Homeਹਰਿਆਣਾਕਪਾਲ ਮੋਚਨ ਮੇਲਾ ਆਸਥਾ, ਸਦਭਾਵਨਾ ਅਤੇ ਸੱਭਿਆਚਾਰਕ ਏਕਤਾ ਦਾ ਪ੍ਰਤੀਕ - ਮੁੱਖ ਮੰਤਰੀ...

ਕਪਾਲ ਮੋਚਨ ਮੇਲਾ ਆਸਥਾ, ਸਦਭਾਵਨਾ ਅਤੇ ਸੱਭਿਆਚਾਰਕ ਏਕਤਾ ਦਾ ਪ੍ਰਤੀਕ – ਮੁੱਖ ਮੰਤਰੀ ਨਾਇਬ ਸਿੰਘ ਸੈਣੀ

CM Nayab Singh Saini Highlights Kapal Mochan Mela as a Symbol of Faith, Communal Harmony and Cultural Unity.

ਚੰਡੀਗੜ੍ਹ, 21 ਨਵੰਬਰ, 2026 (ਸੰਜੀਵ ਸ਼ਰਮਾ ) : ਹਰਿਆਣਾ ਦੀ ਧਰਤੀ ‘ਤੇ ਆਸਥਾ, ਅਧਿਆਤਮਕਤਾ ਅਤੇ ਸੱਭਿਆਚਾਰਕ ਏਕਤਾ ਦੀ ਸਦੀਆਂ ਪੁਰਾਣੀ ਪਰੰਪਰਾ ਦਾ ਪ੍ਰਤੀਕ ਸ੍ਰੀ ਕਪਾਲ ਮੋਚਨ-ਆਦਿ ਬਦਰੀ ਮੇਲਾ ਸ਼ੁੱਕਰਵਾਰ ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਸ਼ੁਰੂ ਹੋਇਆ। ਮੇਲੇ ਦੇ ਉਦਘਾਟਨ ਮੌਕੇ ਸ਼ਰਧਾਲੂਆਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕਪਾਲ ਮੋਚਨ ਅਜਿਹਾ ਪਵਿੱਤਰ ਸਥਾਨ ਹੈ, ਜਿੱਥੇ ਵੱਖ-ਵੱਖ ਧਰਮਾਂ ਅਤੇ ਫਿਰਕਿਆਂ ਦੀ ਆਸਥਾ ਇੱਕੋ ਥਾਂ ਦਿਖਾਈ ਦਿੰਦੀ ਹੈ। ਇਸ ਮੌਕੇ ਕੇਂਦਰੀ ਵਿਰਾਸਤ ਅਤੇ ਸੈਰ-ਸਪਾਟਾ ਮੰਤਰੀ ਸ੍ਰੀ ਗਜੇਂਦਰ ਸਿੰਘ ਸ਼ੇਖਾਵਤ ਬਤੌਰ ਮੁੱਖ ਮਹਿਮਾਨ ਹਾਜ਼ਰ ਰਹੇ। ਕੇਂਦਰੀ ਸੱਭਿਆਚਾਰ ਅਤੇ ਸੈਰ-ਸਪਾਟਾ ਮੰਤਰੀ ਸ੍ਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਗੁਰੂ ਘਰ ਵਿਖੇ ਮੱਥਾ ਟੇਕਿਆ ਅਤੇ ਹਵਨ ਯੱਗ ਨਾਲ ਸ੍ਰੀ ਕਪਾਲ ਮੋਚਨ ਸ੍ਰੀ ਆਦਿ ਬਦਰੀ ਮੇਲੇ ਦੀ ਸ਼ੁਰੂਆਤ ਕੀਤੀ। ਇਸ ਉਪਰੰਤ ਉਨ੍ਹਾਂ ਨੇ ਕਪਾਲ ਮੋਚਨ, ਰਿਣ ਮੋਚਨ ਅਤੇ ਸੂਰਜਕੁੰਡ ਸਰੋਵਰਾਂ ਦਾ ਨਿਰੀਖਣ ਵੀ ਕੀਤਾ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਦੀ ਸਾਂਭ-ਸੰਭਾਲ ਦੇ ਨਾਲ-ਨਾਲ ਵਿਕਾਸ ਨੂੰ ਵੀ ਬਰਾਬਰ ਪਹਿਲ ਦੇ ਰਹੀ ਹੈ। ਇਸੇ ਕੜੀ ਤਹਿਤ ਅੱਜ ਮੁੱਖ ਮਹਿਮਾਨ ਵੱਲੋਂ ਸੂਬਾ ਵਾਸੀਆਂ ਨੂੰ ਵਿਕਾਸ ਕਾਰਜਾਂ ਦੀ ਸੌਗਾਤ ਦਿੰਦਿਆਂ 187 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ ਗਿਆ। ਇਨ੍ਹਾਂ ਵਿੱਚ 16 ਨਵੀਆਂ ਅੰਮ੍ਰਿਤ ਫਾਰਮੇਸੀਆਂ ਸ਼ਾਮਲ ਹਨ, ਜਿੱਥੇ ਆਮ ਲੋਕਾਂ ਨੂੰ ਜੀਵਨ ਰੱਖਿਅਕ ਦਵਾਈਆਂ ਰਿਆਇਤੀ ਦਰਾਂ ‘ਤੇ ਉਪਲਬਧ ਹੋਣਗੀਆਂ। ਇਸ ਤੋਂ ਇਲਾਵਾ 11 ਜਲ ਘਰਾਂ ਵਿੱਚ ਨਵੇਂ ਟੈਂਕਾਂ ਦੇ ਨਿਰਮਾਣ ਅਤੇ ਜਗਾਧਰੀ ਸ਼ਹਿਰ ਦੀ ਪੁਰਾਣੀ ਸੀਵਰੇਜ ਲਾਈਨ ਦੇ ਪੁਨਰਵਾਸ ਕਾਰਜ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਆਸਥਾ ਅਤੇ ਵਿਕਾਸ, ਦੋਵੇਂ ਨਾਲ-ਨਾਲ ਚੱਲਣ, ਇਹੀ ਸਰਕਾਰ ਦਾ ਸੰਕਲਪ ਹੈ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸ੍ਰੀ ਕਪਾਲ ਮੋਚਨ-ਆਦਿ ਬਦਰੀ ਮੇਲਾ ਸਿਰਫ਼ ਧਾਰਮਿਕ ਸਮਾਗਮ ਨਹੀਂ, ਸਗੋਂ ਆਸਥਾ, ਸਦਭਾਵਨਾ, ਏਕਤਾ ਅਤੇ ਭਾਈਚਾਰੇ ਦਾ ਅਜਿਹਾ ਸੰਗਮ ਹੈ, ਜੋ ਭਾਰਤ ਦੀ ਸੱਭਿਆਚਾਰਕ ਵਿਰਾਸਤ ਦੀ ਅਸਲ ਪਛਾਣ ਕਰਵਾਉਂਦਾ ਹੈ। ਇਹੀ ਭਾਰਤ ਦੀ ਆਤਮਾ ਅਤੇ ਸਾਡੇ ਸਾਂਝੇ ਸੱਭਿਆਚਾਰ ਦੀ ਤਾਕਤ ਹੈ। ਮੁੱਖ ਮੰਤਰੀ ਸ਼ੁੱਕਰਵਾਰ ਨੂੰ ਬਿਲਾਸਪੁਰ ਵਿਖੇ ਸ੍ਰੀ ਕਪਾਲ ਮੋਚਨ-ਆਦਿ ਬਦਰੀ ਮੇਲੇ ਦੇ ਉਦਘਾਟਨ ਮੌਕੇ ਸੰਬੋਧਨ ਕਰ ਰਹੇ ਸਨ। ਮੁੱਖ ਮੰਤਰੀ ਨੇ ਦੇਵ ਉਠਨੀ ਇਕਾਦਸ਼ੀ ਦੇ ਪਵਿੱਤਰ ਮੌਕੇ ‘ਤੇ ਸੂਬਾ ਵਾਸੀਆਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਅੱਜ ਭਗਵਾਨ ਸ੍ਰੀ ਵਿਸ਼ਨੂੰ ਯੋਗ-ਨਿੰਦਰਾ ਤੋਂ ਜਾਗਦੇ ਹਨ ਅਤੇ ਸ਼ੁਭ ਕਾਰਜਾਂ ਦੀ ਸ਼ੁਰੂਆਤ ਹੁੰਦੀ ਹੈ। ਅਜਿਹੇ ਪਵਿੱਤਰ ਦਿਨ ਅਤੇ ਪਵਿੱਤਰ ਤੀਰਥ ਸਥਾਨ ‘ਤੇ ਸ਼ਰਧਾਲੂਆਂ ਦੇ ਵਿਚਕਾਰ ਆਉਣਾ ਉਨ੍ਹਾਂ ਲਈ ਪਰਮ ਸੁਭਾਗ ਦੀ ਗੱਲ ਹੈ।

