Home ਪੰਜਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਸ. ਮਨਮੀਤ ਸਿੰਘ ਭੁੱਲਰ ਯਾਦਗਾਰੀ...

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਸ. ਮਨਮੀਤ ਸਿੰਘ ਭੁੱਲਰ ਯਾਦਗਾਰੀ ਸਾਲਾਨਾ ਵਾਰ ਅਤੇ ਕਵੀਸ਼ਰੀ ਲੈਕਚਰ ਲੜੀ ਦਾ ਉਦਘਾਟਨੀ ਸਮਾਗਮ

Sri Guru Granth Sahib World University inaugurates the S. Manmeet Singh Bhullar Memorial Annual ‘Vaar’ and ‘Kavishri’ Lecture Series to promote Sikh heritage, Punjabi literature, and traditional poetic and musical expression.

0

ਫਤਿਹਗੜ੍ਹ ਸਾਹਿਬ, 17 ਅਕਤੂਬਰ, 2026 (ਗੁਰਮੀਤ ਸਿੰਘ ਤੁੰਗ) : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਦੇ ਸੰਗੀਤ ਵਿਭਾਗ (ਵੋਕਲ) ਵੱਲੋਂ ਸਿੱਖ ਸੰਗੀਤਕ ਪਰੰਪਰਾਵਾਂ ਦੀ ਅਮੀਰ ਵਿਰਾਸਤ ਨੂੰ ਸੰਭਾਲਣ, ਪ੍ਰਫੁੱਲਿਤ ਕਰਨ ਅਤੇ ਨੌਜਵਾਨ ਪੀੜ੍ਹੀ ਨੂੰ ਆਪਣੇ ਸੱਭਿਆਚਾਰਕ ਵਿਰਸੇ ਨਾਲ ਜੋੜਨ ਦੇ ਉਦੇਸ਼ ਨਾਲ ਸ. ਮਨਮੀਤ ਸਿੰਘ ਭੁੱਲਰ ਯਾਦਗਾਰੀ ਸਾਲਾਨਾ ਵਾਰ ਅਤੇ ਕਵੀਸ਼ਰੀ ਲੈਕਚਰ ਲੜੀ ਦਾ ਉਦਘਾਟਨੀ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਪਰਿਤ ਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਇਆ। ਇਸ ਲੈਕਚਰ ਲੜੀ ਦਾ ਮੁੱਖ ਉਦੇਸ਼ ਵਾਰ ਅਤੇ ਕਵੀਸ਼ਰੀ ਦੀਆਂ ਅਮੀਰ ਪਰੰਪਰਾਵਾਂ ਨੂੰ ਉਤਸ਼ਾਹਿਤ ਕਰਨਾ ਅਤੇ ਵਿਦਿਆਰਥੀਆਂ ਨੂੰ ਸਿੱਖ ਸੰਗੀਤ ਤੇ ਪੰਜਾਬੀ ਸੱਭਿਆਚਾਰਕ ਵਿਰਾਸਤ ਨਾਲ ਜੋੜਨਾ ਹੈ। ਸਮਾਗਮ ਦੇ ਆਰੰਭ ਵਿੱਚ ਵਾਈਸ ਚਾਂਸਲਰ ਪ੍ਰੋ. (ਡਾ.) ਪਰਿਤ ਪਾਲ ਸਿੰਘ ਨੇ ਇਸ ਵਿਸ਼ੇਸ਼ ਲੈਕਚਰ ਲੜੀ ਦੀ ਸ਼ੁਰੂਆਤ ਲਈ ਸੰਗੀਤ ਵਿਭਾਗ ਦੀ ਸ਼ਲਾਘਾ ਕੀਤੀ। ਉਨ੍ਹਾਂ ਆਸ ਪ੍ਰਗਟਾਈ ਕਿ ਵਾਰ ਅਤੇ ਕਵੀਸ਼ਰੀ, ਜੋ ਗੁਰਮਤਿ ਪਰੰਪਰਾ ਦੇ ਅਨਿੱਖੜਵੇਂ ਅੰਗ ਹਨ, ਨੂੰ ਅਕਾਦਮਿਕ ਜਗਤ ਵਿੱਚ ਉਨ੍ਹਾਂ ਦਾ ਬਣਦਾ ਸਥਾਨ ਦਿਵਾਉਣ ਲਈ ਯੂਨੀਵਰਸਿਟੀ ਮਹੱਤਵਪੂਰਨ ਯੋਗਦਾਨ ਪਾਵੇਗੀ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਸ਼ੁਰੂ ਕੀਤੀ ਗਈ ਇਹ ਲੈਕਚਰ ਲੜੀ ਇਨ੍ਹਾਂ ਕਲਾਵਾਂ ਦੇ ਅਧਿਐਨ, ਸੰਭਾਲ ਅਤੇ ਪ੍ਰਚਾਰ-ਪ੍ਰਸਾਰ ਵੱਲ ਇੱਕ ਮਹੱਤਵਪੂਰਨ ਉਪਰਾਲਾ ਸਾਬਤ ਹੋਵੇਗੀ।

