ਪਤੀ ਦੀ ਮੌਤ ਤੋਂ ਕੁਝ ਹਫ਼ਤੇ ਪਹਿਲਾਂ ਉਨ੍ਹਾਂ ਨੇ ਘਰ ਬੈਠ ਕੇ ਦੇਖੀ ਸੀ ਅਰਦਾਸ, ਪਤਨੀ ਨੂੰ ਕਿਹਾ ਸੀ- ਮੈਨੂੰ ਤੁਹਾਡੇ ’ਤੇ ਮਾਣ ਹੈ
ਅਮਰੀਕਾ , 10 ਨਵੰਬਰ, 2026 (ਸ਼ਹੀਦ-ਏ-ਆਜ਼ਮ-ਬਿਊਰੋ ) : ਅਮਰੀਕਾ ਵਿੱਚ ਭਾਰਤੀ ਮੂਲ ਦੀ ਸਿੱਖ ਮਹਿਲਾ ਅਤੇ ਨਿਆਂ ਵਿਭਾਗ ਦੀ ਸਾਬਕਾ ਅਧਿਕਾਰੀ ਹਰਮੀਤ ਕੌਰ ਢਿੱਲੋਂ ਨੇ 2024 ਦੀ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ (RNC) ਦੌਰਾਨ ਸਿੱਖ ਧਰਮ ਦੀ ਅਰਦਾਸ ਕਰਨ ’ਤੇ ਹੋਈ ਆਲੋਚਨਾ ਬਾਰੇ ਲਗਭਗ ਦੋ ਸਾਲ ਬਾਅਦ ਆਪਣੀ ਚੁੱਪੀ ਤੋੜੀ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਧਰਮ ਅਤੇ ਧਾਰਮਿਕ ਪਛਾਣ ਨੂੰ ਕਿਸੇ ਵੀ ਹਾਲਤ ਵਿੱਚ ਲੁਕਾਉਣ ਲਈ ਤਿਆਰ ਨਹੀਂ ਹਨ। ਢਿੱਲੋਂ ਨੇ ਭਾਵੁਕ ਖੁਲਾਸਾ ਕਰਦਿਆਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਰਿਪਬਲਿਕਨ ਪਾਰਟੀ ਦੇ ਇਸ ਵੱਡੇ ਸਿਆਸੀ ਸੰਮੇਲਨ ਵਿੱਚ ਸਿੱਖ ਮਰਿਆਦਾ ਅਨੁਸਾਰ ਅਰਦਾਸ ਕੀਤੀ ਸੀ ਤਾਂ ਉਨ੍ਹਾਂ ਦੇ ਪਤੀ ਘਰ ਬੈਠ ਕੇ ਇਹ ਦ੍ਰਿਸ਼ ਦੇਖ ਰਹੇ ਸਨ। ਉਨ੍ਹਾਂ ਦੇ ਪਤੀ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਸਨ, ਜਿਸ ਕਾਰਨ ਉਹ ਸੰਮੇਲਨ ਵਿੱਚ ਉਨ੍ਹਾਂ ਨਾਲ ਨਹੀਂ ਜਾ ਸਕੇ। ਪਤੀ ਦੀ ਮੌਤ ਤੋਂ ਕੁਝ ਹਫ਼ਤੇ ਪਹਿਲਾਂ ਹੋਏ ਆਖਰੀ ਸੰਦੇਸ਼ਾਂ ਵਿੱਚੋਂ ਇੱਕ ਵਿੱਚ ਉਨ੍ਹਾਂ ਨੇ ਆਪਣੀ ਪਤਨੀ ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਉਸ ’ਤੇ ਬਹੁਤ ਮਾਣ ਹੈ।
