20 ਤੋਂ 30 ਸਤੰਬਰ ਤੱਕ ਹੋਣਗੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ– ਜ਼ਿਲ੍ਹਾ ਖੇਡ ਅਫਸਰ
ਖਮਾਣੋਂ/ਫਤਹਿਗੜ੍ਹ ਸਾਹਿਬ, 16 ਸਤੰਬਰ, 2026 ( ਗੁਰਮੀਤ ਸਿੰਘ ਤੁੰਗ ) : ਖੇਡਾਂ ਵਤਨ ਪੰਜਾਬ ਦੀਆਂ-2026 ਸੀਜ਼ਨ-4 ਤਹਿਤ ਖੇਡ ਗਰਾਊਂਡ ਖਮਾਣੋਂ ਵਿਖੇ ਬਲਾਕ ਖਮਾਣੋਂ ਦੇ ਟੈਨਿਸ ਬਾਲ ਕ੍ਰਿਕਟ ਦੇ ਮੁਕਾਬਲੇ ਕਰਵਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫਸਰ, ਸ੍ਰੀ ਹਰਪਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਸੰਘੋਲ ਦੀ ਟੀਮ ਨੇ ਰਤਨਗੜ੍ਹ ਦੀ ਟੀਮ ਨੂੰ 15 ਦੋੜਾਂ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਥਾਂ ਬਣਾਈ। ਇਸੇ ਤਰ੍ਹਾਂ ਪਿੰਡ ਬਾਠਾਂ ਦੀ ਟੀਮ ਨੇ ਸਪੋਰਟਸ ਕਲੱਬ ਖਮਾਣੋਂ ਦੀ ਟੀਮ ਨੂੰ 8 ਵਿਕਟਾਂ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪੁੱਜੀ। ਇਸ ਦੌਰਾਨ ਜ਼ਿਲ੍ਹਾ ਖੇਡ ਅਫਸਰ ਸ੍ਰੀ ਹਰਪਿੰਦਰ ਸਿੰਘ ਨੇ ਖੇਡ ਗਰਾਊਂਡ ਖਮਾਣੋਂ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਅਤੇ ਖਿਡਾਰੀਆਂ ਨੂੰ ਵੱਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ।
ਜ਼ਿਲ੍ਹਾ ਖੇਡ ਅਫਸਰ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ 20 ਸਤੰਬਰ ਤੋਂ 30 ਸਤੰਬਰ ਤੱਕ ਕਰਵਾਏ ਜਾਣਗੇ। ਇਸ ਸੀਜ਼ਨ ਤਹਿਤ ਕੁੱਲ 38 ਖੇਡਾਂ ਅਤੇ 4 ਪੈਰਾ-ਐਥਲੈਟਿਕਸ ਮੁਕਾਬਲੇ ਕਰਵਾਏ ਜਾ ਰਹੇ ਹਨ, ਜਿਨ੍ਹਾਂ ਵਿੱਚ 09 ਉਮਰ ਵਰਗਾਂ ਅਧੀਨ 14 ਸਾਲ ਤੋਂ ਲੈ ਕੇ 70 ਸਾਲ ਤੋਂ ਵੱਧ ਉਮਰ ਦੇ ਖਿਡਾਰੀ ਭਾਗ ਲੈ ਰਹੇ ਹਨ। ਇਸ ਮੌਕੇ ਜਸਵੀਰ ਸਿੰਘ ਡੀ.ਐਮ, ਰਾਹੁਲਦੀਪ ਸਿੰਘ, ਲਖਵੀਰ ਸਿੰਘ, ਸੁਖਦੀਪ ਸਿੰਘ, ਗੁਰਪ੍ਰੀਤ ਸਿੰਘ ਪੀਟੀਆਈ ਸਕੂਲ ਆਫ ਐਮੀਨੈਂਸ ਖਮਾਣੋਂ,ਸੁਖਦੇਵ ਸਿੰਘ ਵਾਲੀਬਾਲ ਕੋਚ, ਰਜਤ ਸ਼ਰਮਾ ਲਾਅਨ ਟੈਨਿਸ ਕੋਚ ਅਤੇ ਗੁਰਦੀਪ ਸਿੰਘ, ਰੋਹਿਤ ਸਮੇਤ ਵੱਡੀ ਗਿਣਤੀ ਖੇਡ ਪ੍ਰੇਮੀ ਹਾਜਰ ਸਨ।
