ਨਵੀਂ ਦਿੱਲੀ, 28 ਜੁਲਾਈ, 2026 (ਮਨੋਜ ਵਰਮਾ) : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਸ਼੍ਰੀਲੰਕਾ ਖ਼ਿਲਾਫ਼ ਹੋਣ ਵਾਲੀ ਦੋ ਮੈਚਾਂ ਦੀ ਟੈਸਟ ਸੀਰੀਜ਼ ਲਈ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਟੀਮ ਵਿੱਚ ਸਭ ਤੋਂ ਵੱਡੀ ਖ਼ਬਰ ਤਜਰਬੇਕਾਰ ਆਲਰਾਊਂਡਰ ਰਵਿੰਦਰ ਜਡੇਜਾ ਦੀ ਵਾਪਸੀ ਹੈ, ਜਦਕਿ ਨੌਜਵਾਨ ਆਲਰਾਊਂਡਰ ਸਾਰਾਂਸ਼ ਜੈਨ ਨੂੰ ਪਹਿਲੀ ਵਾਰ ਭਾਰਤੀ ਟੈਸਟ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।
ਚੋਣਕਾਰਾਂ ਨੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਬੱਲੇਬਾਜ਼ ਬੀ. ਸਾਈ ਸੁਦਰਸ਼ਨ ਨੂੰ ਵੀ ਟੀਮ ਵਿੱਚ ਜਗ੍ਹਾ ਦਿੱਤੀ ਹੈ। ਹਾਲਾਂਕਿ, ਦੋਵਾਂ ਖਿਡਾਰੀਆਂ ਦੀ ਅੰਤਿਮ ਉਪਲਬਧਤਾ ਬੀਸੀਸੀਆਈ ਦੇ ਸੈਂਟਰ ਆਫ ਐਕਸੀਲੈਂਸ ਤੋਂ ਫਿਟਨੈੱਸ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਤੈਅ ਹੋਵੇਗੀ।
ਦੂਜੇ ਪਾਸੇ, ਆਲਰਾਊਂਡਰ ਵਾਸ਼ਿੰਗਟਨ ਸੁੰਦਰ ਸੱਟ ਕਾਰਨ ਪਹਿਲੇ ਟੈਸਟ ਲਈ ਉਪਲਬਧ ਨਹੀਂ ਹੋਣਗੇ। ਉਹ ਇੰਗਲੈਂਡ ਦੌਰੇ ਦੌਰਾਨ ਜ਼ਖ਼ਮੀ ਹੋ ਗਏ ਸਨ ਅਤੇ ਅਜੇ ਪੂਰੀ ਤਰ੍ਹਾਂ ਫਿਟ ਨਹੀਂ ਹਨ।
ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਤਹਿਤ ਖੇਡੀ ਜਾਣ ਵਾਲੀ ਇਸ ਸੀਰੀਜ਼ ਦਾ ਪਹਿਲਾ ਮੁਕਾਬਲਾ 15 ਤੋਂ 19 ਅਗਸਤ ਤੱਕ ਗਾਲੇ ਵਿੱਚ ਹੋਵੇਗਾ। ਇਸ ਤੋਂ ਬਾਅਦ ਦੂਜਾ ਅਤੇ ਆਖ਼ਰੀ ਟੈਸਟ 23 ਤੋਂ 27 ਅਗਸਤ ਤੱਕ ਕੋਲੰਬੋ ਦੇ ਐੱਸਐੱਸਸੀ ਮੈਦਾਨ ਵਿੱਚ ਖੇਡਿਆ ਜਾਵੇਗਾ।
ਸ਼ੁਭਮਨ ਗਿੱਲ ਦੀ ਅਗਵਾਈ ਵਾਲੀ ਭਾਰਤੀ ਟੀਮ ਵਿੱਚ ਕੇਐਲ ਰਾਹੁਲ ਨੂੰ ਉਪ ਕਪਤਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਟੀਮ ਵਿੱਚ ਯਸ਼ਸਵੀ ਜੈਸਵਾਲ, ਰਿਸ਼ਭ ਪੰਤ, ਧ੍ਰੁਵ ਜੁਰੇਲ, ਕੁਲਦੀਪ ਯਾਦਵ, ਮੁਹੰਮਦ ਸਿਰਾਜ ਅਤੇ ਪ੍ਰਸਿੱਧ ਕ੍ਰਿਸ਼ਨਾ ਵਰਗੇ ਖਿਡਾਰੀ ਵੀ ਸ਼ਾਮਲ ਹਨ।
ਟੀਮ ਇੰਡੀਆ: ਸ਼ੁਭਮਨ ਗਿੱਲ (ਕਪਤਾਨ), ਕੇਐਲ ਰਾਹੁਲ (ਉਪ ਕਪਤਾਨ), ਯਸ਼ਸਵੀ ਜੈਸਵਾਲ, ਰਿਸ਼ਭ ਪੰਤ (ਵਿਕਟਕੀਪਰ), ਸਾਈ ਸੁਦਰਸ਼ਨ, ਧ੍ਰੁਵ ਜੁਰੇਲ (ਵਿਕਟਕੀਪਰ), ਰਵਿੰਦਰ ਜਡੇਜਾ, ਕੁਲਦੀਪ ਯਾਦਵ, ਮਾਨਵ ਸੁਥਾਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਪ੍ਰਸਿੱਧ ਕ੍ਰਿਸ਼ਨਾ, ਗੁਰਨੂਰ ਬਰਾਰ, ਦੇਵਦੱਤ ਪੱਡੀਕਲ ਅਤੇ ਸਾਰਾਂਸ਼ ਜੈਨ।