ਯੁੱਗਾਂ ਪੁਰਾਣੀ ਧਾਰਮਿਕ ਵਿਰਾਸਤ ਦਾ ਕੇਂਦਰ ਹੈ ਕਪਾਲ ਮੋਚਨ

ਮੁੱਖ ਮੰਤਰੀ ਨੇ ਕਪਾਲ ਮੋਚਨ ਤੀਰਥ ਦੇ ਇਤਿਹਾਸਕ ਅਤੇ ਧਾਰਮਿਕ ਮਹੱਤਵ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਕੰਦ ਮਹਾਂਪੁਰਾਣ ਅਨੁਸਾਰ ਇਹ ਤੀਰਥ ਪਵਿੱਤਰ ਸਰਸਵਤੀ ਅਤੇ ਯਮੁਨਾ ਦੇ ਵਿਚਕਾਰ ਸਥਿਤ ਦ੍ਵੈਤਵਨ ਵਿੱਚ ਹੈ। ਪ੍ਰਾਚੀਨ ਕਾਲ ਵਿੱਚ ਇਸ ਨੂੰ ‘ਔਸ਼ਨਸ ਤੀਰਥ‘ ਕਿਹਾ ਜਾਂਦਾ ਸੀ। ਮਹਾਂਭਾਰਤ ਅਤੇ ਵਾਮਨ ਮਹਾਂਪੁਰਾਣ ਵਿੱਚ ਵੀ ਇਸ ਦਾ ਜ਼ਿਕਰ ਮਿਲਦਾ ਹੈ। ਮਾਨਤਾ ਹੈ ਕਿ ਭਗਵਾਨ ਬ੍ਰਹਮਾ ਜੀ ਨੇ ਇਸੇ ਦ੍ਵੈਤਵਨ ਵਿੱਚ ਯੱਗ ਕੀਤਾ ਸੀ, ਜਿਸ ਵਿੱਚ ਦੇਵੀ-ਦੇਵਤਿਆਂ ਅਤੇ ਰਿਸ਼ੀਆਂ-ਮੁਨੀਆਂ ਨੇ ਹਿੱਸਾ ਲਿਆ ਸੀ।

ਗੁਰੂ ਗੋਬਿੰਦ ਸਿੰਘ ਜੀ ਦੇ 52 ਦਿਨਾਂ ਦੇ ਪ੍ਰਵਾਸ ਦਾ ਗਵਾਹ ਹੈ ਇਹ ਤੀਰਥ

ਮੁੱਖ ਮੰਤਰੀ ਨੇ ਕਿਹਾ ਕਿ ਕਪਾਲ ਮੋਚਨ ਦੀ ਧਰਤੀ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਨਾਲ ਵੀ ਪਵਿੱਤਰ ਹੋਈ ਹੈ। ਭੰਗਾਣੀ ਦੇ ਯੁੱਧ ਤੋਂ ਪਹਿਲਾਂ ਗੁਰੂ ਸਾਹਿਬ ਨੇ ਇੱਥੇ 52 ਦਿਨ ਨਿਵਾਸ ਕੀਤਾ ਸੀ। ਉਨ੍ਹਾਂ ਨੇ ਕਪਾਲ ਮੋਚਨ ਅਤੇ ਰਿਣ ਮੋਚਨ ਸਰੋਵਰਾਂ ਵਿੱਚ ਇਸ਼ਨਾਨ ਕੀਤਾ ਅਤੇ ਆਪਣੇ ਅਸਤਰ-ਸ਼ਸਤਰ ਧੋਤੇ। ਦੋਵਾਂ ਸਰੋਵਰਾਂ ਦੇ ਵਿਚਕਾਰ ਸਥਿਤ ਪ੍ਰਾਚੀਨ ਅਸ਼ਟਭੁਜੀ ਗੁਰਦੁਆਰਾ ਸਾਹਿਬ ਅੱਜ ਵੀ ਇਸ ਇਤਿਹਾਸਕ ਵਿਰਾਸਤ ਦਾ ਗਵਾਹ ਹੈ। ਗੁਰੂ ਸਾਹਿਬ ਨੇ ਇੱਥੋਂ ਦੇ ਮਹੰਤ ਨੂੰ ਹੱਥ-ਲਿਖਤ ਪੱਟਾ ਅਤੇ ਤਾਮਰਪੱਤਰ ਵੀ ਪ੍ਰਦਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੇ ਵਰਦਾਨ ਅਤੇ ਪਰੰਪਰਾ ਅਨੁਸਾਰ ਅੱਜ ਵੀ ਕੱਤਕ ਦੀ ਪੂਰਨਮਾਸ਼ੀ ‘ਤੇ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਲੱਖਾਂ ਸ਼ਰਧਾਲੂ ਇਸ ਮੌਕੇ ਪਹੁੰਚਦੇ ਹਨ ਅਤੇ ਕਪਾਲ ਮੋਚਨ, ਰਿਣ ਮੋਚਨ ਅਤੇ ਸੂਰਜ ਕੁੰਡ ਵਿੱਚ ਕ੍ਰਮਵਾਰ ਇਸ਼ਨਾਨ ਕਰਦੇ ਹਨ। ਦੇਵ ਉਠਨੀ ਇਕਾਦਸ਼ੀ ਤੋਂ ਹੀ ਇਸ ਪੰਜ ਦਿਨਾਂ ਪਵਿੱਤਰ ਪੁਰਬ ਦੀ ਸ਼ੁਰੂਆਤ ਹੁੰਦੀ ਹੈ।

ਚਾਰ ਪ੍ਰਮੁੱਖ ਤੀਰਥਾਂ ਦੇ ਵਿਕਾਸ ਲਈ ਸ਼੍ਰਾਈਨ ਬੋਰਡ ਦਾ ਗਠਨ

ਮੁੱਖ ਮੰਤਰੀ ਨੇ ਕਿਹਾ ਕਿ ਇਤਿਹਾਸਕ ਅਤੇ ਧਾਰਮਿਕ ਵਿਰਾਸਤਾਂ ਨੂੰ ਸੰਭਾਲਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਇਸੇ ਉਦੇਸ਼ ਨਾਲ ਸ੍ਰੀ ਕਪਾਲ ਮੋਚਨ, ਸ੍ਰੀ ਬਦਰੀ ਨਾਰਾਇਣ, ਸ੍ਰੀ ਮੰਤ੍ਰਾ ਦੇਵੀ ਅਤੇ ਸ੍ਰੀ ਕੇਦਾਰਨਾਥ ਦੇ ਯੋਜਨਾਬੱਧ ਵਿਕਾਸ ਲਈ ਸਮਰਪਿਤ ਸ਼੍ਰਾਈਨ ਬੋਰਡ ਦਾ ਗਠਨ ਕੀਤਾ ਗਿਆ ਹੈ। ਤੀਰਥ ਦਾ ਕਾਇਆ-ਕਲਪ ਦੋ ਪੜਾਵਾਂ ਵਿੱਚ ਕੀਤਾ ਜਾ ਰਿਹਾ ਹੈ। ਇਸ ਸਾਲ ਮੇਲੇ ਅਤੇ ਤੀਰਥ ਦੇ ਰੱਖ-ਰਖਾਅ ‘ਤੇ ਲਗਭਗ ਇੱਕ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ ਅਤੇ ਸ਼ਰਧਾਲੂਆਂ ਦੀ ਸਹੂਲਤ, ਸੁਰੱਖਿਆ ਅਤੇ ਸਫ਼ਾਈ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।

ਉਨ੍ਹਾਂ ਦੱਸਿਆ ਕਿ ਗੁਰੂਆਂ ਦੇ ਸੂਰਬੀਰਤਾ ਭਰੇ ਇਤਿਹਾਸ ਅਤੇ ਬਲਿਦਾਨ ਤੋਂ ਨਵੀਂ ਪੀੜ੍ਹੀ ਨੂੰ ਜਾਣੂ ਕਰਵਾਉਣ ਲਈ ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ‘ਗੁਰੂ ਗੋਬਿੰਦ ਸਿੰਘ ਯੁੱਧ ਕਲਾ ਅਜਾਇਬ ਘਰ‘ ਬਣਾਇਆ ਗਿਆ ਹੈ। ਉੱਥੇ ਹੀ, ਲੋਹਗੜ੍ਹ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਇਤਿਹਾਸਕ ਵਿਰਾਸਤ ਨੂੰ ਅੱਗੇ ਵਧਾਉਂਦਿਆਂ ਭਗਵਾਨਪੁਰ ਵਿਖੇ 112 ਕਰੋੜ ਰੁਪਏ ਦੀ ਲਾਗਤ ਨਾਲ ਉਨ੍ਹਾਂ ਦੀ ਯਾਦਗਾਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਮਾਂ ਸਰਸਵਤੀ ਦੇ ਉਦਗਮ ਸਥਾਨ ਆਦਿ ਬਦਰੀ ਨੂੰ ਵੀ ਪ੍ਰਮੁੱਖ ਤੀਰਥ ਅਤੇ ਸੈਰ-ਸਪਾਟਾ ਕੇਂਦਰ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ।

