ਨਵੀਂ ਦਿੱਲੀ, 5 ਅਕਤੂਬਰ 2026 (ਜਗਜੀਤ ਸਿੰਘ): ਟਾਟਾ ਸੰਸ ਦੇ ਚੇਅਰਮੈਨ ਐਨ. ਚੰਦਰਸ਼ੇਖਰਨ ਨੇ ਕਿਹਾ ਹੈ ਕਿ ਦੁਨੀਆ ਭਰ ਵਿੱਚ ਜਾਰੀ ਅਨਿਸ਼ਚਿਤਤਾ ਅਤੇ ਚੁਣੌਤੀਪੂਰਨ ਆਰਥਿਕ ਮਾਹੌਲ ਦੇ ਬਾਵਜੂਦ ਭਾਰਤ ਦੀ ਅਰਥਵਿਵਸਥਾ ਮਜ਼ਬੂਤ ਅਤੇ ਸਥਿਰ ਬਣੀ ਹੋਈ ਹੈ। ਉਨ੍ਹਾਂ ਮੁਤਾਬਕ ਦੇਸ਼ ਦੇ ਕਈ ਮਹੱਤਵਪੂਰਨ ਆਰਥਿਕ ਸੂਚਕ ਲਗਾਤਾਰ ਮਜ਼ਬੂਤੀ ਵੱਲ ਇਸ਼ਾਰਾ ਕਰ ਰਹੇ ਹਨ। ਇੰਡੀਅਨ ਫਾਊਂਡੇਸ਼ਨ ਫਾਰ ਕੁਆਲਿਟੀ ਮੈਨੇਜਮੈਂਟ (IFQM) ਸਿੰਪੋਜ਼ੀਅਮ 2026 ਨੂੰ ਸੰਬੋਧਨ ਕਰਦਿਆਂ ਚੰਦਰਸ਼ੇਖਰਨ ਨੇ ਕਿਹਾ ਕਿ ਲੰਬੇ ਸਮੇਂ ਤੱਕ ਆਰਥਿਕ ਵਿਕਾਸ ਦੀ ਰਫ਼ਤਾਰ ਕਾਇਮ ਰੱਖਣ ਲਈ ਊਰਜਾ ਸੁਰੱਖਿਆ, ਆਧੁਨਿਕ ਅਤੇ ਉੱਚ-ਪੱਧਰੀ ਮੈਨੂਫੈਕਚਰਿੰਗ ਰੁਜ਼ਗਾਰ ਅਤੇ ਮਨੁੱਖੀ ਪੂੰਜੀ ਵਿੱਚ ਨਿਵੇਸ਼ ਬੇਹੱਦ ਜ਼ਰੂਰੀ ਹਨ।
ਉਨ੍ਹਾਂ ਕਿਹਾ ਕਿ ‘ਵਿਕਸਿਤ ਭਾਰਤ 2047’ ਦਾ ਟੀਚਾ ਹੁਣ ਦੇਸ਼ ਦੇ ਵਿਕਾਸ ਦੇ ਕਈ ਖੇਤਰਾਂ ਨਾਲ ਜੁੜ ਚੁੱਕਾ ਹੈ। ਇਸ ਟੀਚੇ ਨੂੰ ਹਾਸਲ ਕਰਨ ਲਈ ਸਮਾਵੇਸ਼ੀ ਅਤੇ ਟਿਕਾਊ ਵਿਕਾਸ ਦੇ ਨਾਲ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ, ਮਜ਼ਬੂਤ ਸੰਸਥਾਵਾਂ ਅਤੇ ਬੌਧਿਕ ਸੰਪਦਾ ਨੂੰ ਤਰਜੀਹ ਦੇਣੀ ਹੋਵੇਗੀ। ਚੰਦਰਸ਼ੇਖਰਨ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਭਾਰਤੀ ਅਰਥਵਿਵਸਥਾ ਨੇ ਕਈ ਵਾਰ ਉਮੀਦਾਂ ਤੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਦੇ ਅਨੁਸਾਰ ਮਜ਼ਬੂਤ ਘਰੇਲੂ ਮੰਗ, ਸੇਵਾਵਾਂ ਦੀ ਬਰਾਮਦ ਅਤੇ ਸਰਕਾਰ ਵੱਲੋਂ ਬਣਾਇਆ ਗਿਆ ਨੀਤੀ ਮਾਹੌਲ ਇਸ ਦੇ ਮੁੱਖ ਕਾਰਨਾਂ ਵਿੱਚ ਸ਼ਾਮਲ ਹਨ। ਆਟੋਮੋਬਾਈਲ ਵਿਕਰੀ, ਕਰਜ਼ੇ, ਬਿਜਲੀ ਅਤੇ ਸੀਮੈਂਟ ਦੀ ਮੰਗ ਵਿੱਚ ਵਾਧੇ ਨੂੰ ਵੀ ਉਨ੍ਹਾਂ ਨੇ ਆਰਥਿਕ ਗਤੀਵਿਧੀਆਂ ਦੀ ਮਜ਼ਬੂਤੀ ਦਾ ਸੰਕੇਤ ਦੱਸਿਆ। ਉਨ੍ਹਾਂ ਨੇ ਭਾਰਤ ਦੀ ਆਰਥਿਕ ਸਥਿਰਤਾ ਨੂੰ ਦਰਸਾਉਣ ਵਾਲੇ ਕਈ ਪੈਰਾਮੀਟਰਾਂ ਦਾ ਜ਼ਿਕਰ ਕੀਤਾ। ਇਨ੍ਹਾਂ ਵਿੱਚ ਜੀਡੀਪੀ ਦੇ ਇੱਕ ਫੀਸਦੀ ਤੋਂ ਹੇਠਾਂ ਰਹਿੰਦਾ ਕਰੰਟ ਅਕਾਊਂਟ ਘਾਟਾ, ਜੀਡੀਪੀ ਦੇ ਲਗਭਗ 11 ਫੀਸਦੀ ਦੇ ਬਰਾਬਰ ਸੇਵਾਵਾਂ ਦੀ ਬਰਾਮਦ, ਮਜ਼ਬੂਤ ਵਿਦੇਸ਼ੀ ਮੁਦਰਾ ਭੰਡਾਰ ਅਤੇ ਬੈਂਕਾਂ ਦੇ ਸਿਹਤਮੰਦ ਐਨਪੀਏ ਪੱਧਰ ਸ਼ਾਮਲ ਹਨ।
ਗੁਣਵੱਤਾ ਦੇ ਮਹੱਤਵ ਬਾਰੇ ਗੱਲ ਕਰਦਿਆਂ ਟਾਟਾ ਸੰਸ ਦੇ ਚੇਅਰਮੈਨ ਨੇ ਜਾਪਾਨ ਦੀ ਟੋਯੋਟਾ ਕੰਪਨੀ ਦੀ ਉਦਾਹਰਨ ਦਿੱਤੀ। ਉਨ੍ਹਾਂ ਕਿਹਾ ਕਿ ਟੋਯੋਟਾ ਨੇ ਗੁਣਵੱਤਾ ਨੂੰ ਸਿਰਫ਼ ਅੰਤਿਮ ਨਤੀਜੇ ਵਜੋਂ ਨਹੀਂ ਦੇਖਿਆ, ਸਗੋਂ ਇਸ ਨੂੰ ਨਵੀਨਤਾ, ਉਤਪਾਦਕਤਾ ਅਤੇ ਮੁਕਾਬਲੇਬਾਜ਼ੀ ਨੂੰ ਵਧਾਉਣ ਦੇ ਸਾਧਨ ਵਜੋਂ ਵਰਤਿਆ। ਉਨ੍ਹਾਂ ਕਿਹਾ ਕਿ ਭਾਰਤ ਨੂੰ ਵੀ ਉਤਪਾਦ ਇੰਜੀਨੀਅਰਿੰਗ, ਮਿਆਰਾਂ, ਸ਼ੁੱਧਤਾ ਅਤੇ ਸਪਲਾਇਰਾਂ ਤੇ ਛੋਟੇ-ਦਰਮਿਆਨੇ ਉਦਯੋਗਾਂ ਦੇ ਮਜ਼ਬੂਤ ਈਕੋਸਿਸਟਮ ’ਤੇ ਧਿਆਨ ਕੇਂਦਰਿਤ ਕਰਕੇ ਇਸੇ ਤਰ੍ਹਾਂ ਦੀ ਤਬਦੀਲੀ ਵੱਲ ਵਧਣਾ ਚਾਹੀਦਾ ਹੈ। ਚੰਦਰਸ਼ੇਖਰਨ ਨੇ ਭਾਰਤੀ ਨਿਰਮਾਤਾਵਾਂ ਨੂੰ ਗੁਣਵੱਤਾ ਦੇ ਨਾਲ ਟਿਕਾਊ ਮੈਨੂਫੈਕਚਰਿੰਗ ਪ੍ਰਕਿਰਿਆਵਾਂ ਨੂੰ ਵੀ ਅਪਣਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਵੱਡੀਆਂ ਕੰਪਨੀਆਂ ਦੇ ਨਾਲ-ਨਾਲ ਮੱਧਮ ਪੱਧਰ ਦੇ ਉਦਯੋਗਾਂ ਵਿੱਚੋਂ ਵੀ ਮਜ਼ਬੂਤ ਨੇਤ੍ਰਿਤਵ ਅਤੇ ਮਾਹਿਰਾਂ ਦੀ ਨਵੀਂ ਪੀੜ੍ਹੀ ਤਿਆਰ ਹੋਣੀ ਚਾਹੀਦੀ ਹੈ, ਜੋ ਭਾਰਤ ਦੀ ਮੈਨੂਫੈਕਚਰਿੰਗ ਸਮਰੱਥਾ ਨੂੰ ਵਿਸ਼ਵ ਪੱਧਰ ’ਤੇ ਹੋਰ ਮਜ਼ਬੂਤ ਕਰ ਸਕੇ।







