Homeਪੰਜਾਬਸੁਨਾਮ ਦੇ ਆਈ.ਟੀ.ਆਈ. ਚੌਕ ਦਾ ਨਾਂ ‘ਭਗਵਾਨ ਵਿਸ਼ਵਕਰਮਾ ਚੌਕ’ ਰੱਖਿਆ, ਇੱਕ ਹਫ਼ਤੇ...

ਸੁਨਾਮ ਦੇ ਆਈ.ਟੀ.ਆਈ. ਚੌਕ ਦਾ ਨਾਂ ‘ਭਗਵਾਨ ਵਿਸ਼ਵਕਰਮਾ ਚੌਕ’ ਰੱਖਿਆ, ਇੱਕ ਹਫ਼ਤੇ ਅੰਦਰ ਲੋਕਾਂ ਨੂੰ ਕੀਤਾ ਜਾਵੇਗਾ ਸਮਰਪਿਤ: ਅਮਨ ਅਰੋੜਾ

Sunam’s ITI Chowk Renamed Bhagwan Vishwakarma Chowk; Aman Arora Announces Public Dedication Within a Week

ਸੁਨਾਮ, 10 ਨਵੰਬਰ, 2026 (ਛਤਰਪਾਲ ਸਿੰਘ ) : ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵਿਸ਼ਵਕਰਮਾ ਦਿਵਸ ਮੌਕੇ ਐਲਾਨ ਕੀਤਾ ਕਿ ਸੁਨਾਮ ਦੇ ਆਈ.ਟੀ.ਆਈ. ਚੌਕ ਦਾ ਨਾਂ ਭਗਵਾਨ ਵਿਸ਼ਵਕਰਮਾ ਜੀ ਦੇ ਨਾਂ ’ਤੇ ‘ਭਗਵਾਨ ਵਿਸ਼ਵਕਰਮਾ ਚੌਕ’ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਚੌਕ ਦੀ ਮੁੜ ਉਸਾਰੀ ਅਤੇ ਸੁੰਦਰੀਕਰਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਇਹ ਕੰਮ ਇੱਕ ਹਫ਼ਤੇ ਅੰਦਰ ਮੁਕੰਮਲ ਕਰ ਕੇ ਚੌਕ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ। ਸ਼੍ਰੀ ਅਰੋੜਾ ਨੇ ਕਿਹਾ ਕਿ ਭਗਵਾਨ ਵਿਸ਼ਵਕਰਮਾ ਜੀ ਨੂੰ ਸਿਰਜਣਾ, ਕਾਰੀਗਰੀ ਅਤੇ ਨਿਰਮਾਣ ਕਲਾ ਦੇ ਪ੍ਰੇਰਣਾ ਸਰੋਤ ਵਜੋਂ ਸਤਿਕਾਰਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵਿਸ਼ਵਕਰਮਾ ਦਿਵਸ ਮੌਕੇ ਉਨ੍ਹਾਂ ਨੇ ਇਲਾਕਾ ਵਾਸੀਆਂ ਨਾਲ ਆਈ.ਟੀ.ਆਈ. ਚੌਕ ਨੂੰ ਭਗਵਾਨ ਵਿਸ਼ਵਕਰਮਾ ਜੀ ਦੇ ਨਾਂ ’ਤੇ ਵਿਕਸਿਤ ਕਰਨ ਦਾ ਵਾਅਦਾ ਕੀਤਾ ਸੀ। ਉਨ੍ਹਾਂ ਕਿਹਾ ਕਿ ਸੁੰਦਰੀਕਰਨ ਤੋਂ ਬਾਅਦ ਇਹ ਚੌਕ ਸੁਨਾਮ ਦੇ ਪ੍ਰਵੇਸ਼ ਦੁਆਰ ਦੀ ਦਿੱਖ ਨਿਖਾਰੇਗਾ ਅਤੇ ਇਸ ਦੀ ਕਾਰੀਗਰੀ ਦੂਰੋਂ ਆਉਣ ਵਾਲੇ ਲੋਕਾਂ ਲਈ ਵੀ ਖਿੱਚ ਦਾ ਕੇਂਦਰ ਬਣੇਗੀ।