ਗੁਰੂਆਂ ਦੀ ਵਿਰਾਸਤ ਨੂੰ ਜਨ-ਜਨ ਤੱਕ ਪਹੁੰਚਾਉਣ ਦਾ ਉਪਰਾਲਾ

ਮੁੱਖ ਮੰਤਰੀ ਨੇ ਕਿਹਾ ਕਿ ਗੁਰੂਆਂ ਅਤੇ ਮਹਾਂਪੁਰਖਾਂ ਪ੍ਰਤੀ ਸ਼ਰਧਾ ਸਿਰਫ਼ ਸਮਾਗਮਾਂ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ, ਸਗੋਂ ਉਨ੍ਹਾਂ ਦੇ ਵਿਚਾਰ ਅਤੇ ਸਿੱਖਿਆਵਾਂ ਸਮਾਜ ਦੇ ਜੀਵਨ ਦਾ ਹਿੱਸਾ ਬਣਨੀਆਂ ਚਾਹੀਦੀਆਂ ਹਨ। ਇਸੇ ਸੋਚ ਨਾਲ ਸੂਬਾ ਸਰਕਾਰ ਨੇ ‘ਸੰਤ-ਮਹਾਂਪੁਰਖ ਸਨਮਾਨ ਅਤੇ ਵਿਚਾਰ ਪ੍ਰਸਾਰ ਯੋਜਨਾ‘ ਸ਼ੁਰੂ ਕੀਤੀ ਹੈ। ਇਸ ਤਹਿਤ ਮਹਾਂਪੁਰਖਾਂ ਦੇ ਜਨਮ ਦਿਹਾੜਿਆਂ ‘ਤੇ ਰਾਜ ਪੱਧਰੀ ਸਮਾਗਮ ਕਰਵਾ ਕੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਇਆ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਯਮੁਨਾਨਗਰ ਵਿਖੇ ਰਾਜ ਪੱਧਰੀ ਸਮਾਗਮ ਵਜੋਂ ਮਨਾਇਆ ਜਾਵੇਗਾ।

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਅੱਠਵੀਂ ਜਮਾਤ ਦੇ ਇਤਿਹਾਸ ਦੇ ਪਾਠਕ੍ਰਮ ਵਿੱਚ ਸਿੱਖ ਗੁਰੂਆਂ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਇਤਿਹਾਸ ਸ਼ਾਮਲ ਕੀਤਾ ਹੈ। ਚੌਧਰੀ ਦੇਵੀ ਲਾਲ ਯੂਨੀਵਰਸਿਟੀ, ਸਿਰਸਾ ਵਿਖੇ ਗੁਰੂ ਤੇਗ ਬਹਾਦਰ ਜੀ ਦੇ ਨਾਮ ‘ਤੇ ਖੋਜ ਪੀਠ ਸਥਾਪਤ ਕੀਤੀ ਗਈ ਹੈ। ਕੁਰੂਕਸ਼ੇਤਰ ਦੇ ਉਮਰੀ ਵਿਖੇ 170 ਕਰੋੜ ਰੁਪਏ ਦੀ ਲਾਗਤ ਨਾਲ ਸੂਬੇ ਦੇ ਪਹਿਲੇ ਸਿੱਖ ਅਜਾਇਬ ਘਰ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਰੱਖਿਆ ਹੈ। ਕੁਰੂਕਸ਼ੇਤਰ ਵਿਖੇ ਸੰਤ ਸ਼੍ਰੋਮਣੀ ਗੁਰੂ ਰਵਿਦਾਸ ਜੀ ਦੇ ਅਜਾਇਬ ਘਰ ਦਾ ਨਿਰਮਾਣ ਕਾਰਜ ਵੀ ਜਾਰੀ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਯਮੁਨਾਨਗਰ ਦੇ ਕਲੇਸਰ ਵਿਖੇ ‘ਸ੍ਰੀ ਗੁਰੂ ਤੇਗ ਬਹਾਦਰ ਸਮ੍ਰਿਤੀ ਵਣ‘ ਵਿਕਸਤ ਕੀਤਾ ਜਾ ਰਿਹਾ ਹੈ ਅਤੇ ਯਮੁਨਾਨਗਰ ਦਾ ਮੈਡੀਕਲ ਕਾਲਜ ਵੀ ਗੁਰੂ ਸਾਹਿਬ ਦੇ ਨਾਮ ‘ਤੇ ਹੋਵੇਗਾ। ਸਿੱਖ ਸੰਗਤ ਦੀ ਵਰ੍ਹਿਆਂ ਪੁਰਾਣੀ ਮੰਗ ਪੂਰੀ ਕਰਦਿਆਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਕੀਤਾ ਗਿਆ ਹੈ। ਸਿਰਸਾ ਵਿਖੇ ਗੁਰਦੁਆਰਾ ਸ੍ਰੀ ਚਿੱਲਾ ਸਾਹਿਬ ਨੂੰ ਲਗਭਗ ਨੌਂ ਏਕੜ ਜ਼ਮੀਨ ਮੁਫ਼ਤ ਸੌਂਪੀ ਗਈ ਹੈ।

