ਫਗਵਾੜਾ/ਜਲੰਧਰ, 27 ਸਤੰਬਰ, 2026 (ਛਤਰਪਾਲ ਸਿੰਘ): ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਦੇ ਕੈਂਪਸ ਵਿੱਚ ਐਤਵਾਰ ਤੜਕੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਨੇ ਤਣਾਅਪੂਰਨ ਰੂਪ ਧਾਰ ਲਿਆ। ਵਿਦਿਆਰਥੀਆਂ ਨੇ ਕੈਂਪਸ ਵਿੱਚ ਭੰਨਤੋੜ ਕੀਤੀ ਅਤੇ ਕੁਝ ਥਾਵਾਂ ’ਤੇ ਅੱਗ ਲੱਗਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਜਲੰਧਰ-ਫਗਵਾੜਾ ਨੈਸ਼ਨਲ ਹਾਈਵੇ ’ਤੇ ਪਹੁੰਚ ਕੇ ਆਵਾਜਾਈ ਰੋਕ ਦਿੱਤੀ। ਵਿਰੋਧ ਦੀ ਸ਼ੁਰੂਆਤ ਕਥਿਤ ਤੌਰ ’ਤੇ ਸੋਸ਼ਲ ਮੀਡੀਆ ’ਤੇ ਫੈਲੀ ਇੱਕ ਅਪੁਸ਼ਟ ਜਾਣਕਾਰੀ ਤੋਂ ਬਾਅਦ ਹੋਈ। ਇਸ ਵਿੱਚ ਇੱਕ ਵਿਦਿਆਰਥਣ ਨਾਲ ਕਥਿਤ ਬਲਾਤਕਾਰ ਦੀ ਗੱਲ ਕਹੀ ਜਾ ਰਹੀ ਸੀ। ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਉਸ ਸਮੇਂ ਤੱਕ ਉਨ੍ਹਾਂ ਕੋਲ ਅਜਿਹੀ ਘਟਨਾ ਸਬੰਧੀ ਕੋਈ ਸ਼ਿਕਾਇਤ ਜਾਂ ਪੁਸ਼ਟੀਸ਼ੁਦਾ ਸਬੂਤ ਨਹੀਂ ਸੀ।
ਕੈਂਪਸ ਵਿੱਚ ਵਧਿਆ ਤਣਾਅ : ਰਿਪੋਰਟਾਂ ਮੁਤਾਬਕ ਤੜਕੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਇਕੱਠੇ ਹੋਏ। ਇਸ ਦੌਰਾਨ ਕੈਂਪਸ ਵਿੱਚ ਕਥਿਤ ਤੌਰ ’ਤੇ ਖਿੜਕੀਆਂ, ਸਾਈਨ ਬੋਰਡਾਂ ਅਤੇ ਹੋਰ ਸਮਾਨ ਨੂੰ ਨੁਕਸਾਨ ਪਹੁੰਚਾਇਆ ਗਿਆ। ਕੁਝ ਵਸਤੂਆਂ ਨੂੰ ਅੱਗ ਲਗਾਉਣ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਸਾਹਮਣੇ ਆਈਆਂ।
ਹਾਈਵੇ ’ਤੇ ਆਵਾਜਾਈ ਪ੍ਰਭਾਵਿਤ : ਵਿਦਿਆਰਥੀਆਂ ਦੇ ਕੈਂਪਸ ਤੋਂ ਬਾਹਰ ਆਉਣ ਤੋਂ ਬਾਅਦ ਜਲੰਧਰ-ਫਗਵਾੜਾ ਨੈਸ਼ਨਲ ਹਾਈਵੇ ’ਤੇ ਵੀ ਪ੍ਰਦਰਸ਼ਨ ਕੀਤਾ ਗਿਆ। ਇਸ ਕਾਰਨ ਹਾਈਵੇ ’ਤੇ ਆਵਾਜਾਈ ਪ੍ਰਭਾਵਿਤ ਹੋਈ ਅਤੇ ਪੁਲਿਸ ਵੱਲੋਂ ਮੌਕੇ ’ਤੇ ਸੁਰੱਖਿਆ ਵਧਾਈ ਗਈ।
ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ : ਕਪੂਰਥਲਾ ਦੇ ਸੀਨੀਅਰ ਪੁਲਿਸ ਅਧਿਕਾਰੀ ਅਤੇ ਹੋਰ ਅਧਿਕਾਰੀ ਮੌਕੇ ’ਤੇ ਪਹੁੰਚੇ। ਪੁਲਿਸ ਵੱਲੋਂ ਵਿਦਿਆਰਥੀਆਂ ਨਾਲ ਗੱਲਬਾਤ ਕਰਕੇ ਸਥਿਤੀ ਨੂੰ ਕਾਬੂ ਕਰਨ ਅਤੇ ਪ੍ਰਦਰਸ਼ਨ ਖ਼ਤਮ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ। ਕਪੂਰਥਲਾ ਦੇ ਐਸਐਸਪੀ ਗੌਰਵ ਤੂਰਾ ਨੇ ਕਿਹਾ ਸੀ ਕਿ ਵਾਇਰਲ ਹੋਈ ਅਪੁਸ਼ਟ ਜਾਣਕਾਰੀ ਕਾਰਨ ਵਿਦਿਆਰਥੀਆਂ ਵਿੱਚ ਰੋਸ ਪੈਦਾ ਹੋਇਆ ਅਤੇ ਪੁਲਿਸ ਨੂੰ ਅਜਿਹੀ ਘਟਨਾ ਸਬੰਧੀ ਕੋਈ ਸ਼ਿਕਾਇਤ ਨਹੀਂ ਮਿਲੀ ਸੀ। ਪੁਲਿਸ ਨੇ ਕੈਂਪਸ ਵਿੱਚ ਹੋਏ ਨੁਕਸਾਨ ਅਤੇ ਪ੍ਰਦਰਸ਼ਨ ਦੌਰਾਨ ਵਾਪਰੀਆਂ ਘਟਨਾਵਾਂ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਅਗਲੀ ਸਥਿਤੀ ਜਾਂਚ ਅਤੇ ਅਧਿਕਾਰਤ ਪੁਲਿਸ ਜਾਣਕਾਰੀ ਤੋਂ ਬਾਅਦ ਹੋਰ ਸਪੱਸ਼ਟ ਹੋਵੇਗੀ।
