ਇਸਲਾਮਾਬਾਦ, 21 ਅਗਸਤ, 2026 (ਹਰਸ਼ਪ੍ਰੀਤ ਕੌਰ) : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (PTI) ਦੇ ਸੰਸਥਾਪਕ ਇਮਰਾਨ ਖਾਨ ਨੂੰ ਹਸਪਤਾਲ ਵਿੱਚ ਥੋੜ੍ਹੇ ਸਮੇਂ ਦੀ ਮੈਡੀਕਲ ਜਾਂਚ ਤੋਂ ਬਾਅਦ ਮੁੜ ਜੇਲ੍ਹ ਭੇਜ ਦਿੱਤਾ ਗਿਆ ਹੈ। 73 ਸਾਲਾ ਇਮਰਾਨ ਖਾਨ ਨੂੰ ਸ਼ੁੱਕਰਵਾਰ ਤੜਕੇ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ਤੋਂ ਇਸਲਾਮਾਬਾਦ ਸਥਿਤ ਸਰਕਾਰੀ PIMS ਹਸਪਤਾਲ ਲਿਜਾਇਆ ਗਿਆ ਸੀ। ਉੱਥੇ ਮਾਹਿਰ ਡਾਕਟਰਾਂ ਦੀ ਟੀਮ ਨੇ ਉਨ੍ਹਾਂ ਦੀ ਸਿਹਤ ਦੀ ਜਾਂਚ ਕੀਤੀ। ਪਾਕਿਸਤਾਨ ਦੇ ਸੂਚਨਾ ਮੰਤਰੀ ਅਤਾਉੱਲਾਹ ਤਰਾਰ ਮੁਤਾਬਕ ਇਮਰਾਨ ਖਾਨ ਦੀ ਜਾਂਚ ਕਰਨ ਵਾਲੀ ਟੀਮ ਵਿੱਚ ਕਾਰਡੀਓਲੋਜਿਸਟ, ਅੱਖਾਂ ਦੇ ਮਾਹਿਰ ਅਤੇ ਇੱਕ ਫਿਜ਼ੀਸ਼ੀਅਨ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਡਾਕਟਰਾਂ ਨੇ ਇਮਰਾਨ ਖਾਨ ਨੂੰ ਮੈਡੀਕਲੀ ਫਿਟ ਕਰਾਰ ਦਿੱਤਾ।
ਇਮਰਾਨ ਖਾਨ ਨੂੰ ਪਹਿਲਾਂ ਨਿੱਜੀ ਸ਼ਿਫਾ ਇੰਟਰਨੈਸ਼ਨਲ ਹਸਪਤਾਲ ਲਿਜਾਣ ਦੀ ਤਿਆਰੀ ਸੀ, ਪਰ ਸਰਕਾਰ ਮੁਤਾਬਕ PTI ਵਰਕਰਾਂ ਵੱਲੋਂ ਪੈਦਾ ਕੀਤੀ ਗਈ ਸੁਰੱਖਿਆ ਸਥਿਤੀ ਕਾਰਨ ਉਨ੍ਹਾਂ ਨੂੰ PIMS ਲਿਜਾਇਆ ਗਿਆ। ਇਸ ਤੋਂ ਪਹਿਲਾਂ ਸ਼ਿਫਾ ਹਸਪਤਾਲ ਦੇ ਆਲੇ-ਦੁਆਲੇ ਸੁਰੱਖਿਆ ਵੀ ਵਧਾ ਦਿੱਤੀ ਗਈ ਸੀ। ਇਮਰਾਨ ਖਾਨ ਦੀ ਭੈਣ ਉਜ਼ਮਾ ਖਾਨ ਵੀ ਉਨ੍ਹਾਂ ਦੇ ਹਸਪਤਾਲ ਦੌਰੇ ਦੌਰਾਨ ਮੌਜੂਦ ਰਹੀ। ਇਹ ਮੈਡੀਕਲ ਜਾਂਚ ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਉਸ ਹੁਕਮ ਤੋਂ ਬਾਅਦ ਹੋਈ, ਜਿਸ ਵਿੱਚ ਅਧਿਕਾਰੀਆਂ ਨੂੰ ਇਮਰਾਨ ਖਾਨ ਨੂੰ ਦੋ ਦਿਨਾਂ ਦੇ ਅੰਦਰ ਹਸਪਤਾਲ ਲਿਜਾਣ ਅਤੇ ਇੱਕ ਸੁਤੰਤਰ ਮੈਡੀਕਲ ਬੋਰਡ ਤੋਂ ਉਨ੍ਹਾਂ ਦੀ ਸਿਹਤ ਦੀ ਜਾਂਚ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਸਨ।
ਇਸ ਤੋਂ ਪਹਿਲਾਂ ਜੇਲ੍ਹ ਅਧਿਕਾਰੀਆਂ ਦੀ ਰਿਪੋਰਟ ਵਿੱਚ ਇਮਰਾਨ ਖਾਨ ਦੇ ਬਲੱਡ ਪ੍ਰੈਸ਼ਰ ਵਿੱਚ ਉਤਾਰ-ਚੜ੍ਹਾਅ ਅਤੇ ਪਰਿਵਾਰ ਨਾਲ ਸੰਪਰਕ ਸੀਮਤ ਹੋਣ ਕਾਰਨ ਚਿੰਤਾ ਦਾ ਜ਼ਿਕਰ ਕੀਤਾ ਗਿਆ ਸੀ। ਸਰਕਾਰ ਨੇ ਸੁਪਰੀਮ ਕੋਰਟ ਦੇ ਹਸਪਤਾਲ ਤਬਦੀਲੀ ਵਾਲੇ ਹੁਕਮ ਨੂੰ ਚੁਣੌਤੀ ਵੀ ਦਿੱਤੀ ਸੀ। ਹਾਲਾਂਕਿ, ਇਮਰਾਨ ਖਾਨ ਨੂੰ ਹਸਪਤਾਲ ਲਿਜਾਣ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਮੈਡੀਕਲ ਜਾਂਚ ਕਰਵਾਈ ਗਈ ਅਤੇ ਹੁਣ ਉਨ੍ਹਾਂ ਨੂੰ ਮੁੜ ਜੇਲ੍ਹ ਭੇਜ ਦਿੱਤਾ ਗਿਆ ਹੈ।