ਹਰਮੀਤ ਕੌਰ ਢਿੱਲੋਂ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੱਕ ਇਸ ਮਾਮਲੇ ’ਤੇ ਇਸ ਲਈ ਨਹੀਂ ਬੋਲੇ ਕਿਉਂਕਿ ਉਹ ਡੋਨਾਲਡ ਟਰੰਪ ਦੀ ਰਾਸ਼ਟਰਪਤੀ ਚੋਣ ਮੁਹਿੰਮ, ਆਪਣੀ ਨਿਯੁਕਤੀ ਦੀ ਪੁਸ਼ਟੀ ਦੀ ਪ੍ਰਕਿਰਿਆ ਅਤੇ ਪ੍ਰਸ਼ਾਸਨ ਵਿੱਚ ਮਿਲੀ ਜ਼ਿੰਮੇਵਾਰੀ ਨਾਲ ਜੁੜੇ ਹੋਏ ਸਨ। ਹੁਣ 5 ਨਵੰਬਰ ਨੂੰ ਅਮਰੀਕੀ ਨਿਆਂ ਵਿਭਾਗ ਦੇ ਸਿਵਲ ਰਾਈਟਸ ਡਿਵੀਜ਼ਨ ਦੇ ਮੁਖੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਮਗਰੋਂ ਉਨ੍ਹਾਂ ਨੇ ਆਪਣਾ ਪੱਖ ਜਨਤਕ ਕੀਤਾ ਹੈ। ਉਨ੍ਹਾਂ ਨੇ ਧਾਰਮਿਕ ਅਰਦਾਸ ਨੂੰ ਲੈ ਕੇ ਟਿੱਪਣੀਆਂ ਕਰਨ ਵਾਲਿਆਂ ਨੂੰ ਜਵਾਬ ਦਿੰਦਿਆਂ ਕਿਹਾ ਕਿ ਆਲੋਚਕਾਂ ਨੂੰ ਉਨ੍ਹਾਂ ਦੇ ਧਰਮ ’ਤੇ ਸਵਾਲ ਚੁੱਕਣ ਦੀ ਬਜਾਏ ਧਾਰਮਿਕ ਆਜ਼ਾਦੀ ਲਈ ਪਿਛਲੇ 34 ਸਾਲਾਂ ਦੌਰਾਨ ਕੀਤੇ ਕੰਮਾਂ ਨੂੰ ਦੇਖਣਾ ਚਾਹੀਦਾ ਹੈ। ਉਨ੍ਹਾਂ ਅਮਰੀਕੀ ਸੰਵਿਧਾਨ ਦੀ ਪਹਿਲੀ ਸੋਧ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਹਰ ਨਾਗਰਿਕ ਨੂੰ ਆਪਣੇ ਧਰਮ ਦੀ ਪਾਲਣਾ ਕਰਨ ਦੀ ਆਜ਼ਾਦੀ ਦਿੰਦੀ ਹੈ।
ਢਿੱਲੋਂ ਨੇ ਸਪੱਸ਼ਟ ਕੀਤਾ ਕਿ ਉਹ ਆਪਣੀ ਬਾਕੀ ਜ਼ਿੰਦਗੀ ਵੀ ਧਾਰਮਿਕ ਆਜ਼ਾਦੀ ਦੀ ਰਾਖੀ ਲਈ ਕੰਮ ਕਰਦੀਆਂ ਰਹਿਣਗੀਆਂ। ਉਨ੍ਹਾਂ ਦੀ ਇਹ ਟਿੱਪਣੀ ਅਮਰੀਕਾ ਵਿੱਚ ਸਿੱਖ ਭਾਈਚਾਰੇ ਦੀ ਪਛਾਣ, ਧਾਰਮਿਕ ਅਧਿਕਾਰਾਂ ਅਤੇ ਰਾਜਨੀਤਿਕ ਖੇਤਰ ਵਿੱਚ ਘੱਟ ਗਿਣਤੀ ਭਾਈਚਾਰਿਆਂ ਦੀ ਨੁਮਾਇੰਦਗੀ ਬਾਰੇ ਨਵੀਂ ਚਰਚਾ ਦਾ ਕਾਰਨ ਬਣੀ ਹੈ। ਦੱਸਣਯੋਗ ਹੈ ਕਿ ਹਰਮੀਤ ਕੌਰ ਢਿੱਲੋਂ ਦੇ ਅਸਤੀਫ਼ੇ ਤੋਂ ਬਾਅਦ 6 ਨਵੰਬਰ ਨੂੰ ਨਿਆਂ ਵਿਭਾਗ ਦੇ ਦੋ ਹੋਰ ਸੀਨੀਅਰ ਅਧਿਕਾਰੀਆਂ ਜੌਨ ਆਇਜ਼ਨਬਰਗ ਅਤੇ ਜੇਸਨ ਰੈਡਿੰਗ ਕਿਊਨੋਨਸ ਦੇ ਅਸਤੀਫ਼ਿਆਂ ਨਾਲ ਵਿਭਾਗ ਵਿੱਚ ਪ੍ਰਸ਼ਾਸਨਿਕ ਤਬਦੀਲੀਆਂ ਦਾ ਦੌਰ ਵੀ ਸ਼ੁਰੂ ਹੋ ਗਿਆ।
