ਲੁਧਿਆਣਾ, 4 ਨਵੰਬਰ 2026 (ਗੁਰਮੀਤ ਸਿੰਘ ਤੁੰਗ) : ਖੁਰਾਕ ਸੁਰੱਖਿਆ ਅਤੇ ਵਾਤਾਵਰਣ ਦੀ ਸਥਿਰਤਾ ਲਈ ਜੀਨੋਮ ਐਡਿਟਿੰਗ (GEFSES) ਵਿਸ਼ੇ ’ਤੇ ਚਾਰ ਰੋਜ਼ਾ ਅੰਤਰਰਾਸ਼ਟਰੀ ਸਿੰਪੋਜ਼ੀਅਮ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਸ਼ੁਰੂ ਹੋ ਗਿਆ। ਇਸ ਵਿੱਚ ਭਾਰਤ, ਕੈਨੇਡਾ ਅਤੇ ਜਰਮਨੀ ਦੇ ਵਿਗਿਆਨੀ, ਅਕਾਦਮਿਕ ਮਾਹਿਰ ਅਤੇ ਖੋਜਕਰਤਾ ਸ਼ਾਮਲ ਹੋ ਰਹੇ ਹਨ। ਸਿੰਪੋਜ਼ੀਅਮ ਦਾ ਉਦਘਾਟਨ ਕਰਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜੇ.ਪੀ.ਐੱਸ. ਗਿੱਲ ਨੇ ਜੀਈਐੱਫਐੱਸਈਐੱਸ (GEFSES) ਦੇ ਸਹਿਯੋਗੀ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ। ਇਹ ਪ੍ਰੋਗਰਾਮ ਕੈਨੇਡਾ ਦੀ NSERC-CREATE ਪਹਿਲਕਦਮੀ ਦੇ ਸਹਿਯੋਗ ਨਾਲ ਮੈਕਗਿੱਲ ਯੂਨੀਵਰਸਿਟੀ, ਯੂਨੀਵਰਸਿਟੀ ਆਫ ਸਸਕੈਚਵਨ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਦੇ ਭਾਈਵਾਲੀ ਨਾਲ ਚਲਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਪਿਛਲੇ ਛੇ ਸਾਲਾਂ ਦੌਰਾਨ ਇਸ ਪ੍ਰੋਗਰਾਮ ਨੇ ਗ੍ਰੈਜੂਏਟ ਕੋਰਸਾਂ, ਸੈਮੀਨਾਰਾਂ ਅਤੇ ਅੰਤਰਰਾਸ਼ਟਰੀ ਸਿਖਲਾਈ ਦੌਰਿਆਂ ਰਾਹੀਂ ਨੌਜਵਾਨ ਖੋਜਕਰਤਾਵਾਂ ਨੂੰ CRISPR-Cas9 ਤਕਨੀਕਾਂ ਦੀ ਉੱਨਤ ਸਿਖਲਾਈ ਪ੍ਰਦਾਨ ਕੀਤੀ ਹੈ। ਇਸ ਦੇ ਨਾਲ ਹੀ ਨੌਜਵਾਨ ਵਿਗਿਆਨੀਆਂ ਵਿੱਚ ਆਲੋਚਨਾਤਮਕ ਸੋਚ, ਸਮੱਸਿਆਵਾਂ ਦੇ ਹੱਲ, ਟੀਮ ਵਰਕ ਅਤੇ ਅਗਵਾਈ ਕਰਨ ਦੀ ਸਮਰੱਥਾ ਨੂੰ ਵੀ ਉਤਸ਼ਾਹਿਤ ਕੀਤਾ ਗਿਆ ਹੈ। ਉਨ੍ਹਾਂ ਖੇਤੀਬਾੜੀ, ਪਸ਼ੂ ਵਿਗਿਆਨ, ਖੁਰਾਕ ਸੁਰੱਖਿਆ ਅਤੇ ਵਾਤਾਵਰਣ ਦੀ ਸਥਿਰਤਾ ਨਾਲ ਜੁੜੀਆਂ ਚੁਣੌਤੀਆਂ ਦੇ ਹੱਲ ਲਈ ਬਹੁ-ਵਿਸ਼ਾ ਖੋਜ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਕਾਲਜ ਆਫ ਐਨੀਮਲ ਬਾਇਓਟੈਕਨਾਲੋਜੀ ਦੇ ਡੀਨ ਅਤੇ ਸਿੰਪੋਜ਼ੀਅਮ ਦੇ ਪ੍ਰਬੰਧਕੀ ਸਕੱਤਰ ਡਾ. ਆਰ.ਐੱਸ. ਸੇਠੀ ਨੇ ਦੱਸਿਆ ਕਿ ਇਸ ਸਿੰਪੋਜ਼ੀਅਮ ਵਿੱਚ ਜੀਨੋਮ ਐਡਿਟਿੰਗ, ਜੀਨੋਮਿਕਸ ਅਤੇ ਪਸ਼ੂ ਬਾਇਓਟੈਕਨਾਲੋਜੀ, ਖੇਤੀਬਾੜੀ ਅਤੇ ਇਸ ਨਾਲ ਸਬੰਧਤ ਖੇਤਰਾਂ ਵਿੱਚ ਇਨ੍ਹਾਂ ਤਕਨੀਕਾਂ ਦੀ ਵਰਤੋਂ ਬਾਰੇ ਨਵੇਂ ਵਿਕਾਸ ਅਤੇ ਖੋਜਾਂ ’ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਿੰਪੋਜ਼ੀਅਮ ਨੌਜਵਾਨ ਖੋਜਕਰਤਾਵਾਂ ਨੂੰ ਪ੍ਰਮੁੱਖ ਵਿਗਿਆਨੀਆਂ ਨਾਲ ਵਿਚਾਰ ਸਾਂਝੇ ਕਰਨ ਅਤੇ ਵਿਗਿਆਨਕ ਖੋਜਾਂ ਦੇ ਵਿਹਾਰਕ ਤੇ ਵਪਾਰਕ ਉਪਯੋਗ ਬਾਰੇ ਜਾਣਨ ਦਾ ਮੌਕਾ ਪ੍ਰਦਾਨ ਕਰੇਗਾ।
ਮੈਕਗਿੱਲ ਯੂਨੀਵਰਸਿਟੀ, ਕੈਨੇਡਾ ਦੇ ਜੀਈਐੱਫਐੱਸਈਐੱਸ (GEFSES) ਦੇ ਡਾਇਰੈਕਟਰ ਡਾ. ਜਸਵਿੰਦਰ ਸਿੰਘ ਨੇ ਇਸ ਪਹਿਲਕਦਮੀ ਦੇ ਵਿਕਾਸ ਬਾਰੇ ਜਾਣਕਾਰੀ ਦਿੰਦਿਆਂ ਸਹਿਯੋਗੀ ਸੰਸਥਾਵਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਆਨਲਾਈਨ ਸ਼ਾਮਲ ਹੋਏ ਯੂਨੀਵਰਸਿਟੀ ਆਫ ਸਸਕੈਚਵਨ ਦੇ ਵਾਈਸ ਪ੍ਰੈਜ਼ੀਡੈਂਟ (ਰਿਸਰਚ) ਡਾ. ਬਲਜੀਤ ਸਿੰਘ ਨੇ ਬਹੁ-ਵਿਸ਼ਾ ਖੋਜ ਅਤੇ ਪ੍ਰਯੋਗਸ਼ਾਲਾਵਾਂ ਵਿੱਚ ਹੋਣ ਵਾਲੀਆਂ ਖੋਜਾਂ ਨੂੰ ਵਿਹਾਰਕ ਹੱਲਾਂ ਵਿੱਚ ਤਬਦੀਲ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਪੀਏਯੂ ਦੇ ਡਾਇਰੈਕਟਰ ਰਿਸਰਚ ਡਾ. ਅਜਮੇਰ ਸਿੰਘ ਧੱਟ ਨੇ ਕਿਸਾਨਾਂ ਨੂੰ ਲਾਭ ਪਹੁੰਚਾਉਣ ਅਤੇ ਖੇਤਰੀ ਸਮੱਸਿਆਵਾਂ ਦੇ ਹੱਲ ਲਈ ਸਮੱਸਿਆ-ਕੇਂਦਰਿਤ ਖੋਜ ਦੀ ਲੋੜ ’ਤੇ ਚਾਨਣਾ ਪਾਇਆ।
ਸਿੰਪੋਜ਼ੀਅਮ ਦੇ ਮੁੱਖ ਸੈਸ਼ਨਾਂ ਦੌਰਾਨ ਵੱਖ-ਵੱਖ ਵਿਗਿਆਨੀਆਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਇੰਸਟੀਚਿਊਟ ਆਫ ਲਾਈਫ ਸਾਇੰਸਜ਼, ਭੁਵਨੇਸ਼ਵਰ ਦੇ ਡਾਇਰੈਕਟਰ ਡਾ. ਦੇਬਾਸਿਸ ਦਾਸ਼ ਨੇ ਸਮੁੰਦਰੀ ਬਾਇਓਟੈਕਨਾਲੋਜੀ ਬਾਰੇ ਜਾਣਕਾਰੀ ਦਿੱਤੀ। ਨੈਸ਼ਨਲ ਐਗਰੀ-ਫੂਡ ਬਾਇਓਟੈਕਨਾਲੋਜੀ ਇੰਸਟੀਚਿਊਟ, ਮੋਹਾਲੀ ਦੇ ਐਗਜ਼ੀਕਿਊਟਿਵ ਡਾਇਰੈਕਟਰ ਡਾ. ਅਸ਼ਵਨੀ ਪਰੀਕ ਨੇ ਖੇਤੀਬਾੜੀ ਵਿੱਚ ਜੀਨੋਮ ਐਡਿਟਿੰਗ ਦੀ ਵਰਤੋਂ ਬਾਰੇ ਚਰਚਾ ਕੀਤੀ। ਬੀਆਰਆਈਸੀ-ਨੈਸ਼ਨਲ ਇੰਸਟੀਚਿਊਟ ਆਫ ਪਲਾਂਟ ਜੀਨੋਮ ਰਿਸਰਚ, ਨਵੀਂ ਦਿੱਲੀ ਦੇ ਡਾਇਰੈਕਟਰ ਡਾ. ਮਨੋਜ ਪ੍ਰਸਾਦ ਨੇ ਪੌਦਿਆਂ ਦੇ ਜੀਨੋਮਿਕਸ, ਵਿਗਿਆਨਕ ਖੋਜਾਂ ਨੂੰ ਅਮਲੀ ਰੂਪ ਦੇਣ ਅਤੇ ਖੋਜਕਰਤਾਵਾਂ ਦੀ ਰਹਿਨੁਮਾਈ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਨੈਸ਼ਨਲ ਇੰਸਟੀਚਿਊਟ ਆਫ ਐਨੀਮਲ ਬਾਇਓਟੈਕਨਾਲੋਜੀ, ਹੈਦਰਾਬਾਦ ਦੇ ਡਾਇਰੈਕਟਰ ਡਾ. ਰਵੀ ਕੁਮਾਰ ਗੰਧਮ ਨੇ ਭਾਰਤੀ ਜ਼ੇਬੂ ਗਊਆਂ ਦੇ ਸੁਧਾਰ ਅਤੇ ਟਿਕਾਊ ਪਸ਼ੂ ਪਾਲਣ ਵਿੱਚ ਜੀਨੋਮਿਕਸ ਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ।