ਧਾਰਮਿਕ ਸੈਰ-ਸਪਾਟਾ ਅਤੇ ਸੱਭਿਆਚਾਰਕ ਵਿਰਾਸਤ ਨੂੰ ਮਿਲ ਰਹੀ ਨਵੀਂ ਪਛਾਣ

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਗੁਰੂ ਪਰੰਪਰਾ ਨੂੰ ਰਾਸ਼ਟਰ ਦੀ ਚੇਤਨਾ ਨਾਲ ਜੋੜਨ ਦਾ ਕੰਮ ਕੀਤਾ ਹੈ। ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਯਾਦ ਵਿੱਚ 26 ਦਸੰਬਰ ਨੂੰ ‘ਵੀਰ ਬਾਲ ਦਿਵਸ‘ ਐਲਾਨਿਆ ਗਿਆ ਹੈ, ਜਿਸ ਨੂੰ ਹਰਿਆਣਾ ਹਰ ਸਾਲ ਰਾਜ ਪੱਧਰ ‘ਤੇ ਮਨਾਉਂਦਾ ਹੈ। ਲੰਗਰ ਨੂੰ ਜੀ.ਐਸ.ਟੀ. ਤੋਂ ਮੁਕਤ ਕਰਨ ਅਤੇ ਅਫ਼ਗਾਨਿਸਤਾਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਪੂਰੇ ਸਨਮਾਨ ਨਾਲ ਭਾਰਤ ਲਿਆਉਣ ਵਰਗੇ ਕਦਮ ਵੀ ਗੁਰੂ ਪਰੰਪਰਾ ਪ੍ਰਤੀ ਸਨਮਾਨ ਨੂੰ ਦਰਸਾਉਂਦੇ ਹਨ।

ਮੁੱਖ ਮੰਤਰੀ ਨੇ ਸਾਰੇ ਸ਼ਰਧਾਲੂਆਂ ਨੂੰ ਆਪਣੀ ਵਿਰਾਸਤ ਨੂੰ ਸੰਭਾਲਣ, ਗੁਰੂਆਂ ਦੀ ਬਾਣੀ ਨੂੰ ਜੀਵਨ ਵਿੱਚ ਉਤਾਰਨ ਅਤੇ ਸਸ਼ਕਤ, ਸਮਰਸ ਹਰਿਆਣਾ ਅਤੇ ਵਿਕਸਤ ਭਾਰਤ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਇਸ ਮੌਕੇ ਵਿਧਾਇਕ ਸ੍ਰੀ ਘਨਸ਼ਿਆਮ ਦਾਸ ਅਰੋੜਾ, ਸ੍ਰੀਮਤੀ ਰੇਣੂ ਬਾਲਾ, ਮੇਅਰ ਸ੍ਰੀਮਤੀ ਸੁਮਨ ਬਹਿਮਨੀ, ਸਾਬਕਾ ਮੰਤਰੀ ਸ੍ਰੀ ਕੰਵਰ ਪਾਲ, ਐਸ.ਸੀ.-ਐਸ.ਟੀ. ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਬੰਤੋ ਕਟਾਰੀਆ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ, ਸਰਸਵਤੀ ਬੋਰਡ ਦੇ ਉਪ-ਚੇਅਰਮੈਨ ਸ੍ਰੀ ਧੂਮਨ ਸਿੰਘ ਕਿਰਮਚ ਸਮੇਤ ਹੋਰ ਪਤਵੰਤੇ ਹਾਜ਼ਰ ਸਨ।

RELATED ARTICLES
- Advertisment -
Google search engine
Google search engine
Google search engine

Most Popular

Recent Comments