ਵਾਸ਼ਿੰਗਟਨ:13ਜੁਲਾਈ (ਛਤਰਪਾਲ ਸਿੰਘ):ਅਮਰੀਕਾ ਦੇ ਜਾਰਜੀਆ ਰਾਜ ਵਿੱਚ ਇਕ ਦਰਦਨਾਕ ਘਰੇਲੂ ਹਿੰਸਾ ਦੀ ਘਟਨਾ ਸਾਹਮਣੇ ਆਈ ਹੈ, ਜਿੱਥੇ 57 ਸਾਲਾ ਭਾਰਤੀ-ਅਮਰੀਕੀ ਮਹਿਲਾ ਸ਼ੀਤਲ ਰਿਜ਼ੇਨ ਦੀ ਕਥਿਤ ਤੌਰ ‘ਤੇ ਉਸਦੇ ਪਤੀ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਦੌਰਾਨ ਜੋੜੇ ਦਾ 23 ਸਾਲਾ ਪੁੱਤਰ ਵੀ ਗੋਲੀਆਂ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ।
ਪੁਲਿਸ ਮੁਤਾਬਕ ਇਹ ਘਟਨਾ ਕੋਬ ਕਾਊਂਟੀ ਦੇ ਸਮਿਰਨਾ ਸ਼ਹਿਰ ਵਿੱਚ ਲੌਰੇਲ ਕ੍ਰੀਕ ਟ੍ਰੇਲ ਸਥਿਤ ਪਰਿਵਾਰਕ ਘਰ ਵਿੱਚ ਵਾਪਰੀ। ਗੋਲੀਬਾਰੀ ਦੀ ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੇ ਅਧਿਕਾਰੀਆਂ ਨੂੰ ਸ਼ੀਤਲ ਘਰ ਦੇ ਅੰਦਰ ਮ੍ਰਿਤਕ ਮਿਲੀ, ਜਦਕਿ ਪੁੱਤਰ ਜੇਸਨ ਘਰ ਦੇ ਬਾਹਰ ਜ਼ਖ਼ਮੀ ਹਾਲਤ ਵਿੱਚ ਪਿਆ ਸੀ। ਉਸ ਨੂੰ ਤੁਰੰਤ ਹਸਪਤਾਲ ਭੇਜਿਆ ਗਿਆ।
ਪੁਲਿਸ ਨੇ ਮੌਕੇ ਤੋਂ ਹੀ 56 ਸਾਲਾ ਕਿਰਕ ਬੀ. ਰਿਜ਼ੇਨ ਨੂੰ ਹਿਰਾਸਤ ਵਿੱਚ ਲੈ ਲਿਆ। ਉਸ ‘ਤੇ ਫੈਲੋਨੀ ਮਰਡਰ, ਗੰਭੀਰ ਹਮਲੇ ਅਤੇ ਹਥਿਆਰ ਨਾਲ ਸੰਬੰਧਿਤ ਕਈ ਦੋਸ਼ ਲਗਾਏ ਗਏ ਹਨ। ਮੁਲਜ਼ਮ ਇਸ ਵੇਲੇ ਕੋਬ ਕਾਊਂਟੀ ਐਡਲਟ ਡਿਟੈਨਸ਼ਨ ਸੈਂਟਰ ਵਿੱਚ ਬਿਨਾਂ ਜ਼ਮਾਨਤ ਦੇ ਬੰਦ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਗੋਲੀਬਾਰੀ ਦੇ ਕਾਰਨਾਂ ਬਾਰੇ ਅਜੇ ਤੱਕ ਕੋਈ ਅਧਿਕਾਰਕ ਜਾਣਕਾਰੀ ਸਾਹਮਣੇ ਨਹੀਂ ਆਈ। ਪੁਲਿਸ ਦਾ ਕਹਿਣਾ ਹੈ ਕਿ ਘਟਨਾ ਤੋਂ ਬਾਅਦ ਆਮ ਲੋਕਾਂ ਲਈ ਕਿਸੇ ਤਰ੍ਹਾਂ ਦਾ ਕੋਈ ਖ਼ਤਰਾ ਨਹੀਂ ਹੈ।








