ਲੰਡਨ (ਯੂਕੇ), 15 ਨਵੰਬਰ 2026 (ਗੁਰਮੀਤ ਸਿੰਘ ਤੁੰਗ) : ਬ੍ਰਿਟੇਨ ਦੇ ਸ਼ਾਹੀ ਪਰਿਵਾਰ ਨਾਲ ਜੁੜੀ ਅਹਿਮ ਖ਼ਬਰ ਸਾਹਮਣੇ ਆਈ ਹੈ। ਪ੍ਰਿੰਸ ਵਿਲੀਅਮ ਅਤੇ ਉਨ੍ਹਾਂ ਦੀ ਪਤਨੀ ਕੇਟ ਮਿਡਲਟਨ 17 ਨਵੰਬਰ ਨੂੰ ਮੁੰਬਈ ਵਿੱਚ ਹੋਣ ਵਾਲੇ 2026 ਅਰਥਸ਼ਾਟ ਪ੍ਰਾਈਜ਼ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਭਾਰਤ ਪਹੁੰਚਣਗੇ। ਕੈਂਸਰ ਦੀ ਬਿਮਾਰੀ ਤੋਂ ਬਾਅਦ ਇਹ ਜੋੜੇ ਦਾ ਪਹਿਲਾ ਸਾਂਝਾ ਵਿਦੇਸ਼ੀ ਦੌਰਾ ਹੋਵੇਗਾ। ਦੋਵੇਂ ਆਖਰੀ ਵਾਰ 2022 ਵਿੱਚ ਅਮਰੀਕਾ ਦੇ ਬੋਸਟਨ ਵਿੱਚ ਇਕੱਠੇ ਵਿਦੇਸ਼ੀ ਦੌਰੇ ’ਤੇ ਗਏ ਸਨ। ਕੇਨਸਿੰਗਟਨ ਪੈਲੇਸ ਵੱਲੋਂ 14 ਨਵੰਬਰ ਨੂੰ ਇਸ ਦੌਰੇ ਦੀ ਪੁਸ਼ਟੀ ਕੀਤੀ ਗਈ। ਸ਼ਾਹੀ ਜੋੜਾ ਮੁੰਬਈ ਵਿੱਚ ਅਰਥਸ਼ਾਟ ਪ੍ਰਾਈਜ਼ ਸਮਾਰੋਹ ਵਿੱਚ ਹਿੱਸਾ ਲੈਣ ਤੋਂ ਇਲਾਵਾ ਵਾਤਾਵਰਣ ਦੀ ਸੁਰੱਖਿਆ, ਨਵੀਆਂ ਤਕਨੀਕਾਂ ਅਤੇ ਭਾਰਤ-ਬ੍ਰਿਟੇਨ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਨਾਲ ਜੁੜੇ ਪ੍ਰੋਗਰਾਮਾਂ ਵਿੱਚ ਵੀ ਸ਼ਿਰਕਤ ਕਰੇਗਾ।
ਜ਼ਿਕਰਯੋਗ ਹੈ ਕਿ ਕੇਟ ਮਿਡਲਟਨ ਨੇ ਜਨਵਰੀ 2024 ਵਿੱਚ ਆਪਣੇ ਕੈਂਸਰ ਦੀ ਬਿਮਾਰੀ ਬਾਰੇ ਜਾਣਕਾਰੀ ਦਿੱਤੀ ਸੀ। ਇਸ ਦੌਰਾਨ ਉਨ੍ਹਾਂ ਨੇ ਕੀਮੋਥੈਰੇਪੀ ਇਲਾਜ ਕਰਵਾਇਆ ਅਤੇ ਸਿਹਤ ਨੂੰ ਤਰਜੀਹ ਦਿੰਦਿਆਂ ਕਈ ਜਨਤਕ ਸਮਾਗਮਾਂ ਤੋਂ ਦੂਰੀ ਬਣਾ ਲਈ ਸੀ। ਸਾਲ 2025 ਦੇ ਸ਼ੁਰੂ ਵਿੱਚ ਉਨ੍ਹਾਂ ਨੇ ਦੱਸਿਆ ਸੀ ਕਿ ਉਨ੍ਹਾਂ ਦਾ ਕੈਂਸਰ ਰਿਮਿਸ਼ਨ ਵਿੱਚ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਹੌਲੀ-ਹੌਲੀ ਸ਼ਾਹੀ ਜ਼ਿੰਮੇਵਾਰੀਆਂ ਨਿਭਾਉਣੀਆਂ ਸ਼ੁਰੂ ਕਰ ਦਿੱਤੀਆਂ। ਭਾਰਤ ਦਾ ਇਹ ਦੌਰਾ ਕੇਟ ਮਿਡਲਟਨ ਦੀ ਅੰਤਰਰਾਸ਼ਟਰੀ ਸ਼ਾਹੀ ਸਰਗਰਮੀਆਂ ਵਿੱਚ ਵਾਪਸੀ ਵੱਲ ਇੱਕ ਹੋਰ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਮਈ ਮਹੀਨੇ ਵਿੱਚ ਉਨ੍ਹਾਂ ਨੇ ਇਟਲੀ ਦੇ ਰੇਜੀਓ ਐਮੀਲੀਆ ਸ਼ਹਿਰ ਦਾ ਦੋ ਦਿਨਾਂ ਇਕੱਲਾ ਦੌਰਾ ਕੀਤਾ ਸੀ। ਇਹ ਦੋ ਸਾਲਾਂ ਤੋਂ ਵੱਧ ਸਮੇਂ ਬਾਅਦ ਉਨ੍ਹਾਂ ਦੀ ਪਹਿਲੀ ਵਿਦੇਸ਼ੀ ਯਾਤਰਾ ਸੀ।
ਪ੍ਰਿੰਸ ਵਿਲੀਅਮ ਅਤੇ ਕੇਟ ਮਿਡਲਟਨ ਇਸ ਤੋਂ ਪਹਿਲਾਂ 2016 ਵਿੱਚ ਭਾਰਤ ਆਏ ਸਨ। ਉਸ ਸਮੇਂ ਉਨ੍ਹਾਂ ਨੇ ਮੁੰਬਈ, ਨਵੀਂ ਦਿੱਲੀ, ਅਸਾਮ ਦੇ ਕਾਜ਼ੀਰੰਗਾ ਨੈਸ਼ਨਲ ਪਾਰਕ ਅਤੇ ਆਗਰਾ ਸਥਿਤ ਤਾਜ ਮਹਿਲ ਸਮੇਤ ਕਈ ਥਾਵਾਂ ਦਾ ਦੌਰਾ ਕੀਤਾ ਸੀ। ਮੁੰਬਈ ਵਿੱਚ ਹੋਣ ਵਾਲਾ ਇਸ ਸਾਲ ਦਾ ਅਰਥਸ਼ਾਟ ਪ੍ਰਾਈਜ਼ ਸਮਾਰੋਹ ਹੁਣ ਤੱਕ ਦਾ ਸਭ ਤੋਂ ਵੱਡਾ ਸਮਾਗਮ ਹੋਣ ਦੀ ਉਮੀਦ ਹੈ। ਇਸ ਵਿੱਚ ਲਗਭਗ 5,000 ਮਹਿਮਾਨਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ, ਜਿਨ੍ਹਾਂ ਵਿੱਚ ਵੱਖ-ਵੱਖ ਦੇਸ਼ਾਂ ਦੇ ਆਗੂ, ਵਿਗਿਆਨੀ, ਸਿੱਖਿਆ ਸ਼ਾਸਤਰੀ, ਕਾਰੋਬਾਰੀ, ਨੌਜਵਾਨ, ਵਾਤਾਵਰਣ ਮਾਹਿਰ ਅਤੇ ਨਵੀਨਤਾਕਾਰੀ ਪ੍ਰੋਜੈਕਟਾਂ ਨਾਲ ਜੁੜੇ ਲੋਕ ਸ਼ਾਮਲ ਹੋਣਗੇ। ਪ੍ਰਿੰਸ ਵਿਲੀਅਮ ਵੱਲੋਂ 2021 ਵਿੱਚ ਸ਼ੁਰੂ ਕੀਤੀ ਗਈ ਅਰਥਸ਼ਾਟ ਪ੍ਰਾਈਜ਼ ਮੁਹਿੰਮ ਦਾ ਮਕਸਦ ਵਾਤਾਵਰਣ ਅਤੇ ਜਲਵਾਯੂ ਤਬਦੀਲੀ ਨਾਲ ਜੁੜੀਆਂ ਵਿਸ਼ਵ ਪੱਧਰੀ ਚੁਣੌਤੀਆਂ ਦੇ ਨਵੇਂ ਹੱਲ ਲੱਭਣ ਵਾਲੀਆਂ ਸੰਸਥਾਵਾਂ ਅਤੇ ਵਿਅਕਤੀਆਂ ਨੂੰ ਉਤਸ਼ਾਹਿਤ ਕਰਨਾ ਹੈ। ਇਸ ਸਾਲ ਦੇ ਸਮਾਗਮ ਲਈ 169 ਦੇਸ਼ਾਂ ਤੋਂ ਲਗਭਗ 7,000 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ ਅਤੇ 15 ਫਾਈਨਲਿਸਟ ਚੁਣੇ ਗਏ ਹਨ।
ਇਨ੍ਹਾਂ ਫਾਈਨਲਿਸਟਾਂ ਵਿੱਚ ਅਰਜਨਟੀਨਾ ਦੀ ਸੰਸਥਾ ਸੈਟੇਲਾਈਟਸ ਆਨ ਫਾਇਰ ਸ਼ਾਮਲ ਹੈ, ਜੋ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਜੰਗਲਾਂ ਵਿੱਚ ਲੱਗਣ ਵਾਲੀਆਂ ਅੱਗਾਂ ਦੀ ਪਛਾਣ ਅਤੇ ਚਿਤਾਵਨੀ ਦੇਣ ਦਾ ਕੰਮ ਕਰਦੀ ਹੈ। ਇਸ ਤੋਂ ਇਲਾਵਾ ਯੈਲੋਸਟੋਨ ਟੂ ਯੂਕੋਨ ਅਤੇ ਭਾਰਤ ਦੀ ਮਹਿੰਦਰਾ ਲਾਸਟ ਮਾਈਲ ਮੋਬਿਲਿਟੀ ਵੀ ਫਾਈਨਲਿਸਟਾਂ ਵਿੱਚ ਸ਼ਾਮਲ ਹਨ। ਪ੍ਰਿੰਸ ਵਿਲੀਅਮ ਨੇ ਇਸ ਸਾਲ ਦੇ ਸਮਾਗਮ ਲਈ ਭਾਰਤ ਦੀ ਚੋਣ ਨੂੰ ਮਹੱਤਵਪੂਰਨ ਦੱਸਦਿਆਂ ਦੇਸ਼ ਦੀ ਤਕਨੀਕੀ ਸਮਰੱਥਾ, ਜੈਵ ਵਿਭਿੰਨਤਾ ਅਤੇ ਨੌਜਵਾਨ ਆਬਾਦੀ ਦੀ ਸ਼ਲਾਘਾ ਕੀਤੀ ਸੀ। ਉਨ੍ਹਾਂ ਮੁਤਾਬਕ ਭਾਰਤ ਵਾਤਾਵਰਣ ਦੀਆਂ ਸਮੱਸਿਆਵਾਂ ਦੇ ਹੱਲ ਲੱਭਣ ਅਤੇ ਨਵੇਂ ਵਿਚਾਰਾਂ ਨੂੰ ਅਮਲ ਵਿੱਚ ਲਿਆਉਣ ਦੀ ਵੱਡੀ ਸਮਰੱਥਾ ਰੱਖਦਾ ਹੈ। 17 ਨਵੰਬਰ ਨੂੰ ਮੁੰਬਈ ਵਿੱਚ ਹੋਣ ਵਾਲੇ ਇਸ ਸਮਾਰੋਹ ਦੌਰਾਨ ਦੁਨੀਆ ਭਰ ਦੇ ਵਾਤਾਵਰਣ ਮਾਹਿਰ ਅਤੇ ਨਵੀਨਤਾਕਾਰੀ ਇਕੱਠੇ ਹੋਣਗੇ। ਇਸ ਦੌਰੇ ਰਾਹੀਂ ਜਿੱਥੇ ਭਾਰਤ ਅਤੇ ਬ੍ਰਿਟੇਨ ਦੇ ਸਬੰਧਾਂ ਨੂੰ ਨਵੀਂ ਮਜ਼ਬੂਤੀ ਮਿਲਣ ਦੀ ਉਮੀਦ ਹੈ, ਉੱਥੇ ਹੀ ਵਾਤਾਵਰਣ ਦੀ ਸੰਭਾਲ ਲਈ ਵਿਸ਼ਵ ਪੱਧਰੀ ਯਤਨਾਂ ਨੂੰ ਵੀ ਉਤਸ਼ਾਹ ਮਿਲੇਗਾ।
