Homeਪਟਿਆਲਾ ਅਪਡੇਟਭਾਸ਼ਾ ਵਿਭਾਗ ਪੰਜਾਬ ਵੱਲੋਂ‘ਹਿੰਦੀ ਦਿਵਸ’ ਮੌਕੇ ਕਹਾਣੀ ਦਰਬਾਰ

ਭਾਸ਼ਾ ਵਿਭਾਗ ਪੰਜਾਬ ਵੱਲੋਂ‘ਹਿੰਦੀ ਦਿਵਸ’ ਮੌਕੇ ਕਹਾਣੀ ਦਰਬਾਰ

A special Kahani Darbar was organized to celebrate Hindi Diwas and promote Hindi literature and storytelling.

ਪ੍ਰਬੁੱਧ ਲੇਖਕਾਂ ਨੇ ਕਹਾਣੀਆਂ ਪੜ੍ਹੀਆਂ ਤੇ ਕਹਾਣੀ ਕਲਾ ਬਾਰੇ ਗੋਸ਼ਟੀ ਵੀ ਹੋਈ

ਪਟਿਆਲਾ 14 ਸਤੰਬਰ, 2026 (ਪ੍ਰਭਜੀਤ ਸਿੰਘ ਚੌਧਰੀ) : ਭਾਸ਼ਾ ਵਿਭਾਗ ਪੰਜਾਬ ਨੇ ਅੱਜ ਇੱਥੇ ਭਾਸ਼ਾ ਭਵਨ ਵਿਖੇ ਹਿੰਦੀ ਦਿਵਸ ਮੌਕੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ। ਜਿਸ ਦੌਰਾਨ ਪ੍ਰਬੁੱਧ ਕਹਾਣੀਕਾਰਾਂ ਨੇ ਕਹਾਣੀ ਪਾਠ ਕੀਤਾ ਅਤੇ ਮਾਹਿਰਾਂ ਨੇ ਕਹਾਣੀ ਕਲਾ ਬਾਰੇ ਵਿਚਾਰ ਪੇਸ਼ ਕੀਤੇ। ਇਸ ਸਮਾਗਮ ਦੌਰਾਨ ਵਧੀਕ ਡਾਇਰੈਕਟਰ ਚੰਦਨਦੀਪ ਕੌਰ ਨੇ ਆਪਣੇ ਸਵਾਗਤੀ ਭਾਸ਼ਣ ਦੌਰਾਨ ਵਿਭਾਗ ਦੀਆਂ ਹਿੰਦੀ ਨਾਲ ਸਬੰਧਤ ਗਤੀਵਿਧੀਆਂ ਬਾਰੇ ਚਾਨਣਾ ਪਾਇਆ। ਸਮਾਗਮ ਦੀ ਸ਼ੁਰੂਆਤ ਉੱਘੇ ਕਹਾਣੀਕਾਰ ਡਾ. ਧਰਮਪਾਲ ਸਾਹਿਲ ਨੇ ਆਪਣੀ ਕਹਾਣੀ ‘ਪਿੰਡ ਦਾਨ’ ਨਾਲ ਕੀਤੀ। ਜਿਸ ਦੌਰਾਨ ਉਨ੍ਹਾਂ ਨੇ ਸਮਾਜਿਕ ਸਰੋਕਾਰਾਂ ਦੀ ਗੱਲ ਕਰਦਿਆਂ ਪਰਿਵਾਰਿਕ ਉਲਝਣਾਂ ਦਾ ਬੜੇ ਸਰਲ ਤੇ ਸੰਖੇਪ ਤਰੀਕੇ ਨਾਲ ਵਿਖਿਆਨ ਕੀਤਾ। ਪਾਤਰ ਸਿਰਜਣਾ ਤੇ ਗੁੰਦਵਾ ਪਲਾਟ ਡਾ. ਸਾਹਿਲ ਦੀ ਕਹਾਣੀ ਦਾ ਸਿਖ਼ਰ ਹੋ ਨਿਬੜਿਆ। ਇਸ ਤੋਂ ਬਾਅਦ ਡਾ. ਮੀਨਾਕਸ਼ੀ ਵਰਮਾ ਨੇ ਕਹਾਣੀ ‘ਗੌ-ਧਲੀ’ ਦਾ ਪਾਠ ਕੀਤਾ। ਇਸ ਕਹਾਣੀ ਰਾਹੀਂ ਉਨ੍ਹਾਂ ਪਤੀ-ਪਤਨੀ ਦੇ ਪਰਸਪਰ ਸਬੰਧਾਂ ਦੀ ਗੱਲ ਕੀਤੀ। ਜਿਸ ਰਾਹੀਂ ਇਹ ਗੱਲ ਉਭਰਕੇ ਸਾਹਮਣੇ ਆਈ ਕਿ ਮੌਤ ਵਰਗੇ ਸੰਕਟ ਮੰਡਰਾਉਣ ਵੇਲੇ ਵੀ ਪਤੀ-ਪਤਨੀ ਦੀ ਚੰਗੇਰੀ ਸਾਂਝ ਵਧੀਆ ਫੈਸਲੇ ਲੈ ਕੇ ਆਪਣੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਕਰ ਸਕਦੀ ਹੈ। ਸਮੁੱਚੇ ਰੂਪ ’ਚ ਇਹ ਕਹਾਣੀ ਔਰਤ ਦੇ ਅੰਤਰ ਮਨ ਦੀ ਉਧੇੜ-ਬੁਣ ਦਾ ਪ੍ਰਗਟਾਵਾ ਕਰਦੀ ਸੀ।


