ਮੋਚੀ (ਚੀਨ), 8 ਸਤੰਬਰ, 2026 (ਅਰਸ਼ਦੀਪ ਸਿੰਘ) : ਜੂਨੀਅਰ ਪੁਰਸ਼ ਹਾਕੀ ਏਸ਼ੀਆ ਕੱਪ ਵਿੱਚ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੱਖਣੀ ਕੋਰੀਆ ਨੂੰ 7-3 ਦੇ ਵੱਡੇ ਫਰਕ ਨਾਲ ਹਰਾ ਦਿੱਤਾ। ਕਪਤਾਨ ਅਨਮੋਲ ਏੱਕਾ ਨੇ ਦੋ ਗੋਲ ਕਰਕੇ ਟੀਮ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ। ਇਸ ਜਿੱਤ ਨਾਲ ਮੌਜੂਦਾ ਚੈਂਪੀਅਨ ਭਾਰਤ ਸੈਮੀਫਾਈਨਲ ਵਿੱਚ ਜਗ੍ਹਾ ਬਣਾਉਣ ਦੇ ਬੇਹੱਦ ਨੇੜੇ ਪਹੁੰਚ ਗਿਆ ਹੈ। ਮੁਕਾਬਲੇ ਦੇ ਪਹਿਲੇ ਤਿੰਨ ਕੁਆਰਟਰਾਂ ਦੌਰਾਨ ਦੋਵੇਂ ਟੀਮਾਂ ਵਿਚਾਲੇ ਸਖ਼ਤ ਟੱਕਰ ਦੇਖਣ ਨੂੰ ਮਿਲੀ। ਦੱਖਣੀ ਕੋਰੀਆ ਨੇ ਭਾਰਤ ਨੂੰ ਲਗਾਤਾਰ ਚੁਣੌਤੀ ਦਿੱਤੀ ਅਤੇ ਕਈ ਵਾਰ ਸਕੋਰ ਬਰਾਬਰ ਕੀਤਾ। ਹਾਲਾਂਕਿ ਆਖਰੀ ਕੁਆਰਟਰ ਵਿੱਚ ਭਾਰਤੀ ਖਿਡਾਰੀਆਂ ਨੇ ਖੇਡ ਦੀ ਰਫ਼ਤਾਰ ਤੇਜ਼ ਕਰਦਿਆਂ ਲਗਾਤਾਰ ਤਿੰਨ ਗੋਲ ਕਰਕੇ ਮੈਚ ਪੂਰੀ ਤਰ੍ਹਾਂ ਆਪਣੇ ਕਬਜ਼ੇ ਵਿੱਚ ਕਰ ਲਿਆ। ਭਾਰਤ ਨੇ ਮੁਕਾਬਲੇ ਦੀ ਸ਼ੁਰੂਆਤ ਹੀ ਹਮਲਾਵਰ ਅੰਦਾਜ਼ ਵਿੱਚ ਕੀਤੀ। ਪੰਜਵੇਂ ਮਿੰਟ ਵਿੱਚ ਅਨਮੋਲ ਏੱਕਾ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਭਾਰਤ ਨੂੰ 1-0 ਦੀ ਬੜ੍ਹਤ ਦਿਵਾਈ। ਇਸ ਤੋਂ ਥੋੜ੍ਹੀ ਦੇਰ ਬਾਅਦ ਦੱਖਣੀ ਕੋਰੀਆ ਦੇ ਦੋਹਿਯੋਨ ਚੋਈ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 1-1 ਕਰ ਦਿੱਤਾ।
ਦੂਜੇ ਕੁਆਰਟਰ ਵਿੱਚ ਲੋਵਨੂਰ ਸਿੰਘ ਨੇ 18ਵੇਂ ਮਿੰਟ ਵਿੱਚ ਫੀਲਡ ਗੋਲ ਕਰਕੇ ਭਾਰਤ ਨੂੰ ਮੁੜ ਅੱਗੇ ਕਰ ਦਿੱਤਾ। ਪਰ ਦੱਖਣੀ ਕੋਰੀਆ ਨੇ ਇੱਕ ਮਿੰਟ ਦੇ ਅੰਦਰ ਹੀ ਹਿਓਗੁਕ ਯੂ ਦੇ ਪੈਨਲਟੀ ਕਾਰਨਰ ਗੋਲ ਨਾਲ ਬਰਾਬਰੀ ਕਰ ਲਈ। ਇਸ ਤੋਂ ਬਾਅਦ 20ਵੇਂ ਮਿੰਟ ਵਿੱਚ ਅਜੀਤ ਯਾਦਵ ਨੇ ਗੋਲ ਕਰਕੇ ਭਾਰਤ ਨੂੰ ਹਾਫ਼ ਟਾਈਮ ਤੱਕ 3-2 ਦੀ ਲੀਡ ਦਿਵਾਈ। ਤੀਜੇ ਕੁਆਰਟਰ ਵਿੱਚ ਵੀ ਦੱਖਣੀ ਕੋਰੀਆ ਨੇ ਜ਼ੋਰਦਾਰ ਵਾਪਸੀ ਕੀਤੀ। ਹਿਓਗੁਕ ਯੂ ਨੇ ਆਪਣਾ ਦੂਜਾ ਗੋਲ ਕਰਦਿਆਂ 36ਵੇਂ ਮਿੰਟ ਵਿੱਚ ਸਕੋਰ 3-3 ਨਾਲ ਬਰਾਬਰ ਕਰ ਦਿੱਤਾ। ਇਸ ਤੋਂ ਬਾਅਦ ਭਾਰਤ ਨੇ ਖੇਡ ’ਤੇ ਪਕੜ ਬਣਾਉਣੀ ਸ਼ੁਰੂ ਕੀਤੀ ਅਤੇ 42ਵੇਂ ਮਿੰਟ ਵਿੱਚ ਪ੍ਰਭਦੀਪ ਸਿੰਘ ਨੇ ਗੋਲ ਕਰਕੇ ਟੀਮ ਨੂੰ 4-3 ਨਾਲ ਅੱਗੇ ਕਰ ਦਿੱਤਾ।
ਆਖਰੀ ਕੁਆਰਟਰ ਵਿੱਚ ਭਾਰਤੀ ਟੀਮ ਨੇ ਸ਼ਾਨਦਾਰ ਹਮਲਾਵਰ ਖੇਡ ਦਿਖਾਈ। 55ਵੇਂ ਮਿੰਟ ਵਿੱਚ ਗੁਰਸੇਵਕ ਸਿੰਘ ਨੇ ਗੋਲ ਕਰਕੇ ਭਾਰਤ ਦੀ ਬੜ੍ਹਤ 5-3 ਕਰ ਦਿੱਤੀ। ਇਸ ਤੋਂ ਸਿਰਫ਼ ਇੱਕ ਮਿੰਟ ਬਾਅਦ ਅਨਮੋਲ ਏੱਕਾ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਆਪਣਾ ਦੂਜਾ ਅਤੇ ਭਾਰਤ ਦਾ ਛੇਵਾਂ ਗੋਲ ਕੀਤਾ। 58ਵੇਂ ਮਿੰਟ ਵਿੱਚ ਆਰੀਅਨ ਜ਼ੈਸ ਨੇ ਗੋਲ ਕਰਕੇ ਭਾਰਤ ਦੀ 7-3 ਦੀ ਜਿੱਤ ’ਤੇ ਮੋਹਰ ਲਗਾ ਦਿੱਤੀ। ਇਸ ਜਿੱਤ ਨਾਲ ਭਾਰਤ ਨੇ ਤਿੰਨ ਮੈਚਾਂ ਵਿੱਚ ਸੱਤ ਅੰਕ ਹਾਸਲ ਕਰ ਲਏ ਹਨ। ਟੀਮ ਨੇ ਦੋ ਮੈਚ ਜਿੱਤੇ ਹਨ ਅਤੇ ਇੱਕ ਮੁਕਾਬਲਾ ਡਰਾਅ ਰਿਹਾ ਹੈ। ਅਨਮੋਲ ਏੱਕਾ ਨੇ ਇਸ ਟੂਰਨਾਮੈਂਟ ਵਿੱਚ ਹੁਣ ਤੱਕ ਅੱਠ ਗੋਲ ਕਰ ਲਏ ਹਨ ਅਤੇ ਉਹ ਭਾਰਤ ਲਈ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਬਣੇ ਹੋਏ ਹਨ। ਭਾਰਤ ਹੁਣ ਬੁੱਧਵਾਰ ਨੂੰ ਆਪਣੇ ਪੂਲ ਦੇ ਆਖਰੀ ਮੁਕਾਬਲੇ ਵਿੱਚ ਚੀਨੀ ਤਾਈਪੇਈ ਦਾ ਸਾਹਮਣਾ ਕਰੇਗਾ। ਇਸ ਮੈਚ ਵਿੱਚ ਜਿੱਤ ਦਰਜ ਕਰਦੇ ਹੀ ਭਾਰਤੀ ਟੀਮ ਸੈਮੀਫਾਈਨਲ ਲਈ ਆਪਣੀ ਜਗ੍ਹਾ ਪੱਕੀ ਕਰ ਲਵੇਗੀ। ਦੂਜੇ ਪਾਸੇ ਦੱਖਣੀ ਕੋਰੀਆ ਦੇ ਛੇ ਅੰਕ ਹਨ ਅਤੇ ਉਸ ਦਾ ਆਖਰੀ ਪੂਲ ਮੈਚ ਜਾਪਾਨ ਨਾਲ ਹੋਣਾ ਹੈ।







