ਸ੍ਰੀਹਰੀਕੋਟਾ, 31 ਅਕਤੂਬਰ, 2026 (ਚੌਧਰੀ ਪ੍ਰਭਜੀਤ ਸਿੰਘ ) : ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਦੇਸ਼ ਦੀ ਸਵਦੇਸ਼ੀ ਨੈਵੀਗੇਸ਼ਨ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਵੱਲ ਇੱਕ ਅਹਿਮ ਕਦਮ ਚੁੱਕਦਿਆਂ ਨੇਵੀਗੇਸ਼ਨ ਉਪਗ੍ਰਹਿ NVS-03 ਨੂੰ ਸਫ਼ਲਤਾਪੂਰਵਕ ਪੁਲਾੜ ਵਿੱਚ ਸਥਾਪਿਤ ਕਰ ਦਿੱਤਾ ਹੈ। ਇਸ ਉਪਗ੍ਰਹਿ ਨੂੰ ਸ਼ੁੱਕਰਵਾਰ ਰਾਤ 11:51 ਵਜੇ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਸਥਿਤ ਪੁਲਾੜ ਕੇਂਦਰ ਤੋਂ GSLV-F18 ਰਾਕੇਟ ਰਾਹੀਂ ਲਾਂਚ ਕੀਤਾ ਗਿਆ। ਲਾਂਚ ਤੋਂ ਕਰੀਬ 18 ਮਿੰਟ ਬਾਅਦ ਰਾਕੇਟ ਦੇ ਤਿੰਨੇ ਪੜਾਅ ਸਫ਼ਲਤਾਪੂਰਵਕ ਪੂਰੇ ਹੋਏ ਅਤੇ 2,232 ਕਿਲੋਗ੍ਰਾਮ ਵਜ਼ਨੀ NVS-03 ਉਪਗ੍ਰਹਿ ਰਾਕੇਟ ਤੋਂ ਵੱਖ ਹੋ ਕੇ ਆਪਣੇ ਨਿਰਧਾਰਤ ਪੰਧ ਵਿੱਚ ਪਹੁੰਚ ਗਿਆ। ਇਸ ਸਫ਼ਲਤਾ ਨਾਲ ਭਾਰਤ ਦੀ ਆਪਣੀ ਨੈਵੀਗੇਸ਼ਨ ਸਮਰੱਥਾ ਨੂੰ ਨਵੀਂ ਮਜ਼ਬੂਤੀ ਮਿਲਣ ਦੀ ਉਮੀਦ ਹੈ। NVS-03 ਉਪਗ੍ਰਹਿ ਨੈਵਿਕ (NavIC) ਪ੍ਰਣਾਲੀ ਦਾ ਹਿੱਸਾ ਹੈ। NavIC ਦਾ ਪੂਰਾ ਨਾਮ ‘Navigation with Indian Constellation’ ਹੈ। ਇਹ ਭਾਰਤ ਵੱਲੋਂ ਵਿਕਸਤ ਕੀਤੀ ਗਈ ਖੇਤਰੀ ਉਪਗ੍ਰਹਿ ਨੈਵੀਗੇਸ਼ਨ ਪ੍ਰਣਾਲੀ ਹੈ, ਜਿਸ ਦਾ ਮਕਸਦ ਦੇਸ਼ ਨੂੰ ਸਥਾਨ ਨਿਰਧਾਰਨ ਅਤੇ ਨੈਵੀਗੇਸ਼ਨ ਸੇਵਾਵਾਂ ਲਈ ਵਿਦੇਸ਼ੀ ਪ੍ਰਣਾਲੀਆਂ ਉੱਤੇ ਨਿਰਭਰਤਾ ਤੋਂ ਬਚਾਉਣਾ ਹੈ।
ਇਸ ਪ੍ਰਣਾਲੀ ਰਾਹੀਂ ਭਾਰਤ ਦੇ ਪੂਰੇ ਖੇਤਰ ਅਤੇ ਦੇਸ਼ ਦੀਆਂ ਸਰਹੱਦਾਂ ਤੋਂ ਲਗਭਗ 1,500 ਕਿਲੋਮੀਟਰ ਅੱਗੇ ਤੱਕ ਸਟੀਕ ਸਥਾਨ ਅਤੇ ਨੈਵੀਗੇਸ਼ਨ ਸੇਵਾਵਾਂ ਪ੍ਰਦਾਨ ਕਰਨ ਦਾ ਟੀਚਾ ਹੈ। ਇਹ ਸੇਵਾਵਾਂ ਆਮ ਨਾਗਰਿਕਾਂ ਦੇ ਨਾਲ-ਨਾਲ ਆਵਾਜਾਈ, ਸਮੁੰਦਰੀ ਅਤੇ ਹਵਾਈ ਖੇਤਰਾਂ ਅਤੇ ਰਣਨੀਤਕ ਤੇ ਸੁਰੱਖਿਆ ਸਬੰਧੀ ਲੋੜਾਂ ਲਈ ਵੀ ਮਹੱਤਵਪੂਰਨ ਹੋ ਸਕਦੀਆਂ ਹਨ। ਭਾਰਤ ਨੇ ਆਪਣੀ ਸੁਤੰਤਰ ਨੈਵੀਗੇਸ਼ਨ ਪ੍ਰਣਾਲੀ ਵਿਕਸਤ ਕਰਨ ਦੀ ਲੋੜ ਕਾਰਗਿਲ ਜੰਗ ਤੋਂ ਬਾਅਦ ਗੰਭੀਰਤਾ ਨਾਲ ਮਹਿਸੂਸ ਕੀਤੀ ਸੀ। 1999 ਦੀ ਜੰਗ ਦੌਰਾਨ ਭਾਰਤ ਨੇ ਫੌਜੀ ਉਦੇਸ਼ਾਂ ਲਈ ਅਮਰੀਕਾ ਤੋਂ GPS ਰਾਹੀਂ ਸਥਾਨ-ਸਬੰਧੀ ਜਾਣਕਾਰੀ ਮੰਗੀ ਸੀ, ਪਰ ਇਹ ਸਹਾਇਤਾ ਨਹੀਂ ਮਿਲੀ। ਇਸ ਤਜਰਬੇ ਨੇ ਦੇਸ਼ ਨੂੰ ਆਪਣੀ ਸਵਦੇਸ਼ੀ ਉਪਗ੍ਰਹਿ ਨੈਵੀਗੇਸ਼ਨ ਪ੍ਰਣਾਲੀ ਵਿਕਸਤ ਕਰਨ ਵੱਲ ਪ੍ਰੇਰਿਤ ਕੀਤਾ। NVS-03 ਦੀ ਸਫ਼ਲ ਸਥਾਪਨਾ ਨੂੰ ਇਸਰੋ ਦੇ ਨੈਵਿਕ ਮਿਸ਼ਨ ਅਤੇ ਭਾਰਤ ਦੀ ਪੁਲਾੜ ਤਕਨਾਲੋਜੀ ਵਿੱਚ ਆਤਮਨਿਰਭਰਤਾ ਵੱਲ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।