ਪ੍ਰਧਾਨਗੀ ਭਾਸ਼ਨ ਦੌਰਾਨ ਪ੍ਰੋ. ਰਾਕੇਸ਼ ਕੁਮਾਰ ਨੇ ਕਿਹਾ ਕਿ ਭਾਵੇਂ ਦੁਨੀਆ ਭਰ ਦੇ ਦੇਸ਼ਾਂ ਦਰਮਿਆਨ ਸਰਹੱਦਾਂ ਹਨ ਪਰ ਸਾਹਿਤਕਾਰ ਇਨ੍ਹਾਂ ਸਰਹੱਦਾਂ ਦੀਆਂ ਬੰਦਿਸ਼ਾਂ ਤੋੜ ਕੇ, ਆਪਣੀਆਂ ਰਚਨਾਵਾਂ ਰਾਹੀਂ ਦੁਨੀਆ ਨੂੰ ਇੱਕ ਕਲਾਵੇ ’ਚ ਲੈਣ ਲਈ ਯਤਨਸ਼ੀਲ ਹਨ ਤੇ ਕਾਮਯਾਬ ਵੀ ਹੋ ਰਹੇ ਹਨ। ਕਹਾਣੀ ਕਲਾ ਬਾਰੇ ਕਿਹਾ ਕਿ ਹਿੰਦੀ ਕਹਾਣੀ ਦੀ ਪ੍ਰੰਪਰਾ ਉਨੀ ਹੀ ਪੁਰਾਣੀ ਹੈ ਜਿੰਨੀ ਮਨੁੱਖੀ ਸੱਭਿਅਤਾ। ਕਹਾਣੀਆਂ ਦਾ ਸਾਡੇ ਨਾਲ ਇੱਕ ਜੈਵਿਕ ਰਿਸ਼ਤਾ ਹੈ। ਇਹ ਹਵਾ ਵਾਂਗ ਸਾਡੇ ਆਲ਼ੇ-ਦੁਆਲੇ ਘੁੰਮਦੀਆਂ ਰਹਿੰਦੀਆਂ ਹਨ। ਜਿੰਨਾਂ ਨੂੰ ਲੇਖਕ ਕਾਗਜ਼ ਉੱਤੇ ਉਤਾਰਕੇ, ਅਮਰ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਸਾਡੀਆਂ ਕਹਾਣੀਆਂ ’ਚੋਂ ਰਵਾਨੀ ਖਤਮ ਹੋ ਰਹੀ ਹੈ। ਜੋ ਕਹਾਣੀ ਦਾ ਮੂਲ ਤੱਤ ਹੈ। ਉਨ੍ਹਾਂ ਕਿਹਾ ਕਹਾਣੀ ਦੀ ਰਚਨਾ ਸ਼ਬਦਾਂ ਦੇ ਦਰਿਆ ਵਰਗੇ ਵਹਾਅ ਵਾਂਗ ਹੋਣੀ ਚਾਹੀਦੀ ਹੈ। ਜੋ ਪਾਠਕ ਨੂੰ ਆਪਣੇ ਨਾਲ ਵਹਾ ਕੇ ਲੈ ਜਾਵੇ, ਭਾਵ ਨਵੀਆਂ ਭਾਵਨਾਵਾਂ ਨਾਲ ਜੋੜ ਦੇਵੇ। ਉਨ੍ਹਾਂ ਕਿਹਾ ਕਿ ਭਾਸ਼ਾ ਵਿਭਾਗ ਬਹੁਤ ਸਾਰੀਆਂ ਪ੍ਰੰਪਰਾਵਾਂ ਤੋੜ ਕੇ ਨਵੀਆਂ ਪੈੜਾਂ ਪਾ ਰਿਹਾ ਹੈ। ਇਹ ਸਾਹਿਤ ਦੀਆਂ ਸਾਰੀਆਂ ਵਿਧਾਵਾਂ ਨਾਲ ਸਬੰਧਤ ਬਹੁਤ ਮਿਆਰੀ ਸਮਾਗਮ ਕਰਵਾ ਰਿਹਾ ਹੈ, ਜਿਸ ਨਾਲ ਵਿਭਾਗ ਦਾ ਦਾਇਰਾ ਵਧ ਰਿਹਾ ਹੈ।
