ.ਓ. ਰਤਨਦੀਪ ਸਿੰਘ, ਗਗਨ ਜਵੰਧਾ, ਬਲਵਿੰਦਰ ਸਿੰਘ ਬਿੱਲੂ, ਡਾ. ਮੇਜਰ ਸਿੰਘ, ਸ਼ਮੀਰ ਕੁਮਾਰ ਸ਼ਮੀ, ਮਲਕੀਤ ਸਿੰਘ ਅਤੇ ਸ਼ਾਮ ਲਾਲ ਸ਼ਰਮਾ ਸਮੇਤ ਮੰਡੀ ਦੇ ਆੜ੍ਹਤੀ, ਕਿਸਾਨ ਅਤੇ ਹੋਰ ਸਬੰਧਤ ਧਿਰਾਂ ਹਾਜ਼ਰ ਸਨ। ਇਸ ਮੌਕੇ ਮੰਡੀ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਲਈ ਆੜ੍ਹਤੀਆਂ ਅਤੇ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ।

RELATED ARTICLES
- Advertisment -
Google search engine
Google search engine
Google search engine

Most Popular

Recent Comments