ਰਾਜਪੁਰਾ, 26 ਨਵੰਬਰ, 2026 (ਹਰਸ਼ਪ੍ਰੀਤ ਕੌਰ ) : ਖੇਡਾਂ ਦੇ ਖੇਤਰ ਵਿੱਚ ਰਾਜਪੁਰਾ ਦੀ ਉੱਭਰਦੀ ਇਨਲਾਈਨ ਸਕੇਟਿੰਗ ਖਿਡਾਰਨ ਕਰਜਨੀਤ ਕੌਰ ਨੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋ ਤਮਗੇ ਆਪਣੇ ਨਾਮ ਕੀਤੇ ਹਨ। ਖੇਡਾਂ ਵਤਨ ਪੰਜਾਬ ਦੀਆਂ-2026 ਦੇ ਇਨ੍ਹਾਂ ਮੁਕਾਬਲਿਆਂ ਵਿੱਚ ਉਸ ਨੇ ਸੋਨ ਅਤੇ ਚਾਂਦੀ ਦਾ ਤਮਗਾ ਜਿੱਤ ਕੇ ਆਪਣੇ ਮਾਪਿਆਂ, ਕੋਚ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਕਰਜਨੀਤ ਕੌਰ ਨੇ 1000 ਮੀਟਰ ਰਿੰਕ ਰੇਸ ਵਿੱਚ ਪਹਿਲਾ ਸਥਾਨ ਹਾਸਲ ਕਰਦਿਆਂ ਸੋਨ ਤਮਗਾ ਜਿੱਤਿਆ, ਜਦਕਿ 2000 ਮੀਟਰ ਰੋਡ ਰੇਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਚਾਂਦੀ ਦਾ ਤਮਗਾ ਆਪਣੇ ਨਾਮ ਕੀਤਾ।
ਇਹ ਸਫਲਤਾ ਕਰਜਨੀਤ ਦੀ ਲਗਾਤਾਰ ਮਿਹਨਤ, ਅਨੁਸ਼ਾਸਨ, ਨਿਯਮਤ ਅਭਿਆਸ ਅਤੇ ਖੇਡ ਪ੍ਰਤੀ ਸਮਰਪਣ ਦਾ ਨਤੀਜਾ ਹੈ। ਛੋਟੀ ਉਮਰ ਵਿੱਚ ਸਕੇਟਿੰਗ ਦੇ ਖੇਤਰ ਵਿੱਚ ਮਿਲ ਰਹੀਆਂ ਲਗਾਤਾਰ ਪ੍ਰਾਪਤੀਆਂ ਨਾਲ ਉਸ ਨੇ ਸਾਬਤ ਕੀਤਾ ਹੈ ਕਿ ਦ੍ਰਿੜ ਇਰਾਦੇ ਅਤੇ ਸਖ਼ਤ ਮਿਹਨਤ ਨਾਲ ਵੱਡੇ ਮੁਕਾਮ ਹਾਸਲ ਕੀਤੇ ਜਾ ਸਕਦੇ ਹਨ। ਕਰਜਨੀਤ ਦੀ ਇਸ ਦੋਹਰੀ ਪ੍ਰਾਪਤੀ ਤੋਂ ਬਾਅਦ ਉਸ ਦੇ ਪਰਿਵਾਰ ਅਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਹੈ। ਆਪਣੀ ਸਫਲਤਾ ਦਾ ਸਿਹਰਾ ਉਸ ਨੇ ਵਾਹਿਗੁਰੂ ਦੀ ਕਿਰਪਾ, ਮਾਪਿਆਂ ਵੱਲੋਂ ਮਿਲੇ ਸਹਿਯੋਗ ਅਤੇ ਕੋਚ ਦੁਆਰਾ ਦਿੱਤੀ ਗਈ ਸਿਖਲਾਈ ਨੂੰ ਦਿੱਤਾ। ਕਰਜਨੀਤ ਕੌਰ ਨੇ ਕਿਹਾ ਕਿ ਉਸ ਦਾ ਟੀਚਾ ਆਉਣ ਵਾਲੇ ਸਮੇਂ ਵਿੱਚ ਹੋਰ ਬਿਹਤਰ ਪ੍ਰਦਰਸ਼ਨ ਕਰਨਾ ਅਤੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨਾ ਹੈ।