ਸਮਾਗਮ ਵਿੱਚ ਕੈਨੇਡਾ ਦੇ ਕੈਲਗਰੀ, ਅਲਬਰਟਾ ਤੋਂ ਸ. ਬਲਜਿੰਦਰ ਸਿੰਘ ਭੁੱਲਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸਮਾਗਮ ਦੇ ਆਯੋਜਨ ਲਈ ਵਿਸ਼ੇਸ਼ ਸਹਿਯੋਗ ਦਿੱਤਾ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਸ. ਮਨਮੀਤ ਸਿੰਘ ਭੁੱਲਰ ਵੱਲੋਂ ਕੀਤੇ ਸਮਾਜ ਭਲਾਈ ਦੇ ਕਾਰਜਾਂ ਦਾ ਜ਼ਿਕਰ ਕਰਦਿਆਂ ਵਿਦਿਆਰਥੀਆਂ ਨੂੰ ਗੁਰਮਤਿ ਅਨੁਸਾਰ ਜੀਵਨ ਜਿਊਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਭਵਿੱਖ ਵਿੱਚ ਵੀ ਯੂਨੀਵਰਸਿਟੀ ਨਾਲ ਜੁੜ ਕੇ ਇਸ ਖੇਤਰ ਵਿੱਚ ਆਪਣਾ ਯੋਗਦਾਨ ਪਾਉਣ ਲਈ ਤਤਪਰ ਰਹਿਣਗੇ। ਲੈਕਚਰ ਲੜੀ ਦੀ ਸ਼ੁਰੂਆਤ ਲਈ ਵਿਸ਼ੇਸ਼ ਸਹਿਯੋਗ ਦੇਣ ਵਾਸਤੇ ਯੂਨੀਵਰਸਿਟੀ ਅਤੇ ਸੰਗੀਤ ਵਿਭਾਗ ਵੱਲੋਂ ਸ. ਬਲਜਿੰਦਰ ਸਿੰਘ ਭੁੱਲਰ ਨੂੰ ਸਨਮਾਨਿਤ ਕਰਕੇ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਗੁਰਮਤਿ ਸੰਗੀਤ ਵਿਭਾਗ ਦੇ ਸਾਬਕਾ ਪ੍ਰੋਫੈਸਰ ਅਤੇ ਡੀਨ ਪ੍ਰੋ. (ਡਾ.) ਗੁਰਨਾਮ ਸਿੰਘ ਮੁੱਖ ਵਕਤਾ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਆਪਣੇ ਭਾਸ਼ਣ ਦੌਰਾਨ ਵਾਰ ਅਤੇ ਕਵੀਸ਼ਰੀ ਦੀ ਇਤਿਹਾਸਕ, ਸਾਹਿਤਕ ਅਤੇ ਸੰਗੀਤਕ ਮਹੱਤਤਾ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਵਾਰ ਅਤੇ ਕਵੀਸ਼ਰੀ ਦਾ ਸਿੱਖ ਵਿਰਸੇ, ਪਰੰਪਰਾ, ਇਤਿਹਾਸ ਅਤੇ ਗੁਰਬਾਣੀ ਨਾਲ ਡੂੰਘਾ ਸਬੰਧ ਹੈ। ਉਨ੍ਹਾਂ ਕਿਹਾ ਕਿ ਗੁਰਮਤਿ ਵਾਰ ਅਤੇ ਕਵੀਸ਼ਰੀ ਅਧਿਆਤਮਕ ਅਤੇ ਲੌਕਿਕ ਸਰੋਕਾਰਾਂ, ਦੋਵਾਂ ਨੂੰ ਮੁਖ਼ਾਤਿਬ ਹੁੰਦੀਆਂ ਹਨ। ਇਹ ਪਰੰਪਰਾਵਾਂ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਦੀਆਂ ਪ੍ਰਤੀਕ ਹਨ ਅਤੇ ਇਨ੍ਹਾਂ ਨੂੰ ਸੰਭਾਲਣ ਤੇ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਅਜਿਹੇ ਸਮਾਗਮ ਅਹਿਮ ਭੂਮਿਕਾ ਨਿਭਾਉਂਦੇ ਹਨ।

