ਚੰਡੀਗੜ੍ਹ, 26 ਸਤੰਬਰ, 2026 (ਹਰਸ਼ਲੀਨ ਸਿੰਘ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਏਸ਼ੀਆਈ ਖੇਡਾਂ-2026 ਵਿੱਚ ਸੋਨੇ ਦਾ ਤਮਗਾ ਜਿੱਤਣ ਵਾਲੀ ਭਾਰਤੀ ਮਹਿਲਾ ਕਬੱਡੀ ਟੀਮ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੇਸ਼ ਦਾ ਮਾਣ ਵਧਾਇਆ ਹੈ ਅਤੇ ਉਨ੍ਹਾਂ ਦੀ ਇਸ ਉਪਲਬਧੀ ’ਤੇ ਪੂਰੇ ਦੇਸ਼ ਨੂੰ ਮਾਣ ਹੈ।
ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ’ਤੇ ਸਾਂਝੇ ਕੀਤੇ ਸੰਦੇਸ਼ ਵਿੱਚ ਭਾਰਤੀ ਮਹਿਲਾ ਕਬੱਡੀ ਟੀਮ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਈਰਾਨ ਨੂੰ ਹਰਾ ਕੇ ਸੋਨੇ ਦਾ ਤਮਗਾ ਜਿੱਤਣਾ ਖਿਡਾਰੀਆਂ ਦੀ ਮਿਹਨਤ, ਲਗਨ ਅਤੇ ਖੇਡ ਪ੍ਰਤਿਭਾ ਦਾ ਨਤੀਜਾ ਹੈ। ਉਨ੍ਹਾਂ ਨੇ ਸਾਰੇ ਖਿਡਾਰੀਆਂ ਦੇ ਉਜਵਲ ਭਵਿੱਖ ਦੀ ਕਾਮਨਾ ਵੀ ਕੀਤੀ।
ਫਾਈਨਲ ਵਿੱਚ ਈਰਾਨ ਨੂੰ ਦਿੱਤੀ ਸਖ਼ਤ ਟੱਕਰ
ਭਾਰਤੀ ਮਹਿਲਾ ਕਬੱਡੀ ਟੀਮ ਨੇ ਸ਼ਨੀਵਾਰ ਨੂੰ ਏਸ਼ੀਆਈ ਖੇਡਾਂ ਦੇ ਫਾਈਨਲ ਮੁਕਾਬਲੇ ਵਿੱਚ ਈਰਾਨ ਨੂੰ 37-34 ਨਾਲ ਹਰਾ ਕੇ ਸੋਨੇ ਦਾ ਤਮਗਾ ਆਪਣੇ ਨਾਮ ਕੀਤਾ। ਮੁਕਾਬਲੇ ਦੀ ਸ਼ੁਰੂਆਤ ਤੋਂ ਹੀ ਦੋਵਾਂ ਟੀਮਾਂ ਵਿਚਕਾਰ ਸਖ਼ਤ ਟੱਕਰ ਦੇਖਣ ਨੂੰ ਮਿਲੀ। ਆਖ਼ਰੀ ਪਲਾਂ ਤੱਕ ਈਰਾਨ ਨੇ ਵਾਪਸੀ ਦੀ ਕੋਸ਼ਿਸ਼ ਜਾਰੀ ਰੱਖੀ, ਪਰ ਭਾਰਤੀ ਖਿਡਾਰੀਆਂ ਨੇ ਦਬਾਅ ਦੇ ਬਾਵਜੂਦ ਸ਼ਾਨਦਾਰ ਖੇਡ ਦਿਖਾਉਂਦਿਆਂ ਤਿੰਨ ਅੰਕਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ।
ਇਸ ਜਿੱਤ ਨਾਲ ਭਾਰਤ ਨੇ ਏਸ਼ੀਆਈ ਖੇਡਾਂ ਵਿੱਚ ਮਹਿਲਾ ਕਬੱਡੀ ਦਾ ਸੋਨੇ ਦਾ ਤਮਗਾ ਮੁੜ ਆਪਣੇ ਨਾਮ ਕਰ ਲਿਆ।
ਸੈਮੀਫਾਈਨਲ ਵਿੱਚ ਨੇਪਾਲ ਨੂੰ 48-24 ਨਾਲ ਹਰਾਇਆ
ਫਾਈਨਲ ਤੋਂ ਪਹਿਲਾਂ ਭਾਰਤੀ ਟੀਮ ਨੇ ਸੈਮੀਫਾਈਨਲ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਭਾਰਤ ਨੇ ਨੇਪਾਲ ਨੂੰ 48-24 ਨਾਲ ਮਾਤ ਦੇ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਸੈਮੀਫਾਈਨਲ ਦੇ ਪਹਿਲੇ ਹਾਫ਼ ਵਿੱਚ ਭਾਰਤੀ ਟੀਮ ਨੇ 31-17 ਦੀ ਬੜ੍ਹਤ ਬਣਾਈ ਸੀ ਅਤੇ ਦੂਜੇ ਹਾਫ਼ ਵਿੱਚ ਵੀ ਆਪਣਾ ਦਬਦਬਾ ਕਾਇਮ ਰੱਖਿਆ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭਾਰਤੀ ਮਹਿਲਾ ਖਿਡਾਰੀਆਂ ਦੀ ਇਹ ਉਪਲਬਧੀ ਦੇਸ਼ ਦੇ ਨੌਜਵਾਨਾਂ ਅਤੇ ਖੇਡ ਜਗਤ ਨਾਲ ਜੁੜੇ ਖਿਡਾਰੀਆਂ ਲਈ ਪ੍ਰੇਰਣਾ ਦਾ ਸਰੋਤ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀਆਂ ਧੀਆਂ ਨੇ ਆਪਣੀ ਮਿਹਨਤ ਅਤੇ ਪ੍ਰਤਿਭਾ ਦੇ ਦਮ ’ਤੇ ਅੰਤਰਰਾਸ਼ਟਰੀ ਪੱਧਰ ’ਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ।