ਆਵਾਜਾਈ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੀ ਅਰੋੜਾ ਨੇ ਕਿਹਾ ਕਿ ਇਹ ਚੌਕ ਪਟਿਆਲਾ, ਬਰਨਾਲਾ-ਬਠਿੰਡਾ ਅਤੇ ਲਹਿਰਾਗਾਗਾ ਵੱਲ ਜਾਣ ਵਾਲੀਆਂ ਮੁੱਖ ਸੜਕਾਂ ਨੂੰ ਜੋੜਦਾ ਹੈ। ਸਾਹਮਣੇ ਆਈ.ਟੀ.ਆਈ. ਹੋਣ ਕਾਰਨ ਵੀ ਇੱਥੇ ਆਵਾਜਾਈ ਦਾ ਦਬਾਅ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਚੌਕ ਦਾ ਡਿਜ਼ਾਈਨ ਤੈਅ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਅਧਿਕਾਰੀਆਂ ਅਤੇ ਮਾਹਿਰਾਂ ਨਾਲ ਕਈ ਮੀਟਿੰਗਾਂ ਕਰ ਕੇ ਵੱਖ-ਵੱਖ ਦਿਸ਼ਾਵਾਂ ਤੋਂ ਆਉਣ ਵਾਲੇ ਵਾਹਨਾਂ ਦੀ ਆਵਾਜਾਈ ਪ੍ਰਬੰਧਨ ਦਾ ਜਾਇਜ਼ਾ ਲਿਆ।  ਕੈਬਨਿਟ ਮੰਤਰੀ ਨੇ ਦੱਸਿਆ ਕਿ ਨਵੇਂ ਡਿਜ਼ਾਈਨ ਅਨੁਸਾਰ ਚੌਕ ਵਿੱਚ ਆਵਾਜਾਈ ਸੁਚਾਰੂ ਢੰਗ ਨਾਲ ਚੱਲੇਗੀ। ਉਨ੍ਹਾਂ ਕਿਹਾ ਕਿ ਚੌਕ ’ਤੇ ਸੀਮਤ ਥਾਂ ਨੂੰ ਧਿਆਨ ਵਿੱਚ ਰੱਖਦਿਆਂ ਅਜਿਹਾ ਡਿਜ਼ਾਈਨ ਤਿਆਰ ਕੀਤਾ ਗਿਆ ਹੈ ਜਿਸ ਨਾਲ ਆਸ-ਪਾਸ ਦੇ ਦੁਕਾਨਦਾਰਾਂ ਅਤੇ ਵਸਨੀਕਾਂ ਦੀਆਂ ਇਮਾਰਤਾਂ ਨੂੰ ਬੇਲੋੜੀ ਤੋੜ-ਭੰਨ ਤੋਂ ਬਚਾਉਂਦਿਆਂ ਆਵਾਜਾਈ ਸੁਚਾਰੂ ਬਣਾਈ ਜਾ ਸਕੇ। ਸ਼੍ਰੀ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਦੀ ਸੰਭਾਲ ਦੇ ਨਾਲ-ਨਾਲ ਸ਼ਹਿਰੀ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਚੌਕ ਦੀ ਮੁੜ ਉਸਾਰੀ ਅਤੇ ਨਵੇਂ ਆਵਾਜਾਈ ਪ੍ਰਬੰਧਾਂ ਨਾਲ ਇਸ ਥਾਂ ’ਤੇ ਲੰਮੇ ਸਮੇਂ ਤੋਂ ਪੇਸ਼ ਆ ਰਹੀ ਜਾਮ ਦੀ ਸਮੱਸਿਆ ਤੋਂ ਰਾਹਤ ਮਿਲੇਗੀ। ਇਸ ਮੌਕੇ ਵੱਖ ਵੱਖ ਅਹੁਦੇਦਾਰ, ਪਤਵੰਤੇ ਅਤੇ ਵੱਡੀ ਗਿਣਤੀ ਸ਼ਹਿਰ ਵਾਸੀ ਹਾਜ਼ਰ ਸਨ।
RELATED ARTICLES
- Advertisment -
Google search engine
Google search engine
Google search engine

Most Popular

Recent Comments