ਪਾਰਕ ਹਸਪਤਾਲ ਅਤੇ ਲਕਸ਼ਮੀ ਬਾਈ ਡੈਂਟਲ ਇੰਸਟੀਟਿਊਟ ਨਾਲ ਮਿਲ ਕੇ ਲਗਾਇਆ ਮੈਡੀਕਲ ਚੈੱਕਅਪ ਕੈਂਪ
ਪਟਿਆਲਾ, 29 ਸਤੰਬਰ, 2026 (ਅਨਿਲ ਕੁਮਾਰ ਭਾਰਤੀ) : ਸੰਸਥਾ ਜਨਹਿਤ ਸਮਿਤੀ ਪਟਿਆਲਾ ਵੱਲੋਂ ਅਮਰ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਫ਼੍ਰੀ ਮੈਡੀਕਲ ਚੈੱਕਅਪ ਕੈਂਪ, ਬਾਰਾਦਰੀ ਗਾਰਡਨ ਪਟਿਆਲਾ ਵਿਖੇ ਲਗਾਇਆ ਗਿਆ। ਇਸ ਮੈਡੀਕਲ ਚੈੱਕਅਪ ਕੈਂਪ ਵਿੱਚ ਵਿਸ਼ੇਸ਼ ਤੌਰ ‘ਤੇ ਪਾਰਕ ਮਲਟੀ ਸਪੈਸ਼ਲਟੀ ਹਸਪਤਾਲ ਅਤੇ ਲਕਸ਼ਮੀ ਬਾਈ ਡੈਂਟਲ ਇੰਸਟੀਟਿਊਟ ਪਟਿਆਲਾ ਦੀ ਟੀਮ ਪਹੁੰਚੀ। ਇਸ ਕੈਂਪ ਵਿੱਚ ਖ਼ੂਨ, ਸ਼ੂਗਰ, ਬੀ.ਐੱਮ.ਡੀ. ਅਤੇ ਈ.ਸੀ.ਜੀ. ਦੇ ਟੈਸਟ ਕੀਤੇ ਗਏ।
ਇਸ ਮੌਕੇ ਸੰਸਥਾ ਦੇ ਜਨਰਲ ਸਕੱਤਰ ਅਤੇ ਸਟੇਟ ਐਵਾਰਡੀ ਵਿਨੋਦ ਸ਼ਰਮਾ ਨੇ ਦੱਸਿਆ ਕਿ ਅਮਰ ਸ਼ਹੀਦ ਭਗਤ ਸਿੰਘ ਅਤੇ ਹੋਰ ਹਜ਼ਾਰਾਂ ਕ੍ਰਾਂਤੀਕਾਰੀਆਂ ਦੀਆਂ ਕੁਰਬਾਨੀਆਂ ਸਦਕਾ ਹੀ ਅਸੀਂ ਅੱਜ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ। ਸਾਨੂੰ ਸਾਰਿਆਂ ਨੂੰ ਉਨ੍ਹਾਂ ਦੁਆਰਾ ਦਿਖਾਏ ਦੇਸ਼ ਭਗਤੀ ਦੇ ਰਸਤੇ ‘ਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਨੇ ਸੰਸਥਾ ਜਨਹਿਤ ਸਮਿਤੀ ਦੇ ਕੰਮਾਂ ਬਾਰੇ ਦੱਸਦਿਆਂ ਕਿਹਾ ਕਿ ਸੰਸਥਾ ਵੱਲੋਂ ਲੋਕ ਭਲਾਈ ਦੇ ਕਾਰਜ, ਲੋੜਵੰਦ ਬੱਚਿਆਂ ਦੀ ਫ਼ੀਸ ਭਰੀ ਜਾਂਦੀ ਹੈ ਅਤੇ ਨਾਲ ਹੀ ਮਰੀਜ਼ਾਂ ਵਾਸਤੇ ਐਂਬੂਲੈਂਸ ਸੇਵਾ ਵੀ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸੰਸਥਾ ਦੇ ਵੱਧ ਤੋਂ ਵੱਧ ਮੈਂਬਰ ਬਣੋ ਤਾਂ ਜੋ ਲੋੜਵੰਦ ਲੋਕਾਂ ਦੀ ਮਦਦ ਕੀਤੀ ਜਾ ਸਕੇ।

ਇਸ ਮੌਕੇ ਟੀ.ਐੱਸ. ਕਪੂਰ (ਰਿਟਾਇਰਡ ਜੱਜ, ਇਨਕਮ ਟੈਕਸ ਟ੍ਰਿਬਿਊਨਲ) ਨੇ ਸੰਸਥਾ ਜਨਹਿਤ ਸਮਿਤੀ ਬਾਰੇ ਬੋਲਦਿਆਂ ਕਿਹਾ ਕਿ ਅੱਜ ਲੋਕਾਂ ਨੂੰ ਸਿਹਤ ਸੰਭਾਲ ਬਾਰੇ ਜਾਗਰੂਕ ਕਰਨ ਦੀ ਲੋੜ ਹੈ ਅਤੇ ਸੰਸਥਾ ਜਨਹਿਤ ਸਮਿਤੀ ਹਮੇਸ਼ਾ ਇਸ ਕਾਰਜ ਲਈ ਤਤਪਰ ਰਹਿੰਦੀ ਹੈ। ਇਸ ਮੌਕੇ ਸਮਾਜ ਸੇਵੀ ਜਗਤਾਰ ਸਿੰਘ ਜੱਗੀ ਨੇ ਲੋਕਾਂ ਨੂੰ ਅਪੀਲ ਕੀਤੀ ਅਤੇ ਕਿਹਾ ਕਿ ਵੱਧ ਤੋਂ ਵੱਧ ਲੋਕਾਂ ਨੂੰ ਸੰਸਥਾ ਦੇ ਮੈਂਬਰ ਬਣ ਕੇ ਸਮਾਜ ਸੇਵਾ ਦਾ ਹਿੱਸਾ ਬਣਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸੰਸਥਾ ਮਹੀਨੇ ਵਿੱਚ ਚਾਰ ਵਾਰ ਮੈਡੀਕਲ ਚੈੱਕਅਪ ਕੈਂਪ ਲਗਾਉਂਦੀ ਹੈ ਅਤੇ ਸੰਸਥਾ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਸਿਹਤ ਬਾਰੇ ਜਾਗਰੂਕ ਕੀਤਾ ਜਾਵੇ।
ਇਸ ਮੌਕੇ ਨਿਸ਼ਕਾਮ ਸਮਾਜ ਸੇਵਕ ਭੁਪਿੰਦਰ ਸਿੰਘ ਵੱਲੋਂ ਦੱਸਿਆ ਗਿਆ ਕਿ ਸੰਸਥਾ ਛੇਤੀ ਹੀ ਰਾਏਪੁਰ ਮੰਡਲਾ ਵਿਖੇ ਅਨਾਥ ਅਤੇ ਬੇਸਹਾਰਾ ਲੋਕਾਂ ਲਈ ਇੱਕ ‘ਜਨਹਿਤ ਆਪਣਾ ਘਰ ਆਸ਼ਰਮ’ ਬਣਾਉਣ ਜਾ ਰਹੀ ਹੈ। ਉਨ੍ਹਾਂ ਸਾਰੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੰਸਥਾ ਨੂੰ ਵੱਧ ਤੋਂ ਵੱਧ ਦਾਨ ਕਰਨ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਅਨਾਥ, ਬੇਸਹਾਰਾ ਅਤੇ ਲੋੜਵੰਦ ਲੋਕਾਂ ਦੀ ਮਦਦ ਕੀਤੀ ਜਾ ਸਕੇ।
ਇਸ ਮੌਕੇ ਚਮਨ ਲਾਲ ਗਰਗ, ਜੀ.ਐੱਸ. ਅਨੰਦ, ਨਰਿੰਦਰ ਸਿੰਘ, ਜੀ.ਐੱਸ. ਬੇਦੀ, ਪ੍ਰੋਫ਼ੈਸਰ ਸੁਭਾਸ਼ ਸ਼ਰਮਾ, ਵਿਵੇਕ ਜੈਨ, ਹਰਦੇਵ ਬੱਲੀ, ਇੰਦਰਜੀਤ ਦੂਆ, ਪ੍ਰਦੀਪ ਕੁਮਾਰ, ਰਾਜਕੁਮਾਰ ਮਹਿਤਾ, ਕਰਮਜੀਤ ਕੋਚੜ, ਅਮਰਿੰਦਰ ਸਿੰਘ ਘੁੰਮਣ, ਸੁਖਪ੍ਰੀਤ ਸਿੰਘ, ਮਨਜੀਤ ਸਿੰਘ, ਜੋਤੀ ਖਾਨ, ਵਰਿੰਦਰ ਆਹਲੂਵਾਲੀਆ, ਹਰਪਾਲ ਮਾਨ, ਵਿਮਲ ਚੋਪੜਾ, ਮਨਦੀਪ ਕਟਾਰੀਆ, ਦਵਿੰਦਰ ਬਾਂਗਾ, ਅਮਨ ਮਲਹੋਤਰਾ, ਮੋਹਨਦੀਪ ਮਣੀ, ਆਰ.ਕੇ. ਗੋਇਲ, ਸੁਨੀਲ ਅਗਰਵਾਲ, ਡਾਕਟਰ ਕਮਲ ਰੂਪ ਸਿੰਘ ਥਿੰਦ, ਉਦੇ ਵੀਰ ਸਿੰਘ ਅਤੇ ਬਹੁਤ ਸਾਰੇ ਸੈਰ ਪ੍ਰੇਮੀ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ। ਇਸ ਮੌਕੇ ਉੱਘੇ ਗਾਇਕ ਹਰਪਾਲ ਮਾਨ ਨੇ ਆਪਣੇ ਦੇਸ਼ ਭਗਤੀ ਰਸ ਨਾਲ ਭਰਪੂਰ ਗੀਤਾਂ ਨਾਲ ਸਮਾਂ ਬੰਨ੍ਹ ਦਿੱਤਾ ਅਤੇ ਸੰਸਥਾ ਵੱਲੋਂ ਵਿਸ਼ੇਸ਼ ਤੌਰ ‘ਤੇ ਪਾਰਕ ਮਲਟੀ ਸਪੈਸ਼ਲਟੀ ਹਸਪਤਾਲ ਅਤੇ ਲਕਸ਼ਮੀ ਬਾਈ ਡੈਂਟਲ ਇੰਸਟੀਟਿਊਟ ਪਟਿਆਲਾ ਦੀ ਟੀਮ ਦਾ ਧੰਨਵਾਦ ਕੀਤਾ ਗਿਆ।