ਸੰਗਰੂਰ, 12 ਸਤੰਬਰ, 2026 (ਕਾਜਲ) : ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖ ਕੇ ਉਸ ਦੀ ਊਰਜਾ ਨੂੰ ਖੇਡਾਂ, ਤੰਦਰੁਸਤੀ ਅਤੇ ਕਾਮਯਾਬੀ ਵੱਲ ਮੋੜਨ ਵਿੱਚ ‘ਖੇਡਾਂ ਵਤਨ ਪੰਜਾਬ ਦੀਆਂ’ ਸਾਰਥਕ ਭੂਮਿਕਾ ਨਿਭਾ ਰਹੀਆਂ ਹਨ। ਇਹ ਪ੍ਰਗਟਾਵਾ ਵਿਧਾਇਕ ਸੰਗਰੂਰ ਨਰਿੰਦਰ ਕੌਰ ਭਰਾਜ ਨੇ ਸ੍ਰੀ ਗੁਰੂ ਤੇਗ ਬਹਾਦਰ ਸਟੇਡੀਅਮ, ਘਰਾਚੋਂ ਵਿਖੇ ਬਲਾਕ ਪੱਧਰੀ ਖੇਡ ਮੁਕਾਬਲਿਆਂ ਦੌਰਾਨ ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਕੀਤਾ। ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਮੇਲ ਸਿੰਘ ਘਰਾਚੋਂ, ਸਰਪੰਚ ਦਲਜੀਤ ਸਿੰਘ ਘੁੰਮਣ, ਮਲਵਿੰਦਰ ਸਿੰਘ, ਬਲਜਿੰਦਰ ਸਿੰਘ, ਗੁਰਚਰਨ ਸਿੰਘ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ। ਵਿਧਾਇਕ ਭਰਾਜ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਖੇਡ ਪੱਖੀ ਸੋਚ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਮੌਜੂਦ ਖੇਡ ਪ੍ਰਤਿਭਾ ਨੂੰ ਮੰਚ ਦੇਣ ਲਈ ਸ਼ੁਰੂ ਕੀਤੀਆਂ ਇਹ ਖੇਡਾਂ ਹੁਣ ਇੱਕ ਵੱਡੇ ਖੇਡ ਉਤਸਵ ਦਾ ਰੂਪ ਲੈ ਚੁੱਕੀਆਂ ਹਨ। ਉਨ੍ਹਾਂ ਕਿਹਾ, “ਨੌਜਵਾਨ ਜਦੋਂ ਮੈਦਾਨ ਨੂੰ ਆਪਣੀ ਮੰਜ਼ਿਲ ਬਣਾਉਂਦਾ ਹੈ ਤਾਂ ਉਸ ਦੀ ਮਿਹਨਤ ਨੂੰ ਦਿਸ਼ਾ, ਸੁਪਨਿਆਂ ਨੂੰ ਉਡਾਣ ਅਤੇ ਜੀਵਨ ਨੂੰ ਅਨੁਸ਼ਾਸਨ ਮਿਲਦਾ ਹੈ।”

ਉਨ੍ਹਾਂ ਖਿਡਾਰੀਆਂ ਨੂੰ ਜਿੱਤ-ਹਾਰ ਤੋਂ ਉੱਪਰ ਉੱਠ ਕੇ ਖੇਡ ਭਾਵਨਾ ਨਾਲ ਮੁਕਾਬਲਿਆਂ ਵਿੱਚ ਹਿੱਸਾ ਲੈਣ ਅਤੇ ਆਪਣੀ ਮਿਹਨਤ ਨਾਲ ਪੰਜਾਬ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ। ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਮੇਲ ਸਿੰਘ ਘਰਾਚੋਂ ਨੇ ਕਿਹਾ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਨੇ ਪਿੰਡਾਂ ਦੀ ਖੇਡ ਪ੍ਰਤਿਭਾ ਨੂੰ ਆਪਣਾ ਹੁਨਰ ਵਿਖਾਉਣ ਲਈ ਵੱਡਾ ਮੰਚ ਦਿੱਤਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਨਾਲ ਜੁੜੀ ਨੌਜਵਾਨੀ ਅਨੁਸ਼ਾਸਨ, ਤੰਦਰੁਸਤੀ ਅਤੇ ਉਸਾਰੂ ਸੋਚ ਵੱਲ ਅੱਗੇ ਵਧਦੀ ਹੈ। ਉਨ੍ਹਾਂ ਨੌਜਵਾਨਾਂ ਨੂੰ ਖੇਡ ਮੈਦਾਨਾਂ ਨਾਲ ਪੱਕੀ ਸਾਂਝ ਪਾਉਣ ਅਤੇ ਆਪਣੀ ਮਿਹਨਤ ਨਾਲ ਪੰਜਾਬ ਦਾ ਮਾਣ ਵਧਾਉਣ ਲਈ ਪ੍ਰੇਰਿਤ ਕੀਤਾ।
ਜ਼ਿਲ੍ਹਾ ਖੇਡ ਅਫ਼ਸਰ ਨਵਦੀਪ ਸਿੰਘ ਨੇ ਦੱਸਿਆ ਕਿ ਸੰਗਰੂਰ, ਧੂਰੀ ਅਤੇ ਸ਼ੇਰਪੁਰ ਬਲਾਕਾਂ ਦੇ ਟੂਰਨਾਮੈਂਟ ਮੁਕੰਮਲ ਹੋ ਚੁੱਕੇ ਹਨ, ਜਦਕਿ ਦਿੜ੍ਹਬਾ, ਲਹਿਰਾ ਅਤੇ ਅਨਦਾਣਾ ਵਿਖੇ ਵੱਖ-ਵੱਖ ਉਮਰ ਵਰਗਾਂ ਦੇ ਐਥਲੈਟਿਕਸ, ਫੁੱਟਬਾਲ, ਖੋ-ਖੋ, ਕਬੱਡੀ ਨੈਸ਼ਨਲ ਤੇ ਸਰਕਲ ਸਟਾਈਲ ਅਤੇ ਵਾਲੀਬਾਲ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਅੱਜ ਭਵਾਨੀਗੜ੍ਹ ਬਲਾਕ ਦੇ ਮੁਕਾਬਲਿਆਂ ਦੀ ਵੀ ਸ਼ੁਰੂਆਤ ਹੋਈ। ਘਰਾਚੋਂ ਵਿਖੇ ਐਥਲੈਟਿਕਸ, ਖੋ-ਖੋ, ਫੁੱਟਬਾਲ ਅਤੇ ਵਾਲੀਬਾਲ, ਜਦਕਿ ਬੈਰਾਗੀ ਬਾਬਾ ਬੰਦਾ ਸਿੰਘ ਬਹਾਦਰ ਸਟੇਡੀਅਮ, ਪੰਨਵਾਂ ਵਿਖੇ ਕਬੱਡੀ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਵਾਰ ਟੈਨਿਸ ਬਾਲ ਕ੍ਰਿਕਟ ਦੇ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ। ਲਹਿਰਾ ਬਲਾਕ ਦੇ ਟੈਨਿਸ ਬਾਲ ਕ੍ਰਿਕਟ ਮੁਕਾਬਲਿਆਂ ਵਿੱਚ ਪੰਜਾਬ ਸਪੋਰਟਸ ਕਲੱਬ ਲਹਿਰਾਗਾਗਾ ਨੇ ਪਹਿਲਾ ਅਤੇ ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਹਿਰਾਗਾਗਾ ਨੇ ਦੂਜਾ ਸਥਾਨ ਹਾਸਲ ਕੀਤਾ। ਭਵਾਨੀਗੜ੍ਹ ਵਿਖੇ ਅੰਡਰ-14 ਲੜਕੀਆਂ ਦੇ 60 ਮੀਟਰ ਦੌੜ ਅਤੇ ਲੰਬੀ ਛਾਲ ਸਮੇਤ ਹੋਰ ਮੁਕਾਬਲੇ ਜਾਰੀ ਰਹੇ।