ਸਮਾਗਮ ਦੇ ਵਿਸ਼ੇਸ਼ ਮਹਿਮਾਨ ਅਤੇ ਡੀਨ ਅਕਾਦਮਿਕ ਮਾਮਲੇ ਪ੍ਰੋ. (ਡਾ.) ਸੁਖਵਿੰਦਰ ਸਿੰਘ ਬਿਲਿੰਗ ਨੇ ਸਮਾਗਮ ਅਤੇ ਸੰਗੀਤ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਵਿਸ਼ੇਸ਼ ਲੈਕਚਰ ਲੜੀ ਲਈ ਸਹਿਯੋਗ ਦੇਣ ਵਾਸਤੇ ਸ. ਬਲਜਿੰਦਰ ਸਿੰਘ ਭੁੱਲਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਨਵੀਂ ਪੀੜ੍ਹੀ ਦੇ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੂੰ ਸਿੱਖ ਪਰੰਪਰਾ ਦੀਆਂ ਅਨਮੋਲ ਗਾਇਨ-ਸ਼ੈਲੀਆਂ ਨਾਲ ਜੋੜਨਾ ਸਮੇਂ ਦੀ ਵੱਡੀ ਲੋੜ ਹੈ। ਸਮਾਗਮ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਭਾਈ ਜਸਬੀਰ ਸਿੰਘ ਮੋਹਲੇਕੇ ਦੇ ਹਜ਼ੂਰੀ ਢਾਡੀ ਜਥੇ ਨੇ ਸਿੱਖ ਇਤਿਹਾਸ ਦੀਆਂ ਗੌਰਵਮਈ ਘਟਨਾਵਾਂ, ਕੁਰਬਾਨੀਆਂ ਅਤੇ ਸੂਰਬੀਰਤਾ ਦੀਆਂ ਗਾਥਾਵਾਂ ਪੇਸ਼ ਕਰਕੇ ਸਰੋਤਿਆਂ ਨੂੰ ਇਤਿਹਾਸਕ ਵਿਰਸੇ ਨਾਲ ਜੋੜਿਆ। ਇਸ ਮੌਕੇ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਕਵੀਸ਼ਰੀ ਗਾਇਨ ਦੀ ਪੇਸ਼ਕਾਰੀ ਵੀ ਕੀਤੀ ਗਈ।