ਮੁੱਖ ਮਹਿਮਾਨ ਨਵੀਨ ਕਮਲ ਭਾਰਤੀ ਨੇ ਕਿਹਾ ਕਿ ਭਾਸ਼ਾਵਾਂ ਦਾ ਕੋਈ ਆਪਸੀ ਟਕਰਾਅ ਨਹੀਂ ਹੁੰਦਾ। ਇਹ ਇੱਕ ਦੂਜੇ ਨਾਲ ਜੁੜੀਆਂ ਹੁੰਦੀਆਂ ਹਨ ਅਤੇ ਇੱਕ ਦੂਜੀ ਦੀਆਂ ਪੂਰਕ ਬਣਦੀਆਂ ਹਨ। ਉਨ੍ਹਾਂ ਕਿਹਾ ਪੰਜਾਬ ਦੀ ਧਰਤੀ ’ਤੇ ਵੇਦ ਰਚੇ ਗਏ ਹਨ। ਜਿੰਨ੍ਹਾਂ ’ਚੋਂ ਭਾਰਤ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਨਿਕਲੀਆਂ ਹਨ। ਸੋ ਸਾਨੂੰ ਸਾਰੀਆਂ ਭਾਸ਼ਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਆਪਣੀ ਭਾਸ਼ਾ ਵਿਭਾਗ ਨਾਲ ਜੁੜੀਆਂ ਯਾਦਾਂ ਵੀ ਤਾਜ਼ਾ ਕੀਤੀਆਂ। ਮੰਚ ਸੰਚਾਲਨ ਸਮਾਗਮ ਦੀ ਸੰਚਾਲਕ ਤੇ ਸਹਾਇਕ ਡਾਇਰੈਕਟਰ ਦੇਵਿੰਦਰ ਕੌਰ ਨੇ ਕੀਤਾ। ਇਸ ਮੌਕੇ ਵਿਭਾਗ ਦੇ ਹਿੰਦੀ ਭਾਗ ਦੇ ਸੇਵਾਮੁਕਤ ਸਹਾਇਕ ਡਾਇਰੈਕਟਰ ਸ੍ਰੀਮਤੀ ਮੋਹਣੀ ਚਾਵਲਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਅਖ਼ੀਰ ਵਿੱਚ ਡਾਇਰੈਕਟਰ ਭਾਸ਼ਾਵਾਂ ਸ. ਜਸਵੰਤ ਸਿੰਘ ਜ਼ਫ਼ਰ ਨੇ ਵਿਭਾਗ ਵੱਲੋਂ ਕਹਾਣੀਕਾਰਾਂ ਤੇ ਮਹਿਮਾਨਾਂ ਦਾ ਵਿਭਾਗੀ ਸ਼ਾਲਾਂ ਦੇ ਕਿਤਾਬਾਂ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਡਿਪਟੀ ਡਾਇਰੈਕਟਰ ਆਲੋਕ ਚਾਵਲਾ, ਸਹਾਇਕ ਡਾਇਰੈਕਟਰ ਸੁਰਿੰਦਰ ਕੌਰ, ਜਸਪ੍ਰੀਤ ਕੌਰ, ਰਾਬੀਆ, ਪੀਐਸਪੀਐਲ ਦੇ ਸਾਬਕਾ ਡਾਇਰੈਕਟਰ ਸ. ਡੀ.ਪੀ. ਸਿੰਘ ਗਰੇਵਾਲ, ਹਰਜੀਤ ਸਿੰਘ ਸੋਹੀ, ਇੰਜ. ਜਤਿੰਦਰ ਸਿੰਘ, ਵਿਭਾਗ ਦੇ ਸਾਬਕਾ ਸਹਾਇਕ ਡਾਇਰੈਕਟਰ ਬਾਬੂ ਰਾਮ ਦੀਵਾਨ ਤੇ ਹਰਨੇਕ ਸਿੰਘ ਢੋਟ, ਪੱਤਰਕਾਰ ਗੁਰਨਾਮ ਸਿੰਘ ਅਕੀਦਾ, ਕਵੀਸ਼ਰ ਭੀਮ ਸਿੰਘ ਤੇ ਸਾਥੀ ਤੇ ਵੱਡੀ ਗਿਣਤੀ ’ਚ ਸਾਹਿਤ ਪ੍ਰੇਮੀ ਹਾਜ਼ਰ ਸਨ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments