ਸੁਨਾਮ, 02 ਅਕਤੂਬਰ, 2026 (ਗੁਰਮੀਤ ਸਿੰਘ ਤੁੰਗ) : ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਤਹਿਤ 02 ਅਕਤੂਬਰ 2026 ਨੂੰ ਸ਼ਹੀਦ ਊਧਮ ਸਿੰਘ ਕਾਲਜ, ਸੁਨਾਮ ਵਿਖੇ ਸ਼ਾਮ 6 ਤੋਂ 8 ਵਜੇ ਤੱਕ ਵਿਸ਼ੇਸ਼ ਡਰੋਨ ਸ਼ੋਅ ਕਰਵਾਇਆ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਐੱਸ.ਡੀ.ਐੱਮ. ਸੁਨਾਮ ਸ਼੍ਰੀ ਗਗਨਦੀਪ ਸਿੰਘ ਨੇ ਦੱਸਿਆ ਕਿ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਡਰੋਨ ਸ਼ੋਅ ਦੌਰਾਨ ਅੰਬਰ ’ਤੇ ਰੌਸ਼ਨ ਆਕ੍ਰਿਤੀਆਂ ਰਾਹੀਂ ਗੁਰੂ ਸਾਹਿਬ ਦੇ ਜੀਵਨ, ਬਾਣੀ ਅਤੇ ਸਰਬ-ਸਾਂਝੀਵਾਲਤਾ ਦੇ ਸੁਨੇਹੇ ਨੂੰ ਪੇਸ਼ ਕੀਤਾ ਜਾਵੇਗਾ।
ਆਧੁਨਿਕ ਤਕਨੀਕ ਅਤੇ ਅਧਿਆਤਮਿਕ ਵਿਰਾਸਤ ਦਾ ਇਹ ਸੁਮੇਲ ਵਿਸ਼ੇਸ਼ ਤੌਰ ’ਤੇ ਨਵੀਂ ਪੀੜ੍ਹੀ ਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨਾਲ ਜੋੜਨ ਦਾ ਮਾਧਿਅਮ ਬਣੇਗਾ। ਐੱਸ.ਡੀ.ਐਮ. ਨੇ ਕਿਹਾ ਕਿ ਗੁਰੂ ਸਾਹਿਬ ਦੀ ਬਾਣੀ ਮਨੁੱਖਤਾ ਨੂੰ ਬਰਾਬਰੀ, ਪਿਆਰ ਅਤੇ ਭਾਈਚਾਰੇ ਦਾ ਰਾਹ ਵਿਖਾਉਂਦੀ ਹੈ। ਉਨ੍ਹਾਂ ਸੁਨਾਮ ਅਤੇ ਆਲੇ-ਦੁਆਲੇ ਦੇ ਪਿੰਡਾਂ ਦੀ ਸੰਗਤ ਨੂੰ ਪਰਿਵਾਰਾਂ ਸਮੇਤ ਸਮਾਗਮ ਵਿੱਚ ਸ਼ਿਰਕਤ ਕਰਨ ਅਤੇ ਸਮੇਂ ਸਿਰ ਪੁੱਜਣ ਦੀ ਅਪੀਲ ਕੀਤੀ।