ਇਸ ਉਪਰੰਤ ਸੰਗੀਤ ਵਿਭਾਗ ਦੇ ਮੁਖੀ ਪ੍ਰੋ. ਹਰਪ੍ਰੀਤ ਸਿੰਘ ਨੇ ਕਿਹਾ ਕਿ ਵਾਰ ਅਤੇ ਕਵੀਸ਼ਰੀ ਪੰਜਾਬ ਦੀਆਂ ਅਮੀਰ ਲੋਕ-ਗਾਇਨ ਪਰੰਪਰਾਵਾਂ ਦੇ ਅਨਿੱਖੜਵੇਂ ਅੰਗ ਹਨ। ਵਾਰ ਰਾਹੀਂ ਇਤਿਹਾਸਕ ਘਟਨਾਵਾਂ, ਸੂਰਬੀਰਤਾ, ਕੁਰਬਾਨੀਆਂ ਅਤੇ ਬਹਾਦਰੀ ਦੀਆਂ ਗਾਥਾਵਾਂ ਨੂੰ ਸੰਗੀਤਕ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ, ਜਦਕਿ ਕਵੀਸ਼ਰੀ ਛੰਦਬੱਧ ਕਾਵਿ ਨੂੰ ਜੋਸ਼ੀਲੀ ਅਤੇ ਪ੍ਰਭਾਵਸ਼ਾਲੀ ਆਵਾਜ਼ ਵਿੱਚ ਪੇਸ਼ ਕਰਨ ਦੀ ਵਿਲੱਖਣ ਗਾਇਨ-ਸ਼ੈਲੀ ਹੈ। ਉਨ੍ਹਾਂ ਨੇ ਵਾਈਸ ਚਾਂਸਲਰ ਪ੍ਰੋ. (ਡਾ.) ਪਰਿਤ ਪਾਲ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਯੂਨੀਵਰਸਿਟੀ ਵੱਲੋਂ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਕਲਾ, ਸੱਭਿਆਚਾਰ ਅਤੇ ਵਿਰਾਸਤ ਨਾਲ ਸਬੰਧਤ ਗਤੀਵਿਧੀਆਂ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਭਵਿੱਖ ਵਿੱਚ ਵੀ ਇਸ ਲੈਕਚਰ ਲੜੀ ਨੂੰ ਜਾਰੀ ਰੱਖਣ ਦੀ ਵਚਨਬੱਧਤਾ ਪ੍ਰਗਟਾਈ। ਉਨ੍ਹਾਂ ਅਨੁਸਾਰ, ਇਸ ਲੜੀ ਤਹਿਤ ਵਾਰ ਅਤੇ ਕਵੀਸ਼ਰੀ ਦੀ ਪਰੰਪਰਾ ਦੇ ਸਿਧਾਂਤਕ, ਇਤਿਹਾਸਕ ਅਤੇ ਸਾਹਿਤਕ ਪੱਖਾਂ ਨਾਲ ਸਬੰਧਤ ਵਿਸ਼ਿਆਂ ਨੂੰ ਸ਼ਾਮਲ ਕੀਤਾ ਜਾਵੇਗਾ।

ਇਸ ਮੌਕੇ ਡੀਨ ਭਲਾਈ ਵਿਭਾਗ ਡਾ. ਸਿਕੰਦਰ ਸਿੰਘ, ਡਿਪਟੀ ਰਜਿਸਟਰਾਰ ਸ. ਜਗਜੀਤ ਸਿੰਘ, ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਵਰਿੰਦਰ ਸਿੰਘ ਭੁੱਲਰ ਸਮੇਤ ਵੱਖ-ਵੱਖ ਵਿਭਾਗਾਂ ਦੇ ਪ੍ਰੋਫੈਸਰ ਸਾਹਿਬਾਨ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ। ਸੰਗੀਤ ਵਿਭਾਗ ਦੇ ਮੁਖੀ ਪ੍ਰੋ. ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਵਿਭਾਗ ਦੇ ਅਧਿਆਪਕਾਂ ਪ੍ਰੋ. ਰਵਿੰਦਰ ਕੌਰ, ਪ੍ਰੋ. ਸ਼ਬਨਮ, ਪ੍ਰੋ. ਲਖਵਿੰਦਰ ਕੌਰ ਅਤੇ ਸ੍ਰੀ ਜਸਪ੍ਰੀਤ ਸਿੰਘ (ਤਬਲਾ ਵਾਦਕ) ਨੇ ਪ੍ਰੋਗਰਾਮ ਦੀ ਯੋਜਨਾਬੰਦੀ, ਪ੍ਰਬੰਧਾਂ ਅਤੇ ਵਿਦਿਆਰਥੀਆਂ ਦੀ ਤਿਆਰੀ ਵਿੱਚ ਅਹਿਮ ਸਹਿਯੋਗ ਦਿੱਤਾ। ਅੰਤ ਵਿੱਚ ਸੰਗੀਤ ਵਿਭਾਗ ਦੇ ਮੁਖੀ ਪ੍ਰੋ. ਹਰਪ੍ਰੀਤ ਸਿੰਘ ਨੇ ਸਮਾਗਮ ਵਿੱਚ ਸ਼ਾਮਲ ਸਮੂਹ ਵਿਦਵਾਨਾਂ, ਮਹਿਮਾਨਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ।

Exit mobile version